“ਨੀਲੂ ਬੇਟਾ, ਲੈ ਦੁੱਧ ਪੀ ਲੈ।” ਸੁਮਨ ਨੇ ਨੀਲਿਮਾ ਨੂੰ ਪਿਆਰ ਨਾਲ ਪੁਚਕਾਰਦੇ ਹੋਏ ਕਿਹਾ।
“ਨਹੀਂ ਮੰਮਾ, ਮੈਂ ਅੱਜ ਦੁੱਧ ਨਹੀਂ ਪੀਵਾਂਗੀ।” ਨੀਲਿਮਾ ਨੇ ਜ਼ਬਰਦਸਤੀ ਸੁਮਨ ਦਾ ਹੱਥ ਪਰੇ ਧੱਕ ਦਿੱਤਾ।
“ਨੀਲੂ ਬੇਟਾ, ਜ਼ਿੱਦ ਨਾ ਕਰ, ਚੁੱਪਚਾਪ ਦੁੱਧ ਪੀ ਕੇ ਸੌਂ ਜਾ, ਸਵੇਰੇ ਸਕੂਲ ਜਾਣਾ ਹੈ।” ਸੁਮਨ ਨੇ ਨੀਲਿਮਾ ਨੂੰ ਹਲਕਾ ਜਿਹਾ ਝਿੜਕਦੇ ਹੋਏ ਕਿਹਾ।
“ਨਹੀਂ ਮੰਮਾ ਨਹੀਂ, ਪਲੀਜ਼, ਮੈਨੂੰ ਪ੍ਰੈੱਸ ਨਾ ਕਰੋ, ਨਹੀਂ ਤਾਂ ਮੈਂ ਰੋ ਪਵਾਂਗੀ। ਅੱਜ ਮੈਨੂੰ ਪਾਪਾ ਦੀ ਬਹੁਤ ਯਾਦ ਆ ਰਹੀ ਹੈ।” ਇਹ ਕਹਿ ਕੇ ਨੀਲਿਮਾ ਸੱਚਮੁੱਚ ਰੋਣ ਲੱਗ ਪਈ। ਕਾਫੀ ਦੇਰ ਤੱਕ ਨੀਲਿਮਾ ਸਿਰਹਾਣੇ ਨੂੰ ਦੋਹਾਂ ਹੱਥਾਂ ਵਿੱਚ ਘੁੱਟ ਕੇ ਰੋਂਦੀ ਰਹੀ।
ਨੀਲਿਮਾ ਨੂੰ ਇਸ ਤਰ੍ਹਾਂ ਰੋਂਦੇ ਦੇਖ ਕੇ ਸੁਮਨ ਦਾ ਦਿਲ ਵੀ ਘਬਰਾ ਗਿਆ। ਉਸ ਨੇ ਦੁੱਧ ਦਾ ਗਿਲਾਸ ਢਕ ਕੇ ਨੇੜੇ ਮੇਜ਼ ‘ਤੇ ਰੱਖ ਦਿੱਤਾ ਅਤੇ ਨੀਲਿਮਾ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗੀ, “ਨਹੀਂ ਬੇਟਾ, ਰੋ ਨਾ। ਦੇਖ ਤੂੰ ਮੇਰੀ ਬਹਾਦਰ ਲਾਡੋ ਹੈਂ। ਕੀ ਬਹਾਦਰ ਬੱਚੇ ਕਿਤੇ ਰੋਂਦੇ ਹਨ?”
“ਪਰ ਮੰਮਾ, ਮੈਂ ਕੀ ਕਰਾਂ? ਮੈਨੂੰ ਪਾਪਾ ਦੀ ਯਾਦ ਭੁੱਲਦੀ ਹੀ ਨਹੀਂ, ਪਲੀਜ਼ ਮੈਨੂੰ ਪਾਪਾ ਨਾਲ ਮਿਲਾ ਦਿਓ…!” ਨੀਲਿਮਾ ਅਜੇ ਵੀ ਹਿਚਕੀਆਂ ਲੈ ਲੈ ਕੇ ਰੋ ਰਹੀ ਸੀ।
“ਨੀਲੂ, ਮੈਨੂੰ ਪਤਾ ਹੈ ਕਿ ਤੂੰ ਆਪਣੇ ਪਾਪਾ ਨੂੰ ਕਿੰਨਾ ਪਿਆਰ ਕਰਦੀ ਹੈਂ। ਯੈਸ, ਆਈ ਨੋਅ ਦੈਟ, ਬਟ ਵਟ ਕੈਨ ਆਈ ਡੂ…!”
