ਸਿਆਮ ਸੁੰਦਰ ਅਗਰਵਾਲ ਨੂੰ ‘ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ’
ਮਾਨਸਾ 5 ਅਗਸਤ (ਵਰਲਡ ਪੰਜਾਬੀ ਟਾਈਮਜ਼)
ਮਿੰਨੀ ਕਹਾਣੀ ਲੇਖਕ ਮੰਚ (ਰਜਿ.) ਅਤੇ ਅਦਾਰਾ ਤ੍ਰੈਮਾਸਿਕ ‘ਮਿੰਨੀ’ ਵੱਲੋਂ ਆਪਣੇ ਸਲਾਨਾ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ, ਜਨਰਲ ਸਕੱਤਰ ਜਗਦੀਸ਼ ਰਾਏ ਕੁਲਰੀਆਂ ਤੇ ਖਜ਼ਾਨਚੀ ਕੁਲਵਿੰਦਰ ਕੌਸ਼ਲ ਨੇ ਦੱਸਿਆ ਹੈ ਕਿ ਮੰਚ ਦੀ ਕਾਰਜਕਾਰਨੀ ਕਮੇਟੀ ਦੀ ਹੋਈ ਮੀਟਿੰਗ ਵਿਚ ਮਿੰਨੀ ਕਹਾਣੀ ਲੇਖਕਾਂ, ਆਲੋਚਕਾਂ ਅਤੇ ਸਹਿਯੋਗੀਆਂ ਲਈ ਸਲਾਨਾ ਪੁਰਸਕਾਰਾਂ ਦਾ ਫੈਸਲਾ ਕੀਤਾ ਗਿਆ ਹੈ। ਬਜ਼ੁਰਗ ਮਿੰਨੀ ਕਹਾਣੀ ਲੇਖਕ ਅਤੇ ‘ਮਿੰਨੀ’ ਦੇ ਸਾਬਕਾ ਸੰਪਾਦਕ ਸ਼੍ਰੀ ਸ਼ਿਆਮ ਸੁੰਦਰ ਅਗਰਵਾਲ ਨੂੰ ਮਿੰਨੀ ਕਹਾਣੀ ਦੇ ਖੇਤਰ ਵਿਚ ਬਤੌਰ ਲੇਖਕ, ਸੰਪਾਦਕ, ਅਨੁਵਾਦਕ ਤੇ ਸਮੁਚੇ ਜੀਵਨ ਦੌਰਾਨ ਮਿੰਨੀ ਕਹਾਣੀ ਲਈ ਕੀਤੇ ਜਥੇਬੰਦਕ ਕਾਰਜਾਂ ਕਰਕੇ ‘ਸ਼੍ਰੀ ਦਰਸ਼ਨ ਮਿਤਵਾ ਯਾਦਗਾਰੀ ਮਿੰਨੀ ਕਹਾਣੀ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਮਰੇਡ ਜਸਵੰਤ ਸਿੰਘ ਕਾਰ ਸ਼ਿੰਗਾਰ ਯਾਦਗਾਰੀ ਮਿੰਨੀ ਕਹਾਣੀ ਵਿਕਾਸ ਪੁਰਸਕਾਰ –ਰਾਜਿੰਦਰ ਮਾਜ਼ੀ ਸੰਪਾਦਕ ‘ਮੇਲਾ’, ਅਮਰਜੀਤ ਸਿੰਘ ਸਰੀਂਹ ਏ ਐਸ ਆਈ ਯਾਦਗਾਰੀ ਮਿੰਨੀ ਕਹਾਣੀ ਆਲੋਚਕ ਪੁਰਸਕਾਰ-ਡਾ. ਅਨੂਪ ਸਿੰਘ , ਗੁਲਸ਼ਨ ਰਾਏ ਯਾਦਗਾਰੀ ਮਿੰਨੀ ਕਹਾਣੀ ਪੁਸਤਕ ਪੁਰਸਕਾਰ-ਪ੍ਰੋ. ਗੁਰਦੀਪ ਢਿੱਲੋਂ, ਮਾਤਾ ਮਹਾਂਦੇਵੀ ਕੌਸ਼ਿਕ ਯਾਦਗਾਰੀ ਲਘੂਕਥਾ ਪੁਰਸਕਾਰ-ਸ਼੍ਰੀਮਤੀ ਕਾਂਤਾ ਰਾਏ ਭੋਪਾਲ, ਸ਼੍ਰੀ ਗੋਪਾਲ ਵਿੰਦਰ ਮਿੱਤਲ ਯਾਦਗਾਰੀ ਮਿੰਨੀ ਕਹਾਣੀ ਖੋਜ ਪੁਰਸਕਾਰ-ਡਾ. ਮਹਿਤਾਬ-ਉਦ-ਦੀਨ, ਸ਼੍ਰੀ ਰਾਜਿੰਦਰ ਕੁਮਾਰ ਨੀਟਾ ਯਾਦਗਾਰੀ ਮਿੰਨੀ ਕਹਾਣੀ ਯੁਵਾ ਲੇਖਕ ਪੁਰਸਕਾਰ-ਸੋਮਾਂ ਕਲਸੀਆਂ ਅਤੇ ਸ੍ਰ. ਗੁਰਬਚਨ ਸਿੰਘ ਕੋਹਲੀ ਯਾਦਗਾਰੀ ਮਿੰਨੀ ਕਹਾਣੀ ਸਹਿਯੋਗੀ ਪੁਰਸਕਾਰ-ਕੁਲਦੀਪ ਅਰੋੜਾ ਨੂੰ ਦਿੱਤਾ ਜਾਵੇਗਾ। ਮੰਚ ਵੱਲੋਂ ਇਹ ਪੁਰਸਕਾਰ ਮਿਤੀ 05-06 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ 30ਵੇਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਦੌਰਾਨ ਪ੍ਰਦਾਨ ਕੀਤੇ ਜਾਣਗੇ।