ਜਦੋ ਕੁ ਜਹੇ ਹੋਸ਼ ਸੰਭਲੀ, ਲਿਖਣ ਪੜ੍ਹਨ ਦੇ ਰਾਹ ਤੁਰੇ, ਉਦੋਂ ਕੁ ਜਹੇ ਪਤਾ ਲੱਗਾ ਕਿ ਕਾਲਜਾ ਤੋਂ ਅੱਗੇ ਯੂਨੀਵਰਸਿਟੀਆਂ ਹੁੰਦੀਆਂ ਨੇ ਤੇ ਇਥੇ ਵਿਸ਼ਵ ਗਿਆਨ ਦੇ ਬੂਹੇ ਖੁੱਲ੍ਹਦੇ ਨੇ। ਏਸੇ ਕਰਕੇ ਹੀ ਤਾਂ ਇਸ ਨੂੰ ਯੂਨੀਵਰਸਿਟੀ ਕਹਿੰਦੇ ਨੇ, ਪੂਰੇ ਯੂਨੀਵਰਸ ਦਾ ਗਿਆਨ ਦੇਣ ਵਾਲਾ ਛੇਹਰਟਾ ਖੂਹ। ਟਿੰਡਾਂ ਭਰ ਭਰ ਕੱਢੀ ਜਾਉ, ਪਿਆਸ ਮਿਟਾਈ ਜਾਉ, ਅੱਗੇ ਕਿਆਰਿਆਂ ਪਿਆਰਿਆਂ ਨੂੰ ਵਰਤਾਈ ਜਾਉ।
ਇਹ ਗਿਆਨ ਸਿਰਫ਼ ਕਮਰਿਆਂ ਵਿੱਚ ਨਹੀਂ, ਖੁੱਲ੍ਹੇ ਅੰਬਰ ਦੇ ਚੰਦੋਏ ਹੇਠ ਵੀ ਵਰਤਿਆ ਵਰਤਾਇਆ ਜਾ ਸਕਦਾ ਹੈ। ਉਦੋਂ ਇਹ ਵਰਤਾਰਾ ਆਮ ਸੀ। ਅਧਿਆਪਕ ਸੁੱਤਿਆਂ ਜਾਗਦਿਆਂ, ਉੱਠਦਿਆਂ ਬਹਿੰਦਿਆਂ ਅਧਿਆਪਕ ਹੁੰਦਾ ਸੀ। ਸਿਰਫ਼ ਕਿਤਾਬੀ ਗਿਆਨ ਨਹੀਂ, ਜੀਵਨ ਧਾਰਾ ਵਿੱਚ ਅਧਿਅਨ ਤੇ ਅਧਿਐਨ ਦੀ ਪਿਉਂਦ ਲਾ ਦੇਂਦਾ ਸੀ। ਨਿੰਬੂ ਜਾਤੀ ਦੇ ਫ਼ਲਾਂ ਦਾ ਮੂਲ ਤਾਂ ਜੱਟੀ ਖੱਟੀ ਹੀ ਹੁੰਦੀ ਹੈ ਪਰ ਪਿਉਂਦ ਵਾਲੀ ਅੱਖ ਹੀ ਸੰਤਰਾ, ਮਾਲਟਾ, ਕਿੰਨੂ ਤੇ ਬਾਰਾਮਾਸੀ ਨਿੰਬੂ ਬਣਾ ਦੇਂਦੀ ਹੈ।
ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚੋਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਵਾਲਾ “ਲਾਲੀ ਬਾਬਾ” ਸੱਚੀਂ ਬਾਬਾ ਸੀ। ਹਰ ਪਲ ਸਰਸਬਜ਼ ਚਸ਼ਮਾ। ਉਹ ਪਹਿਲਾਂ ਪਹਿਲ ਤਾਂ ਅਧਿਆਪਕ ਨਹੀ ਸੀ ਪਰ ਜਦ ਅਧਿਆਪਕ ਬਣਿਆ ਤਾਂ ਵਿਸ਼ਵਕੋਸ਼ੀ ਗਿਆਨ ਦਾ ਵਰਤਾਵਾ ਬਣਿਆ।
ਪਿਛਲੇ ਦਿਨੀਂ ਪਟਿਆਲਾ ਤੋਂ ਉਤਸ਼ਾਹੀ ਨੌਜਵਾਨ ਕਾਲਿਜ ਅਧਿਆਪਕ ਸੁਖਵਿੰਦਰ ਦੀ ਸੰਪਾਦਨਾ ਹੇਠ ਛਪੀ ਪੁਸਤਕ “ਲਾਲੀ ਬਾਬਾ” ਪੜ੍ਹੀ ਤਾਂ ਹੋਰ ਵਧੇਰੇ ਚਾਨਣਾ ਹੋਇਆ ਕਿ ਉਹ ਕਿੱਡਾ ਵੱਡਾ ਅਧਿਆਪਕ ਸੀ। ਅਧਿਆਪਕਾਂ ਦਾ ਅਧਿਆਪਕ।