ਨੀਲਿਮਾ ਰੋਂਦੀ-ਰੋਂਦੀ ਕਦੋਂ ਦੀ ਸੌਂ ਗਈ ਸੀ। ਪਰ ਸੁਮਨ ਅਜੇ ਵੀ ਨਮ ਅੱਖਾਂ ਨਾਲ ਉਸਨੂੰ ਦੇਖ ਰਹੀ ਸੀ। ਨੀਲਿਮਾ ਦੇ ‘ਬਾਂਡ ਕੱਟ’ ਵਾਲ ਉਸ ਦੇ ਮੱਥੇ ‘ਤੇ ਖਿੱਲਰੇ ਹੋਏ ਸਨ, ਉਹ ਵਾਰ-ਵਾਰ ਪੱਖੇ ਦੀ ਹਵਾ ਨਾਲ ਟਕਰਾ ਕੇ ਨੀਲਿਮਾ ਦੀਆਂ ਅੱਖਾਂ ਵਿਚ ਦਾਖਲ ਹੋਣ ਦੀ ਅਸਫਲ ਕੋਸ਼ਿਸ਼ ਕਰ ਰਹੇ ਸਨ। ਸੁਮਨ ਨੂੰ ਅਜਿਹੇ ਵਾਲਾਂ ਤੋਂ ਸਖ਼ਤ ਨਫ਼ਰਤ ਹੈ। ਉਹਨੇ ਤਾਂ ਕਦੇ ਵੀ ਨੀਲਿਮਾ ਦੇ ਵਾਲ ਕੱਟਣ ਨਾ ਦਿੱਤੇ ਹੁੰਦੇ। ਕਿੰਨੀ ਪਿਆਰੀ ਲੱਗਦੀ ਸੀ ਨੀਲਿਮਾ ਉਦੋਂ, ਬਿਲਕੁਲ ਪਰੀ ਵਰਗੀ ਲੱਗਦੀ ਸੀ, ਜਦੋਂ ਉਹ ਆਪਣੀ ਪਸੰਦੀਦਾ ਚਿੱਟੇ ਮੋਤੀਆਂ ਅਤੇ ਗੋਟੇ ਜੜੀ ਫ਼ਰਾਕ ਪਹਿਨਦੀ ਸੀ। ਪਰ ਨੀਲਿਮਾ ਦੇ ਪਾਪਾ ਦੀ ਜ਼ਿੱਦ ਕਾਰਨ ਹੀ ਉਹਨੇ ਨੀਲਿਮਾ ਦੇ ਵਾਲ ਕਟਵਾਏ ਸਨ।
ਅਚਾਨਕ ਹੀ ਸੁਮਨ ਦਾ ਹੱਥ ਨੀਲਿਮਾ ਦੇ ਖਿੱਲਰੇ ਹੋਏ ਵਾਲਾਂ ਨੂੰ ਠੀਕ ਕਰਨ ਲਈ ਤਿਆਰ ਹੋ ਗਿਆ। ਨੀਲਿਮਾ ਦੇ ਵਾਲਾਂ ਨੂੰ ਸੰਵਾਰਦੇ ਹੋਏ ਸੁਮਨ ਬੁੜਬੁੜਾਈ ਸੀ, ‘ਉਹੂੰ, ਹੁਣ ਮੈਂ ਨੀਲੂ ਦੇ ਵਾਲ ਕਦੇ ਨਹੀਂ ਕਟਵਾਵਾਂਗੀ, ਕਿੰਨੀ ਬਦਸੂਰਤ ਲੱਗਦੀ ਹੈ ਨੀਲੂ ਇਨ੍ਹਾਂ ਵਾਲਾਂ ਵਿੱਚ। ਨੀਲੂ ਨੂੰ ਖੁਸ਼ ਰੱਖਣ ਲਈ ਉਹਦੇ ਵਾਲ ਕੱਟਵਾਉਣੇ, ਉਸ ਦੇ ‘ਬਰਥਡੇਅ’ ‘ਤੇ ਉਸ ਨੂੰ ਵੱਡੇ-ਵੱਡੇ ਤੋਹਫ਼ੇ ਦੇਣੇ ਅਤੇ ਸਾਰੀ ਉਮਰ ਮੇਰੇ ਨਾਲ ਰਹਿਣ ਦਾ ਵਾਅਦਾ ਕਰਨਾ, ਇਹ ਸਭ ਧੋਖਾ ਸੀ, ਹਿਮਾਂਸ਼ੂ ਦਾ ਅਤੇ ਹਿਮਾਂਸ਼ੂ ਦੇ ਇਸੇ ਧੋਖੇ ਵਿੱਚ ਫਸ ਗਈ ਸਾਂ ਮੈਂ।’ ਘੰਟਿਆਂ ਬੱਧੀ ਬਿਸਤਰੇ ‘ਤੇ ਪਾਸੇ ਮਾਰਦਿਆਂ ਹੀ ਸੁਮਨ ਨੂੰ ਨੀਂਦ ਆ ਸਕੀ ਸੀ।
ਰਾਤ ਨੂੰ ਦੇਰ ਨਾਲ ਸੌਣ ਕਾਰਨ ਸੁਮਨ ਸਵੇਰੇ ਦੇਰ ਨਾਲ ਉੱਠੀ। ਉੱਠਦੇ ਹੀ ਸੁਮਨ ਨੇ ਛੇਤੀ ਛੇਤੀ ਨੀਲਿਮਾ ਨੂੰ ਉਠਾਇਆ ਅਤੇ ਉਹਨੂੰ ਤਿਆਰ ਕਰਕੇ ਸਕੂਲ ਭੇਜ ਦਿੱਤਾ। ਸੁਮਨ ਨੇ ਆਪਣੇ ਲਈ ਹਲਕਾ ਜਿਹਾ ਨਾਸ਼ਤਾ ਤਿਆਰ ਕੀਤਾ ਸੀ, ਨਾਸ਼ਤਾ ਕਰਕੇ ਸੁਮਨ ਜਲਦੀ ਨਾਲ ਸਾਰਾ ਕੰਮ ਨਿਪਟਾ ਕੇ ਆਪਣੇ ਸਕੂਲ ਲਈ ਰਵਾਨਾ ਹੋ ਗਈ।
ਅਜਿਹਾ ਅਕਸਰ ਹੀ ਹੁੰਦਾ ਸੀ। ਹਾਲਾਂਕਿ ਘਰ ਵਿੱਚ ਦੋ ਹੀ ਜਣੇ ਸਨ, ਸੁਮਨ ਅਤੇ ਨੀਲਿਮਾ। ਪਰ ਜਦੋਂ ਤੋਂ ਹਿਮਾਂਸ਼ੂ ਸੁਮਨ ਤੋਂ ਵੱਖ ਹੋਇਆ ਹੈ, ਦੋਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਉਲਟ-ਪੁਲਟ ਹੋ ਗਈ ਹੈ। ਦਿੱਲੀ ਵਰਗੇ ਮਹਾਂਨਗਰ ਵਿੱਚ ਦੋਹਾਂ ਦੀ ਜ਼ਿੰਦਗੀ ਮਸ਼ੀਨ ਵਾਂਗ ਬਣ ਗਈ ਹੈ। ਨਾ ਸਮੇਂ ਸਿਰ ਖਾਣਾ, ਨਾ ਸਮੇਂ ਸਿਰ ਸੌਣਾ ਅਤੇ ਨਾ ਹੀ ਸਮੇਂ ਸਿਰ ਜਾਗਣਾ। ਫਿਰ ਮਾਨਸਿਕ ਪਰੇਸ਼ਾਨੀਆਂ ਅਤੇ ਤਣਾਅ ਕਾਰਨ ਦੋਵੇਂ ਇੱਕ-ਦੂਜੇ ਨੂੰ ਸਿਰਫ਼ ਖਾਮੋਸ਼ ਤਸੱਲੀ ਹੀ ਦੇ ਸਕਦੀਆਂ ਸਨ।
ਨੀਲਿਮਾ ਅਜੇ ਛੋਟੀ ਸੀ। ਪਰ, ਬੱਚੀ ਬਿਲਕੁਲ ਨਹੀਂ ਸੀ, ਉਹ ਸਭ ਕੁਝ ਸਮਝਦੀ ਸੀ। ਉਹ ਆਪਣੀ ਜ਼ਿੰਦਗੀ ਵਿੱਚ ਆਪਣੇ ਪਾਪਾ ਦੀ ਕਮੀ ਨੂੰ ਚੰਗੀ ਤਰ੍ਹਾਂ ਸਮਝਦੀ ਸੀ। ਪਾਪਾ ਲਈ ਮਾਂ ਦੇ ਦਿਲ ਵਿਚ ਵਧ ਰਹੀ ਇਕੱਲਤਾ ਅਤੇ ਖਾਲੀਪਣ ਨੂੰ ਵੀ ਉਹ ਲੁਕਛਿਪ ਕੇ ਵੇਖ ਲੈਂਦੀ ਸੀ। ਜਦੋਂ ਤੋਂ ਹਿਮਾਂਸ਼ੂ ਵੱਖ ਹੋਇਆ ਸੀ, ਸੁਮਨ ਨੂੰ ਆਪਣੇ ਅਤੇ ਨੀਲਿਮਾ ਦੇ ਗੁਜ਼ਾਰੇ ਲਈ ਦਰ-ਦਰ ਭਟਕਣਾ ਪਿਆ ਸੀ। ਅਤੇ ਫਿਰ ਕਿਤੇ ਜਾ ਕੇ ਸੁਮਨ ਨੂੰ ਇੱਕ ‘ਕਾਨਵੈਂਟ’ ਸਕੂਲ ਵਿੱਚ ਅਧਿਆਪਕ ਦੀ ਜੌਬ ਮਿਲੀ ਸੀ।
