ਮੱਝੀਆਂ ਫਿਰੇ ਚਾਰਦਾ ਪਿਤਾ ਕਾਲੂ ਦਾ ਰਾਜ ਦੁਲਾਰਾ
ਦੁਨੀਆ ਸਾਰੀ ਪਿਆਰ ਕਰਦੀ ਮੱਥਾ ਟੇਕਦਾ ਜੱਗ ਸਾਰਾ
ਸੱਜਣ ਸਧਨਾ ਕੌਡੇ ਵਰਗੇ ਰਾਹ ਸਿੱਧੇ ਸੀ ਪਾਤੇ
ਵਸਦੇ ਰਹੋ ਕਹਿ ਕੇ ਕਈਆਂ ਨੂੰ ਉਜੜ ਜਾਓ ਕਹਿ ਸਮਝਾਤੇ
ਸਿਰ ਮੱਥੇ ਮੰਨਿਆ ਸੀ ਰਾਏ ਬੁਲਾਰ ਦਾ ਉਲਾਂਭਾ ਭਾਰਾ
ਮੱਝੀਆਂ ਨੂੰ ਫਿਰੇ ਚਾਰਦਾ ਪਿਤਾ ਕਾਲੂ ਦਾ ਰਾਜ ਦੁਲਾਰਾ
ਮੱਕੇ ਵੀ ਪਹੁੰਚਿਆ ਬਾਬਾ ਕਾਜ਼ੀ ਰੁਕਨਦੀਨ ਪੈਰ ਪਰੇ ਸੀ ਮਾਰੇ
ਖੜਾਵਾਂ ਬਾਬੇ ਦੀਆਂ ਮੱਕੇ ਪਈਆਂ ਤਾਹੀਓ ਹੋਏ ਪਾਰ ਉਤਾਰੇ
ਮਲਕ ਭਾਗੋ ਦਾ ਭੋਜਨ ਛੱਡਕੇ ਕੋਧਰੇ ਦੀ ਰੋਟੀ ‘ਤੇ ਕਰੇ ਗੁਜ਼ਾਰੇ
ਧੰਨ ਕੁਦਰਤ ਤੇਰੀ ਮਾਲਕਾ ਤੇਰੀਆਂ ਤੂੰ ਹੀ ਜਾਣੇ
ਭੋਜਨ ਕੀਤਾ ਸਾਧੂਆਂ ਨੂੰ ਅਜੇ ਤੱਕ ਭਰਿਆ ਪਿਆ ਭੰਡਾਰਾ
ਮੱਝੀਆਂ ਨੂੰ ਫਿਰੇ ਚਾਰਦਾ ਪਿਤਾ ਕਾਲੂ ਦਾ ਰਾਜ ਦੁਲਾਰਾ
ਛੋਟੀ ਉਮਰ ਪੜਨੇ ਪਾਇਆ ਕੀਤੇ ਖੇਲ ਨਿਆਰੇ
ਪਾਲਧੇ ਤਾਂਈੰ ਬਾਬੇ ਪੜਾਇਆ ਹੱਕੇ ਬੱਕੇ ਰਹਿ ਗਏ ਸਾਰੇ
ਮੋਦੀਖਾਨੇ ਵਿੱਚ ਬੈਠਕੇ ਤੇਰਾ ਤੇਰਾ ਦੇ ਧੜੇ ਜਾਵੇ ਪਾਈ
ਲੋਕੀ ਕਹਿੰਦੇ ਮੋਦੀਖਾਨੇ ਨੂੰ ਨਾਨਕ ਦਿਨੇ ਜਾਵੇ ਲੁਟਾਈ
ਲੇਖਾ ਜੋੜਾ ਕਰਕੇ ਵੇਖਿਆ ਹਿਸਾਬ ਸਹੀ ਨਿਕਲਿਆ ਸਾਰਾ
ਮੱਝੀਆਂ ਨੂੰ ਫਿਰੇ ਚਾਰਦਾ ਪਿਤਾ ਕਾਲੂ ਦਾ ਰਾਜ ਦੁਲਾਰਾ
ਸੱਜਣ ਠੱਗ ਵਰਗੇ ਗੁਰੂ ਦੀ ਸੰਗਤ ਕਰਕੇ ਬਣੇ ਗਿਆਨੀ
ਸ਼ਬਦ ਦੀ ਚੋਟ ਨਾਲ ਸਮਝਾਵੇ ਇਹੀ ਸੱਚੇ ਗੁਰੂ ਦੀ ਨਿਸ਼ਾਨੀ
ਕੌਡੇ ਵਰਗੇ ਰਾਖਸ਼ਾਂ ਨੂੰ ਚੰਗਿਆਈ ਦੀ ਪੱਟੀ ਪੜਾਈ
ਵਲੀ ਕੰਧਾਰੀ ਦਾ ਹੰਕਾਰ ਤੋੜਿਆ ਐਸੀ ਕਲਾ ਵਰਤਾਈ
ਕਹਿੰਦਾ ਕੱਟ ਦਿਓ ਚੁਰਾਸੀ ਮੇਰੀ ਮੈੰ ਜੰਮਾਂ ਨਾ ਦੁਬਾਰਾ
ਮੱਝੀਆਂ ਨੂੰ ਫਿਰੇ ਚਾਰਦਾ ਮਹਿਤਾ ਕਾਲੂ ਦਾ ਰਾਜ ਦੁਲਾਰਾ

-ਬਲਵਿੰਦਰ ਸਿੰਘ ਮੋਮਨਾਬਾਦ
ਪਿੰਡ ਮੋਮਨਾਬਾਦ ਤਹਿ: ਅਹਿਮਦਗੜ੍ਹ (ਮਲੇਰਕੋਟਲਾ)
ਸੰਪਰਕ 87280-76174