ਕੋਟਕਪੂਰਾ, 16 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਜੇਪੀ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਪ੍ਰਚਾਰ ਅੱਜ ਰਸਮੀ ਤੌਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਸਿਆਸੀ ਤੌਰ ‘ਤੇ ਇਤਿਹਾਸਕ ਮਹੱਤਤਾ ਰੱਖਣ ਵਾਲੇ ਜ਼ਿਲ੍ਹਾ ਮੋਗਾ ਦੇ ਪਿੰਡ ਕਿਲੀ ਚਾਹਲਾਂ ਦੀ ਧਰਤੀ ਇੱਕ ਵਾਰ ਫਿਰ ਇਤਿਹਾਸ ਦੀ ਗਵਾਹ ਬਣੀ। ਅੱਜ ਪ੍ਰੈੱਸ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਬੀਜੇਪੀ ਨੇ ਆਪਣੇ ਦਮਖਮ ‘ਤੇ ਇੰਨਾ ਵੱਡਾ ਇਕੱਠ ਕਰਕੇ ਪੰਜਾਬ ਵਿੱਚ ਆਪਣੀ ਮਜ਼ਬੂਤ ਪੈਂਠ ਦਾ ਦਾਅਵਾ ਕੀਤਾ। ਦੇਸ਼ ਦੀ ਸਿਆਸਤ ਦੇ ਚਾਣਕਿਆ ਮੰਨੇ ਜਾਂਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣ ਨੇ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਸਿਆਸੀ ਆਕਸੀਜਨ ਪ੍ਰਦਾਨ ਕੀਤੀ। ਅਮਿਤ ਸ਼ਾਹ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੀਆਂ ਦੁਖਦਾਈ ਹਕੀਕਤਾਂ ਨੂੰ ਸਿਰਫ਼ ਉਚੇੜਨ ਦੀ ਬਜਾਏ ਉਨ੍ਹਾਂ ‘ਤੇ ਮਲ੍ਹਮ ਲਾਉਣ ਵਾਲੀ ਭਾਸ਼ਾ ਵਰਤੀ। ਨਸ਼ਿਆਂ, ਗੈਂਗਸਟਰਵਾਦ ਅਤੇ ਬੇਰੁਜ਼ਗਾਰੀ ਨਾਲ ਜੂਝਦੇ ਪੰਜਾਬ ਲਈ ਉਨ੍ਹਾਂ ਨੇ ਆਸ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ। ਇਸਦੇ ਨਾਲ ਹੀ ਧਰਮ ਪਰਿਵਰਤਨ ਦੇ ਮਾਮਲੇ ਨੂੰ ਛੇੜਦੇ ਹੋਏ ਸਮਾਜ ਵਿੱਚ ਪੈਦਾ ਹੋ ਰਹੀਆਂ ਵੰਡਾਂ ‘ਤੇ ਚਿੰਤਾ ਜਤਾਈ। ਹਿੰਦੂ-ਸਿੱਖ ਭਾਈਚਾਰੇ ਦੀ ਸਾਂਝੀ ਵਿਰਾਸਤ ਦੀ ਗੱਲ ਕਰਕੇ ਉਨ੍ਹਾਂ ਨੇ ਟੁੱਟ ਰਹੀ ਸਮਾਜਿਕ ਇਕਤਾ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਉਨਾ ਕਿਹਾ ਕਿ ਭਾਸ਼ਣ ਦੀ ਸ਼ੁਰੂਆਤ ਨਵੇਂ ਦੇਸੀ ਸਾਲ ਦੀ ਮੁਬਾਰਕਬਾਦ ਨਾਲ ਕਰਦੇ ਹੋਏ ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਜ਼ਿਕਰ ਕੀਤਾ, ਜਿਸ ਨਾਲ ਸਿੱਖ ਇਤਿਹਾਸ ‘ਤੇ ਉਨ੍ਹਾਂ ਦੀ ਪਕੜ ਦਰਸਾਉਣ ਦੀ ਕੋਸ਼ਿਸ਼ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਨ ਕੀਤਾ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਚਰਨਛੋਹ ਧਰਤੀ ਨਨਕਾਣਾ ਸਾਹਿਬ ਦਾ ਜ਼ਿਕਰ ਕਰਦੇ ਹੋਏ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਜ਼ਿਕਰ ਵੀ ਭਾਸ਼ਣ ਦਾ ਮਹੱਤਵਪੂਰਨ ਹਿੱਸਾ ਬਣਿਆ। ਜਸਪਾਲ ਪੰਜਗਰਾਈ ਨੇ ਕਿਹਾ ਕੇ ਸਿਆਸੀ ਪੱਖ ਤੋਂ ਸਭ ਤੋਂ ਵੱਡਾ ਸੰਦੇਸ਼ ਇਹ ਸੀ ਕਿ ਹੁਣ “ਛੋਟੇ ਭਰਾ” ਵਾਲੀ ਭੂਮਿਕਾ ਖਤਮ ਹੋ ਚੁੱਕੀ ਹੈ। ਬੀਜੇਪੀ ਹੁਣ ਆਪਣੇ ਦਮ ‘ਤੇ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਲੜਨ ਲਈ ਤਿਆਰ ਹੈ। ਇਹ ਵੀ ਇਤਿਹਾਸਕ ਗੱਲ ਸੀ ਕਿ ਕਿਸੇ ਕੇਂਦਰੀ ਬੀਜੇਪੀ ਨੇਤਾ ਨੇ ਖੁੱਲ੍ਹੇ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਦਾ ਸੰਕੇਤ ਦਿੱਤਾ। ਇਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਪੁਰਾਣਾ ਗਠਜੋੜ ਹੁਣ ਸਿਆਸੀ ਇਤਿਹਾਸ ਦਾ ਹਿੱਸਾ ਬਣਦਾ ਜਾ ਰਿਹਾ ਹੈ। ਪੰਜਾਬ ਵਿਚ ਨਸ਼ਿਆਂ ਅਤੇ ਗੈਂਗਸਟਰਵਾਦ ਦੇ ਖ਼ਿਲਾਫ਼ ਸਪੱਸ਼ਟ ਨੀਤੀ ਦੀ ਗੱਲ ਕਰਨਾ ਵੀ ਪੰਜਾਬੀਆਂ ਲਈ ਮਹੱਤਵਪੂਰਨ ਸੰਦੇਸ਼ ਸੀ। ਭਾਸ਼ਣ ਦੌਰਾਨ ਅਮਿਤ ਸ਼ਾਹ ਦੀ ਸਰੀਰਕ ਭਾਸ਼ਾ ਅਤੇ ਆਤਮਵਿਸ਼ਵਾਸ ਇਹ ਦਰਸਾ ਰਿਹਾ ਸੀ ਕਿ ਬੀਜੇਪੀ ਨੇ ਪੰਜਾਬ ਵਿੱਚ ਵੱਡਾ ਸਿਆਸੀ ਦਾਅ ਖੇਡਣ ਦਾ ਮਨ ਪੱਕਾ ਕਰ ਲਿਆ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਮਿਲੇ ਲਗਭਗ 19 ਫ਼ੀਸਦ ਵੋਟ ਹਿੱਸੇ ਨੂੰ ਕਈ ਸਿਆਸੀ ਮਾਹਿਰ “ਟ੍ਰੇਲਰ” ਦੱਸ ਰਹੇ ਸਨ। ਅੱਜ ਮੋਗਾ ਦੀ ਰੈਲੀ ਨੇ ਉਸ ਟ੍ਰੇਲਰ ਤੋਂ ਬਾਅਦ ਆਉਣ ਵਾਲੀ ਸਿਆਸੀ ਫਿਲਮ ਦਾ ਪਰਦਾ ਜਿਵੇਂ ਖੁਦ ਅਮਿਤ ਸ਼ਾਹ ਨੇ ਚੁੱਕ ਦਿੱਤਾ ਹੋਵੇ। ਖੈਰ ਅੱਜ ਪਿੰਡਾਂ ਦੀਆਂ ਸੱਥਾਂ ਵਿੱਚ ਹੋ ਰਹੀ ਚਰਚਾ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਬੀਜੇਪੀ ਲਈ ਇਹ ਸ਼ੁਰੂਆਤ ਸ਼ੁਭ ਸੰਕੇਤ ਮੰਨੀ ਜਾ ਰਹੀ ਹੈ। ਮੈਨੂੰ ਪੂਰਨ ਆਸ ਹੈ ਕਿ 2027 ਵਿੱਚ ਭਾਜਪਾ ਪੰਜਾਬ ਅੰਦਰ ਬਹੁਮੱਤ ਨਾਲ ਸਰਕਾਰ ਬਣਾਵੇਗੀ। ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਮੇਸ਼ਾਂ ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡਾਂ ਵਿੱਚ ਲੋਕਾ ਦੀ ਸੇਵਾ ਕਰਦਾ ਰਹਾਂਗਾ। ਇਸ ਸਮੇਂ ਨਸੀਬ ਸਿੰਘ ਔਲਖ, ਹਰਪ੍ਰੀਤ ਸਿੰਘ ਸਿੱਧੂ, ਵਕੀਲ ਸਿੰਘ, ਬਲਵਿੰਦਰ ਸਿੰਘ ਬਰਗਾੜੀ, ਗੁਰਮੀਤ ਸਿੰਘ ਰਾਮੇਆਣਾ, ਮਿੰਟੂ ਸਿੰਘ ਮੜ੍ਹਕ, ਜਗਤਾਰ ਸਿੰਘ, ਗੁਰਦਿੱਤ ਸਿੰਘ ਵਾੜਾ ਭਾਈਕਾ, ਲਖਬੀਰ ਸਿੰਘ ਢਿੱਲਵਾਂ, ਜਸਵਿੰਦਰ ਸਿੰਘ ਮੱਤਾ, ਗੁਰਾ ਸਿੰਘ ਸਰਾਵਾਂ, ਗੁਰਭੇਜ ਸਿੰਘ ਬਾਗ਼ੀਆਨਾ, ਦਵਿੰਦਰ ਸਿੰਘ ਸਿਵੀਂਆਂ, ਗੁਰਮੁਖ ਸਿੰਘ ਬੁਰਜ, ਜਤਿੰਦਰ ਸਿੰਘ ਰੰਧਾਵਾ ਆਦਿ ਵੀ ਹਾਜਰ ਸਨ।