ਸਕੂਲ ਵਿੱਚ ਅਧਿਆਪਕ ਲੱਗਣ ਨਾਲ ਸੁਮਨ ਦਾ ਆਰਥਿਕ ਪਾੜਾ ਜ਼ਰੂਰ ਪੂਰਾ ਹੋ ਗਿਆ ਸੀ, ਪਰ ਹਿਮਾਂਸ਼ੂ ਦੀ ਗੈਰ-ਮੌਜੂਦਗੀ ਦਾ ਅਹਿਸਾਸ ਸੁਮਨ ਦੇ ਦਿਲ ਵਿੱਚ ਲਗਾਤਾਰ ਇੱਕ ਬੇਅੰਤ ਪਾੜਾ ਪੈਦਾ ਕਰ ਰਿਹਾ ਸੀ। ਉਂਜ ਤਾਂ ਕਈ ਲੋਕਾਂ ਨੇ ਸੁਮਨ ਨੂੰ ਦੂਜੇ ਵਿਆਹ ਦੀ ਸਲਾਹ ਦਿੱਤੀ ਸੀ ਅਤੇ ਸੁਮਨ ਖੁਦ ਵੀ ਇਹ ਚਾਹੁੰਦੀ ਸੀ। ਪਰ… ‘ਲੋਕ ਕੀ ਕਹਿਣਗੇ’ ਦਾ ਡਰ ਸੁਮਨ ਨੂੰ ਆਪਣੇ ਪੰਜਿਆਂ ਵਿੱਚ ਜਕੜ ਲੈਂਦਾ। ਅੰਦਰ ਕਿਤੇ ਨਾ ਕਿਤੇ ਕੋਈ ਅਦਿੱਖ ਦਰਦ ਸੀ ਜੋ ਸੁਮਨ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਸੀ। ਸੁਮਨ ਨੂੰ ਅਜੇ ਵੀ ਵਿਸ਼ਵਾਸ ਸੀ ਕਿ ਹਿਮਾਂਸ਼ੂ ਇੱਕ ਨਾ ਇੱਕ ਦਿਨ ਜ਼ਰੂਰ ਵਾਪਸ ਆ ਜਾਵੇਗਾ। ਅਤੇ ਇਹੋ ਸੋਚ-ਸੋਚ ਕੇ, ਸੁਮਨ ਆਪਣੀ ਜ਼ਿੰਦਗੀ ਦਾ ਹਰ ਹਿੱਸਾ, ਹਰ ਪਲ ਹਿਮਾਂਸ਼ੂ ਦੇ ਅਤੀਤ ਨਾਲ ਜੀਅ ਰਹੀ ਸੀ।
ਅੱਜ ਸੁਮਨ ਸਕੂਲੋਂ ਕੁਝ ਛੇਤੀ ਆ ਗਈ ਸੀ। ਸਿਰਦਰਦ ਸੀ, ਇਸੇ ਕਰਕੇ ਮਜਬੂਰਨ ਬੱਤਰਾ ਸਾਹਿਬ ਤੋਂ ਛੁੱਟੀ ਮੰਗਣੀ ਪਈ ਸੀ। ਉਂਜ ਤਾਂ ਬੱਤਰਾ ਸਾਹਿਬ ਬਹੁਤ ‘ਸਟ੍ਰਿਕਟ ਸਰ’ ਹਨ, ਕਿਸੇ ਨੂੰ ਛੇਤੀ ਕੀਤਿਆਂ ਛੁੱਟੀ ਨਹੀਂ ਦਿੰਦੇ ਪਰ ਕਿਉਂਕਿ ਸੁਮਨ ਨਾਂਹ ਦੇ ਬਰਾਬਰ ਹੀ ਛੁੱਟੀ ਲੈਂਦੀ ਸੀ, ਇਸੇ ਲਈ ਬੱਤਰਾ ਸਾਹਿਬ ਨੇ ਅੱਜ ਤੱਕ ਕਦੇ ਵੀ ਸੁਮਨ ਨੂੰ ਛੁੱਟੀ ਦੇਣ ਤੋਂ ਇਨਕਾਰ ਨਹੀਂ ਕੀਤਾ। ਅਤੇ ਵੈਸੇ ਵੀ, ਬੱਤਰਾ ਸਾਹਿਬ ਸੁਮਨ ਦੀ ਮਿਹਨਤ ਅਤੇ ਲਗਨ ਤੋਂ ਬਹੁਤ ਖੁਸ਼ ਸਨ। ਸੁਮਨ ਦੀ ਕਲਾਸ ਦੇ ਸਾਰੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਵੀ ਸੁਮਨ ਤੋਂ ਖੁਸ਼ ਸਨ।
