ਜਮਹੂਰੀ ਅਧਿਕਾਰ ਸੰਗਠਨ ‘ ਜਨਹਸਤਕਸ਼ੇਪ ’ ਦੇ ਤਿੰਨ ਮੈਂਬਰੀ ਵਫਦ ਵਲੋਂ ਜ਼ਿਲ੍ਹਾ ਸੰਗਰੂਰ ਦਾ ਦੌਰਾ
ਦਲਿਤਾਂ ਦੁਆਰਾ ਚਲਾਏ ਜਾ ਰਹੇ ਜ਼ਮੀਨ ਦੇ ਸੰਘਰਸ਼ ਨੂੰ ਕੁਚਲਣਾ ਚਾਹੁੰਦੀ ਹੈ ਪੰਜਾਬ ਸਰਕਾਰ –ਜਨਹਸਤਕਸ਼ੇਪ
ਸੰਗਰੂਰ, 31 ਮਈ (ਵਰਲਡ ਪੰਜਾਬੀ ਟਾਈਮਜ਼)
ਦਿੱਲੀ ਸਥਿਤ ਜਮਹੂਰੀ ਅਧਿਕਾਰ ਸੰਗਠਨ ‘ਜਨਹਸਤਕਸ਼ੇਪ ਦੇ ਤਿੰਨ ਮੈਂਬਰੀ ਵਫ਼ਦ ਨੇ ਸੰਗਰੂਰ ਨੇੜਲੇ ਬੇਚਿਰਾਗ ਪਿੰਡ ਵਿੱਚ ਰਿਆਸਤ ਜੀਂਦ ਦੀ ਜ਼ਮੀਨ ਉਪਰ ਬੇਗਮਪੁਰਾ ਵਸਾਉਣ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੁੱਜ ਰਹੇ ਦਲਿਤ ਮਜ਼ਦੂਰਾਂ ਅਤੇ ਔਰਤਾਂ ਨੂੰ ਪੁਲੀਸ ਵੱਲੋਂ ਫੜ ਕੇ ਜੇਲ੍ਹਾਂ ਵਿੱਚ ਬੰਦ ਕਰਨ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਤੱਥ ਇਕੱਠੇ ਕੀਤੇ ਗਏ ਹਨ। ਇਸ ਵਫ਼ਦ ਵਿੱਚ ਸੰਗਠਨ ਦੇ ਕਨਵੀਨਰ ਡਾ. ਵਿਕਾਸ ਵਾਜਪਾਈ ਪ੍ਰੋ. ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ, ਸਹਿ-ਕਨਵੀਨਰ ਤੇ ਸੀਨੀਅਰ ਪੱਤਰਕਾਰ ਅਨਿਲ ਦੂਬੇ ਅਤੇ ਕੋਰ ਕਮੇਟੀ ਮੈਂਬਰ ਤੇ ਪੱਤਰਕਾਰ ਅਫ਼ਜ਼ਲ ਇਮਾਮ ਸ਼ਾਮਲ ਸਨ।
ਇੱਥੇ ਗ਼ਦਰ ਮੈਮੋਰੀਅਲ ਭਵਨ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ‘ਜਨਹਸਤਕਸ਼ੇਪ ਦੇ ਕਨਵੀਨਰ ਡਾ. ਵਿਕਾਸ ਵਾਜਪਾਈ ਅਤੇ ਸਹਿ ਕਨਵੀਨਰ ਤੇ ਸੀਨੀਅਰ ਪੱਤਰਕਾਰ ਅਨਿਲ ਦੂਬੇ ਨੇ ਦੱਸਿਆ ਕਿ ਦਿੱਲੀ ਪੁੱਜਣ ਤੋਂ ਬਾਅਦ ਵਫ਼ਦ ਇਸ ਦੌਰੇ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਰੱਖੀਆਂ ਗਈਆਂ ਜਾਇਜ਼ ਮੰਗਾਂ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਪ੍ਰਸ਼ਾਸਨ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਕਿ ਪੂਰੀ ਜ਼ਮੀਨ ਅਦਾਲਤ ਵਿੱਚ ਵਿਵਾਦ ਅਧੀਨ ਹੈ ਅਤੇ ਅਦਾਲਤ ਦੀ ਸਟੇਅ ਹੈ ਜਦੋਂਕਿ ਜ਼ਮੀਨ ਦੇ ਕੁੱਝ ਹਿੱਸੇ ਬਾਰੇ ਅਜਿਹਾ ਹੁਕਮ ਹੈ ਅਤੇ ਬਾਕੀ ਜ਼ਮੀਨ ‘ਤੇ ਕੋਈ ਰੋਕ ਲਾਗੂ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ‘ਆਪ’ ਸਰਕਾਰ ਨਾ ਸਿਰਫ਼ ਦਲਿਤਾਂ ਵੱਲੋਂ ਚਲਾਏ ਜਾ ਰਹੇ ਜ਼ਮੀਨ ਦੇ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ ਸਗੋਂ ਉਨ੍ਹਾਂ ਨੂੰ ਆਪਣੇ ਰਾਜਨੀਤਕ ਪ੍ਰਭਾਵ ਨੂੰ ਵਧਾਉਣ ਲਈ ਸਿਰਫ਼ ਮੋਹਰਿਆਂ ਵਜੋਂ ਵਰਤ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸ਼ਾਦੀਹਰੀ ਅਤੇ ਜਲੂਰ ਦੀ ਜੇਲ੍ਹ ਤੋਂ ਰਿਹਾਅ ਹੋਏ ਵਿਅਕਤੀਆਂ ਅਨੁਸਾਰ ਪੁਲੀਸ ਡਰ ਪੈਦਾ ਕਰ ਕੇ ਉਨ੍ਹਾਂ ਨੂੰ ਸੰਘਰਸ਼ ਵਿਚ ਹਿੱਸਾ ਲੈਣ ਤੋਂ ਰੋਕ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਪ ਸਰਕਾਰ ਕੇਂਦਰ ਨਾਲ ਮਿਲ ਕੇ ਕਾਰਪੋਰੇਟ ਏਜੰਡੇ ਨੂੰ ਅੱਗੇ ਵਧਾ ਰਹੀ ਹੈ ਜਿਸਦਾ ਮਕਸਦ ਪੰਜਾਬ ਵਿਚ ਸੰਘਰਸ਼ਸ਼ੀਲ ਤਾਕਤਾਂ ਨੂੰ ਕੁਚਲਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸੰਗਠਨ ਮੰਗ ਕਰਦਾ ਹੈ। ਕਿ 20 ਮਈ ਨੂੰ ਗ੍ਰਿਫਤਾਰ ਕੀਤੇ ਸਾਰੇ ਵਿਅਕਤੀਆਂ ਨੂੰ ਰਿਹਾਅ ਕੀਤਾ ਜਾਵੇ, ਧਾਰਾ 107/151 ਵਾਪਸ ਲਈ ਜਾਵੇ, ਜ਼ਮੀਨ ਦਲਿਤਾਂ ਵਿਚ ਵੰਡਣ ਲਈ ਕਦਮ ਚੁੱਕੇ ਜਾਣ ਅਤੇ ਪੰਜਾਬ ਵਿੱਚ ਵਾਧੂ ਜ਼ਮੀਨ ਦੀ ਮਾਤਰਾ ਅਤੇ ਉਸ ਉਪਰ ਕਬਜ਼ਾ ਕਰਨ ਵਾਲਿਆਂ ਦੇ ਨਾਮ ਜਨਤਕ ਕੀਤੇ ਜਾਣ।