ਮੇਲਾ ਨਾਉ ਮਿਲਨੇ ਦਾ ਕਰੀ ਨਾ ਗੱਲ ਵੈਰ ਦੀ ਕੋਈ
ਦਿਲ ਦੀ ਫੁਲਵਾੜੀ ਚੋਂ ਤੂੰ ਵੰਡ ਪਿਆਰ ਭਰੀ ਖੁਸ਼ਬੋਈ
ਕੀ ਲੈਣਾ ਬਦੀਆਂ ਤੋਂ ਸਿੱਖ ਲੈ ਰੁਠੜੇ ਯਾਰ ਮਨਾਉਣੇ
ਖੁਸ਼ੀਆ ਦੇ ਪਲ ਸੱਜਣਾ ਇਹ ਮੁੜ ਮੁੜ ਨਹੀਂ ਆਉਣੇ
ਖੁਸ਼ੀ ਬਹੁਤ ਹੁੰਦੀ ਮੇਲੇ ਦੀ ਲੋਕੀ ਰਲ ਮਿਲ ਭੰਗੜੇ ਪਾਉਂਦੇ
ਮੇਲੇ ਜਗ ਜਿਉਂਦਿਆਂ ਦੇ ਮੁੜ ਕੇ ਨਾਲ ਸਬੱਬਾਂ ਆਉਂਦੇ
ਕਈ ਮੇਲੇ ਵਿੱਚ ਮਿਲ ਕੇ ਸਾਂਝੀ ਕਰ ਬਹਿੰਦੇ ਜਿੰਦਗਾਨੀ
ਦੋ ਘੜੀਆਂ ਦਾ ਮਿਲਣਾ ਗ਼ਮ ਦੇ ਬਣ ਜਾਂਦੇ ਹਮਸ਼ਾਨੀ
ਮੇਲਾ ਪ੍ਰਤੀਕ ਹੈ ਖੁਸ਼ੀਆਂ ਦਾ ਆਏ ਸਾਲ ਹੈ ਆਉਂਦਾ
ਪਤਾ ਨਹੀਂ ਆਉਂਦੇ ਸਾਲ ਨੂੰ ਕਿਹੜਾ ਮੁੱਖ ਛਪਾਉਂਦਾ
ਗੱਲਾਂ ਜਿੰਦਗੀ ਉਹਦੀਆਂ ਡੁੱਬ ਸੋਗ ਵਿੱਚ ਸੁਣਾਉਂਦੇ
ਮੇਲੇ ਜਗ ਜਿਉਂਦਿਆਂ ਦੇ ਮੁੜਕੇ ਨਾਲ ਸਬੱਬਾਂ ਆਉਂਦੇ .!
ਕਈ ਘੁੰਮ ਫਿਰ ਕੇ ਕਈ ਖਾ ਪੀਕੇ ਆਪਣਾ ਮਨ ਪਰਚਾਉਂਦੇ
ਹਰੇ ਪੀਲੇ ਨੀਲੇ ਰੰਗਲੇ ਦੁਪੱਟੇ ਸ਼ਾਨ ਮੇਲੇ ਦੀ ਵਧਾਉਂਦੇ
ਬੰਨ ਦਸਤਾਰਾਂ ਗੱਭਰੂ ਜਾਣ ਗੀਤ ਖੁਸ਼ੀ ਦੇ ਗਾਉਂਦੇ
ਢੱਡ ਸਾਰੰਗੀ ਅਲਗੋਜੇ ਵਜਦੇ ਚਾਰ ਚੰਨ ਮੇਲੇ ਨੂੰ ਲਾਉਂਦੇ
ਵੱਡੇ ਵੱਡੇ ਚੰਡੋਲ ਲੱਗੇ ਮੇਲੇ ‘ਚ ਸਭ ਦੇ ਮਨ ਨੂੰ ਭਾਉਂਦੇ
ਮੇਲੇ ਜਗ ਜਿਉਂਦਿਆਂ ਦੇ ਮੁੜ ਕੇ ਨਾਲ ਸਬੱਬਾਂ ਆਉਂਦੇ
ਖੁਸ਼ੀਆਂ ਖੇੜਿਆਂ ਵਾਲੇ ਇਹ ਮੇਲੇ ਚਾਰੇ ਜੁਗ ਲੱਗਣਗੇ
ਏਕਤਾ ਥਬਾਕ ਬਖਸੇ ਮਾਲਕ ਰਲ ਮਿਲ ਸਾਰੇ ਵਸਣਗੇ
ਮੇਲੇ ਵਿੱਚ ਪਹੁੰਚੇ ਗਵਈਏ ਸਭ ਨੂੰ ਕੀਲ ਬਿਠਾਉਣਗੇ
ਉੱਚੀ ਉੱਚੀ ਵਾਰਾਂ ਯੋਧਿਆਂ ਦੀਆਂ ਢਾਡੀ ਸੁਣਾਉਣਗੇ
ਵਿਚਾਰਾਂ ਚੋਂ ਵਿਚਾਰ ਕੱਢ ‘ਮੋਮਨਾਬਾਦ’ ਵਾਲੇ ਗੀਤ ਬਣਾਉਂਦੇ
ਮੇਲੇ ਜਗ ਜਿਉਂਦਿਆਂ ਦੇ ਮੁੜ ਕੇ ਨਾਲ ਸਬੱਬਾਂ ਆਉਂਦੇ

-ਬਲਵਿੰਦਰ ਸਿੰਘ ਮੋਮਨਾਬਾਦ
ਪਿੰਡ ਮੋਮਨਾਬਾਦ ( ਮਲੇਰਕੋਟਲਾ)
ਸੰਪਰਕ 87280-76174