ਸੁਮਨ ਨੇ ਸਕੂਲ ਤੋਂ ਵਾਪਸ ਆਉਂਦੇ ਸਮੇਂ ਰਾਹ ਵਿੱਚੋਂ ਹੀ ਦਵਾਈ ਲੈ ਲਈ ਸੀ। ਉਹ ਠੰਡੇ ਪਾਣੀ ਨਾਲ ਦਵਾਈ ਖਾ ਕੇ ਲੇਟ ਗਈ ਸੀ। ਕੁਝ ਦੇਰ ਬਾਅਦ ਜਦੋਂ ਉਹ ਜਾਗੀ ਤਾਂ ਉਸਨੇ ਖ਼ੁਦ ਨੂੰ ਬਹੁਤ ਹਲਕਾ ਅਤੇ ਤਰੋਤਾਜ਼ਾ ਮਹਿਸੂਸ ਕੀਤਾ।
ਨੀਲਿਮਾ ਦੇ ਸਕੂਲੋਂ ਪਰਤਣ ਦਾ ਸਮਾਂ ਹੋ ਰਿਹਾ ਸੀ, ਇਸ ਲਈ ਸੁਮਨ ਨੇ ਛੇਤੀ-ਛੇਤੀ ਉਸ ਲਈ ਖਾਣਾ ਬਣਾਇਆ। ਪੂਰੀ, ਕਚੌਰੀ, ਸਬਜ਼ੀ, ਰਾਇਤਾ ਅਤੇ ਨੀਲਿਮਾ ਦੀ ਮਨਪਸੰਦ ਕਾਜੂ ਵਾਲੀ ਖੀਰ ਵੀ ਤਿਆਰ ਕੀਤੀ ਸੀ ਸੁਮਨ ਨੇ। ਕਿੰਨੇ ਦਿਨ ਹੋ ਗਏ ਨੀਲਿਮਾ ਨੂੰ ਜੀਅ ਭਰ ਕੇ ਪਿਆਰ ਕੀਤਿਆਂ। ਇੰਝ ਜਾਪਦਾ ਸੀ ਜਿਵੇਂ ਸੁਮਨ ਰੋਜ਼ਾਨਾ ਮਾਨਸਿਕ ਤਣਾਅ ਅਤੇ ਉਦਾਸੀ ਕਾਰਨ ਨੀਲਿਮਾ ਨੂੰ ਘੁੱਟਣ, ਨਿਘਾਰ ਅਤੇ ਲਗਾਤਾਰ ਕਮੀ ਦੀ ਘੁੱਟ ਪਿਲਾ ਰਹੀ ਹੋਵੇ। ਕਦੇ-ਕਦੇ ਤਾਂ ਸੁਮਨ ਨੀਲਿਮਾ ਨੂੰ ਹਾਸੇ, ਮਜ਼ਾਕ ਜਾਂ ਪਿਆਰ ਦੇ ਦੋ ਬੋਲ ਵੀ ਨਹੀਂ ਕਹਿ ਸਕਦੀ ਸੀ, ਇਸ ਗੱਲ ਦਾ ਲਗਾਤਾਰ ਅਹਿਸਾਸ ਸੁਮਨ ਨੂੰ ਤੜਪਾਉਂਦਾ ਰਹਿੰਦਾ ਸੀ, ਜਿਸਦੀ ਪੀੜ ਨਾਲ ਸੁਮਨ ਤੜਪ ਕੇ ਰਹਿ ਜਾਂਦੀ ਸੀ। ਇਸੇ ਲਈ ਤਾਂ ਅੱਜ ਸੁਮਨ ਨੇ ਪੱਕਾ ਫੈਸਲਾ ਕਰ ਲਿਆ ਸੀ ਕਿ ਹੁਣ ਉਹ ਨੀਲਿਮਾ ਨੂੰ ਆਪਣੇ ਦੁੱਖ ਵਿੱਚ ਸ਼ਾਮਲ ਨਹੀਂ ਕਰੇਗੀ। ਉਸ ਨੂੰ ਇੱਕ ਸੁਨਹਿਰੀ ਅਤੇ ਖੁਸ਼ਹਾਲ ਭਲਕ ਦਾ ਸੁਪਨਾ ਦਿਖਾਏਗੀ।
“ਮੰਮੀ, ਛੇਤੀ ਛੇਤੀ ਖਾਣਾ ਲੈ ਆਓ, ਭੁੱਖ ਲੱਗੀ ਹੈ।” ਨੀਲਿਮਾ ਨੇ ਚਮਚੇ ਨਾਲ ਪਲੇਟ ਖੜਕਾਉਂਦਿਆਂ ਮੰਮੀ ਨੂੰ ਆਵਾਜ਼ ਮਾਰੀ।
“ਨੀਲੂ ਬੇਟਾ, ਦੱਸ, ਅੱਜ ਮੈਂ ਆਪਣੀ ਪਿਆਰੀ ਲਾਡੋ ਲਈ ਕੀ ਬਣਾਇਆ ਹੈ?” ਸੁਮਨ ਨੇ ਮੇਜ਼ ‘ਤੇ ਖਾਣਾ ਰੱਖਦਿਆਂ ਨੀਲਿਮਾ ਨੂੰ ਪੁੱਛਿਆ।
