ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਾਤਾਵਰਣ ਦੀ ਸੰਭਾਲ, ਪਲੀਤ ਹੋਣ ਤੋਂ ਬਚਾਉਣ ਅਤੇ ਵੱਖ ਵੱਖ ਕਿਸਮਾ ਦੀਆਂ ਪਣਪ ਰਹੀਆਂ ਭਿਆਨਕ ਬਿਮਾਰੀਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਰਿਕਸ਼ਾ ਯੂਨੀਅਨ ਕੋਟਕਪੂਰਾ ਦੇ ਪ੍ਰਧਾਨ ਰੋਸ਼ਨ ਸਿੰਘ ਜਥੇਦਾਰ ਦੀ ਅਗਵਾਈ ਹੇਠ ਯੂਨੀਅਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ‘ਹਰ ਮਨੁੱਖ ਲਾਵੇ ਇਕ ਰੁੱਖ’ ਦੇ ਬੈਨਰ ਹੇਠ ਵੱਖ ਵੱਖ ਕਿਸਮਾ ਦੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸਥਾਨਕ ਬੱਤੀਆਂ ਵਾਲਾ ਚੋਂਕ ਵਿੱਚ ਟੈ੍ਰਫਿਕ ਦਫਤਰ ਨੇੜੇ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਟੈ੍ਰਫਿਕ ਇੰਚਾਰਜ ਸੁਖਮੰਦਰ ਸਿੰਘ ਏ.ਐੱਸ.ਆਈ. ਨੇ ‘ਤੂਤ’ ਦਾ ਬੂਟਾ ਲਾਉਂਦਿਆਂ ਯੂਨੀਅਨ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਜਨਰਲ ਸਕੱਤਰ ਗਿਆਨ ਸਿੰਘ ਨਾਹਰ, ਮੁੱਖ ਸਲਾਹਕਾਰ ਜਗਸੀਰ ਸਿੰਘ ਜੱਗਾ, ਸਲਾਹਕਾਰ ਸਕੱਤਰ ਬਲਵੀਰ ਸਿੰਘ ਬੀਰਾ ਅਤੇ ਮੀਤ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਪ੍ਰਧਾਨ ਰੋਸ਼ਨ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਬੂਟਾ ਲਵਾਉਣ ਤੋਂ ਪਹਿਲਾਂ ਉਸਦੀ ਸਾਂਭ ਸੰਭਾਲ ਦੇ ਬਕਾਇਦਾ ਪ੍ਰਬੰਧ ਕੀਤੇ ਜਾਂਦੇ ਹਨ। ਪ੍ਰਧਾਨ ਰੋਸ਼ਨ ਸਿੰਘ ਨੇ ਟੈ੍ਰਫਿਕ ਇੰਚਾਰਜ ਸੁਖਮੰਦਰ ਸਿੰਘ ਕਲਸੀ ਸਮੇਤ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਉਹਨਾਂ ਦਾ ਧੰਨਵਾਦ ਕੀਤਾ ਅਤੇ ਰਿਕਸ਼ਾ ਯੂਨੀਅਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਇਕ ਇਕ ਰੁੱਖ ਜਰੂਰ ਲਾਉਣ ਸਬੰਧੀ ਪ੍ਰੇਰਿਤ ਕਰਦਿਆਂ ਆਖਿਆ ਕਿ ਬਿਮਾਰੀਆਂ ਤੋਂ ਬਚਣ/ਬਚਾਉਣ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਬਹੁਤ ਜਰੂਰੀ ਹੈ।