“ਤੁਸੀਂ ਉਹੀ ਸਬਜ਼ੀ-ਰੋਟੀ ਬਣਾਈ ਹੋਵੇਗੀ, ਹੋਰ ਕੀ!” ਨੀਲਿਮਾ ਨੇ ਮੂੰਹ ਬਣਾਉਂਦਿਆਂ ਬੱਚਿਆਂ ਵਰਗੀ ਚੰਚਲਤਾ ਨਾਲ ਕਿਹਾ।
“ਨ…ਹੀਂ, ਅੱਜ ਮੈਂ ਪੂਰੀ, ਕਚੌਰੀ, ਸਬਜ਼ੀ, ਰਾਇਤਾ, ਸਲਾਦ ਅਤੇ ਆਪਣੀ ਰਾਣੀ ਬੇਟੀ ਦੀ ਮਨਪਸੰਦ ‘ਖੀਰ’ ਵੀ ਬਣਾਈ ਹੈ। ਅੱਜ ਮੈਂ ਆਪਣੇ ਹੱਥਾਂ ਨਾਲ ਆਪਣੀ ਲਾਡੋ ਨੂੰ ਖਾਣਾ ਖੁਆਵਾਂਗੀ।”
“ਓ ਮਾਈ ਸਵੀਟ ਮੰਮਾ… ਮੇਰੀ ਪਿਆਰੀ ਮੰਮੀ… ਤੁਸੀਂ ਕਿੰਨੇ ਚੰਗੇ ਹੋ।” ਨੀਲਿਮਾ ਨੇ ਆਪਣੀ ਗੱਲ ਖਤਮ ਕਰਦਿਆਂ ਹੀ ਸੁਮਨ ਦੀਆਂ ਗੱਲ੍ਹਾਂ ਤੇ ਪਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਖਾਣਾ ਖਾਣ ਪਿੱਛੋਂ ਨੀਲਿਮਾ ਆਪਣਾ ‘ਹੋਮਵਰਕ’ ਕਰਨ ਬੈਠ ਗਈ ਅਤੇ ਸੁਮਨ ਇੱਕ ਮੈਗਜ਼ੀਨ ਚੁੱਕ ਕੇ ਪੜ੍ਹਨ ਲੱਗ ਪਈ। ‘ਹੋਮਵਰਕ’ ਖਤਮ ਕਰਨ ਪਿੱਛੋਂ, ਨੀਲਿਮਾ ਨੇ ਆਪਣੀਆਂ ਨੋਟਬੁੱਕਸ ਇਕੱਠੀਆਂ ਕਰਕੇ ਇਕ ਪਾਸੇ ਰੱਖ ਦਿੱਤੀਆਂ।
ਹੁਣ ਉਹ ਬੈਠ ਕੇ ਆਪਣੀਆਂ ਅੰਗਰੇਜ਼ੀ ਦੀਆਂ ਪੋਇਮਜ਼ ਯਾਦ ਲੱਗ ਪਈ ਸੀ। ਪੜ੍ਹਦਿਆਂ-ਪੜ੍ਹਦਿਆਂ ਨੀਲਿਮਾ ਬਿਲਕੁਲ ਚੁੱਪ ਹੋ ਗਈ ਸੀ। ਉਸਦੀਆਂ ਵੱਡੀਆਂ-ਵੱਡੀਆਂ ਅਤੇ ਕਾਲੀਆਂ ਅੱਖਾਂ ਮੈਗਜ਼ੀਨ ਵਿੱਚ ਗੁਆਚੀ ਸੁਮਨ ‘ਤੇ ਰੁਕ ਗਈਆਂ, “ਮੰਮੀ, ਇਹ ਦੂਜੀ ਔਰਤ ਕੌਣ ਹੁੰਦੀ ਹੈ? ਪਾਪਾ ਕਿਸੇ ਹੋਰ ਔਰਤ ਕੋਲ ਕਿਉਂ ਚਲੇ ਗਏ ਹਨ?” ਨੀਲਿਮਾ ਨੇ ਅਚਾਨਕ ਆਪਣੀ ਮਾਸੂਮੀਅਤ ਵਿੱਚ ਸੁਮਨ ਨੂੰ ਇੱਕ ਸਵਾਲ ਪੁੱਛਿਆ ਸੀ।
“ਨੀਲੂ, ਤੂੰ ਪੜ੍ਹਾਈ ਕਰ ਰਹੀ ਹੈਂ ਜਾਂ ਅਜਿਹੀਆਂ ‘ਸੈਂਸਲੈੱਸ’ ਗੱਲਾਂ ਬਾਰੇ ਸੋਚ ਰਹੀ ਹੈਂ? ਤੈਨੂੰ ਕਿਸਨੇ ਕਿਹਾ ਕਿ ਤੇਰੇ ਪਾਪਾ…?”
“ਨਹੀਂ ਮੰਮੀ, ਉਹ ਮੇਰਾ ਦੋਸਤ ਹੈ ਨਾ ਉਤਕਰਸ਼! ਉਹ ਮੇਰੀ ਕਲਾਸ ਵਿੱਚ ਪੜ੍ਹਦਾ ਹੈ। ਉਤਕਰਸ਼ ਨੇ ਮੈਨੂੰ ਦੱਸਿਆ ਸੀ ਕਿ ਉਸਦੇ ਡੈਡੀ ਕਿਸੇ ਹੋਰ ਔਰਤ ਕੋਲ ਚਲੇ ਗਏ ਸਨ। ਫਿਰ ਉਸਦੀ ਮੰਮੀ ਨੇ ਦੂਸਰੀ ਮੈਰਿਜ ਕਰ ਲਈ ਸੀ, ਅਤੇ ਫਿਰ ਜਦੋਂ ਉਸਦੇ ਨਵੇਂ ਪਾਪਾ ਆਏ ਤਾਂ ਨਾਲ ਹੀ ਕੁਝ ਦਿਨਾਂ ਬਾਅਦ ਉਸਦੀ ਇੱਕ ਛੋਟੀ ਭੈਣ ਵੀ ਆ ਗਈ ਸੀ। ਛੋਟੀ ਭੈਣ ਦੇ ਆ ਜਾਣ ਤੇ ਉਤਕਰਸ਼ ਦੇ ਨਵੇਂ ਪਾਪਾ ਭੈਣ ਨੂੰ ਤਾਂ ਖ਼ੂਬ ਪਿਆਰ ਕਰਦੇ ਹਨ ਅਤੇ ਉਤਕਰਸ਼ ਨੂੰ ਕਦੇ ਪਿਆਰ ਨਹੀਂ ਕਰਦੇ। ਉਤਕਰਸ਼ ਦੇ ਨਵੇਂ ਪਾਪਾ ਉਹਨੂੰ ਮਾਰਦੇ ਵੀ ਹਨ। ਅਤੇ …” ਬਾਕੀ ਦੀ ਗੱਲਬਾਤ ਨੀਲਿਮਾ ਨੇ ਨਰਮ ਹੰਝੂਆਂ ਨਾਲ ਜਾਰੀ ਰੱਖੀ ਸੀ, ਜੋ ਲਗਾਤਾਰ ਅਣਕਹੀ ਹੀ ਰਹੀ ਸੀ।
“ਨੀਲੂ… ਨੀ…ਲੂ…, ਚੁੱਪ ਕਰ। ਅੱਜ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੀ ਹੈਂ? ਖ਼ਬਰਦਾਰ ਨੀਲੂ, ਜੋ ਕਦੇ ਤੇਰੇ ਮੂੰਹੋਂ ਫ਼ੇਰ ਇਹੋ ਜਿਹੇ ਲਫ਼ਜ਼ ਨਿਕਲੇ। ਚੁੱਪਚਾਪ ਆਪਣੀ ਪੜ੍ਹਾਈ ਕਰ। ਕੋਈ ਜ਼ਰੂਰਤ ਨਹੀਂ ਤੈਨੂੰ ਇਧਰ-ਉਧਰ ਦੀਆਂ ਫ਼ਾਲਤੂ ਗੱਲਾਂ ਸੋਚਣ-ਸਮਝਣ ਦੀ।” ਨੀਲਿਮਾ ਦੀਆਂ ਗੱਲਾਂ ਸੁਣ ਕੇ ਸੁਮਨ ਆਪਣੇ-ਆਪ ‘ਤੇ ਕਾਬੂ ਨਾ ਰੱਖ ਸਕੀ ਅਤੇ ਭਰੇ ਹੋਏ ਬੱਦਲਾਂ ਵਾਂਗ ਨੀਲਿਮਾ ‘ਤੇ ਵਰ੍ਹ ਪਈਆਂ।
ਸੁਮਨ ਦੀ ਡਾਂਟ ਸੁਣ ਕੇ ਨੀਲਿਮਾ ਅੰਦਰ ਤੱਕ ਕੰਬ ਗਈ ਸੀ ਅਤੇ ਫਿਰ ਸਹਿਮ ਕੇ ਆਪਣੀਆਂ ਕਾਪੀਆਂ-ਕਿਤਾਬਾਂ ਵਿੱਚ ਖੁੱਭ ਗਈ ਸੀ।
ਅਗਲੀ ਸਵੇਰ, ਕਿਉਂਕਿ ਐਤਵਾਰ ਸੀ, ਸੁਮਨ ਥੋੜ੍ਹੀ ਦੇਰ ਨਾਲ ਉੱਠੀ। ਧੁੱਪ ਰੌਸ਼ਨਦਾਨ ਵਿੱਚੋਂ ਅੰਦਰ ਆ ਰਹੀ ਸੀ। ਸੁਮਨ ਖ਼ੁਸ਼ਗਵਾਰ ਅੰਗੜਾਈ ਲੈ ਕੇ ਜਾਗ ਪਈ। ਅਚਾਨਕ ਉਸ ਦੀ ਨਜ਼ਰ ਸਾਹਮਣੇ ਕੰਧ ‘ਤੇ ਰੰਗਦਾਰ ਚਾਕ ਨਾਲ ਲਿਖੀ ਲਿਖਤ ‘ਤੇ ਪਈ, ਜਿਸ ਨਾਲ ਉਸ ਦਾ ਚਿਹਰਾ ਲਾਲ ਹੋ ਗਿਆ, ‘ਬੱਤਰਾ ਅੰਕਲ – ਮੇਰੇ ਗੰਦੇ ਪਾਪਾ।’
‘ਨੀਲੂ…! ਓ ਮਾਈ ਗੌਡ…!’ ਬੁੜਬੁੜਾ ਕੇ ਸੁਮਨ ਗੁੱਸੇ ਨਾਲ ਨੀਲਿਮਾ ਵੱਲ ਵਧੀ। ਸੁਮਨ ਦੇ ਹਾਵਭਾਵ ਨੂੰ ਦੇਖਦਿਆਂ, ਉਸਦਾ ਗੁੱਸਾ ਸੱਤਵੇਂ ਅਸਮਾਨ ‘ਤੇ ਸੀ। ਲੱਗਦਾ ਸੀ ਕਿ ਉਹ ਹੁਣੇ ਨੀਲੂ ਨੂੰ ਬਾਂਹੋਂ ਫੜ ਕੇ ਉਠਾਵੇਗੀ ਅਤੇ ਉਸਨੂੰ ਇੱਕ ਜ਼ੋਰਦਾਰ ਥੱਪੜ ਮਾਰੇਗੀ।
ਪਰ ਨੀਲਿਮਾ ਦੇ ਨੇੜੇ ਆ ਕੇ ਸੁਮਨ ਰੁਕ ਗਈ। ਉਸ ਦੇ ਚਿਹਰੇ ਵੱਲ ਦੇਖਦਿਆਂ ਉਸ ਦੀਆਂ ਗੱਲ੍ਹਾਂ ‘ਤੇ ਹੰਝੂਆਂ ਦੀਆਂ ਕਈ ਸੁੱਕੀਆਂ ਰੇਖਾਵਾਂ ਨਜ਼ਰ ਆ ਰਹੀਆਂ ਸਨ। ਸੁਮਨ ਸਮਝ ਗਈ ਕਿ ਨੀਲਾ ਸਾਰੀ ਰਾਤ ਬਹੁਤ ਰੋਂਦੀ ਰਹੀ ਹੈ।
ਨੀਲਿਮਾ ਦੇ ਵਾਲਾਂ ਨੂੰ ਪਿਆਰ ਨਾਲ ਸਹਿਲਾਉਂਦਿਆਂ ਸੁਮਨ ਉਸ ਨੂੰ ਸ਼ਿੱਦਤ ਨਾਲ ਚੁੰਮਣ ਲੱਗੀ, ਜਿਸ ਕਾਰਨ ਨੀਲਿਮਾ ਘਬਰਾ ਕੇ ਉੱਠ ਗਈ। ਹੁਣ ਉਹ ਡਰ ਨਾਲ ‘ਕੱਠੀ ਹੁੰਦੀ ਜਾ ਰਹੀ ਸੀ।

# ਮੂਲ : ਰਾਜੇਸ਼ ਕਦਮ, ਕਾਨਪੁਰ-208005 (ਉੱਤਰਪ੍ਰਦੇਸ਼) 8953751503.
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.