ਕੈਲੀਬਰ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਿਤ ਇਹ ਵੱਡ ਆਕਾਰੀ ਕਿਤਾਬ ਬੜੀ ਰੀਝ ਨਾਲ ਛਾਪੀ ਗਈ ਹੈ। ਮੁੱਖ ਪੰਨਾ ਸੁਭਾਸ਼ ਪਰਿਹਾਰ ਵੱਲੋਂ ਖਿੱਚੀ ਲਾਲੀ ਬਾਬਾ ਦੀ ਤਸਵੀਰ ਨਾਲ ਸ਼ਿੰਗਾਰਿਆ ਗਿਆ ਹੈ। ਆਰ ਪਾਰ ਛਪੀ ਇਸ ਤਸਵੀਰ ਦੇ ਮਗਰਲੇ ਬੰਨੇ ਦੁਆ ਵਿੱਚ ਉੱਠੇ ਹੱਥ ਸਰਬੱਤ ਦਾ ਭਲਾ ਮੰਗਦੇ ਪ੍ਰਤੀਤ ਹੁੰਦੇ ਨੇ।
ਕਿਤਾਬ ਵਿੱਚ ਵਿਸ਼ਵ ਪ੍ਰਸਿੱਧ ਚਿਤਰਕਾਰ ਸਿਧਾਰਥ ਦੇ ਰੇਖਾ ਚਿਤਰ ਹਨ। ਗੁਰਪ੍ਰੀਤ ਸਿੰਘ ਵੱਲੋਂ ਖਿੱਚੀਆਂ ਤਸਵੀਰਾਂ ਕਿਤਾਬ ਦਾ ਅੰਦਰਲਾ ਸ਼ਿੰਗਾਰ ਹਨ। ਇਹ ਤਸਵੀਰਾਂ ਲਾਲੀ ਬਾਬਾ ਦਾ ਚੌਗਿਰਦਾ ਦਰਸਾਉਂਦੀਆਂ ਹਨ।
ਇਸ ਕਿਤਾਬ ਵਿੱਚ ਹਰਦਿਲਜੀਤ ਸਿੰਘ ਉਰਫ਼ “ਲਾਲੀ” ਦੀ ਲਾਲੀ ਤੋਂ ਲਾਲੀ ਬਾਬਾ ਬਣਨ ਦੀ ਵਾਰਤਾ ਹੈ।
ਨਵਤੇਜ ਭਾਰਤੀ, ਸੁਰਜੀਤ ਪਾਤਰ, ਸਿਧਾਰਥ, ਸੁਰਿੰਦਰ ਸ਼ਰਮਾ, ਨਿਰੂਪਮਾ ਦੱਤ,ਗੁਰਦਿਆਲ ਸਿੰਘ ਬੱਲ, ਡਾ. ਸਤੀਸ਼ ਕੁਮਾਰ ਵਰਮਾ, ਗੁਰਦੇਵ ਚੌਹਾਨ, ਡਾ. ਅਜਮੇਰ ਸਿੰਘ, ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਹਰਜੀਤ ਕੈਂਥ, ਡਾ. ਤਾਰਾ ਸਿੰਘ, ਡਾ. ਗੁਰਨਾਇਬ ਸਿੰਘ, ਡਾ. ਅਨਵਰ ਚਿਰਾਗ, ਮਹੇਂਦਰ ,ਡਾ. ਰਾਜਿੰਦਰ ਲਹਿਰੀ, ਪ੍ਰੋ. ਹਰਬੰਸ ਚੰਨੀ ਗਿੱਲ,ਮਹਿੰਦਰ ਰਿਸ਼ਮ ਤੇ ਡਾ, ਕੁਲਦੀਪ ਸਿੰਘ ਢਿੱਲੋਂ ਦੇ ਲੇਖ ਹਨ।
ਭਾਵੇਂ ਨਵਤੇਜ ਭਾਰਤੀ ਜੀ “ਲਾਲੀ” ਨਾਮ ਹੇਠ ਪੂਰੀ ਕਾਵਿ ਕਿਤਾਬ ਪਹਿਲਾਂ ਹੀ ਲਿਖ ਚੁਕੇ ਹਨ ਪਰ ਇਸ ਵੱਡੀ ਕਿਤਾਬ ਵਿੱਚ ਵੀ ਉਨ੍ਹਾਂ ਦੀ ਸ਼ਾਇਰੀ ਹਾਜ਼ਰ ਹੈ। ਡਾ. ਜੋਗਿੰਦਰ ਟਾਈਗਰ, ਡਾ. ਗੁਰਨਾਇਬ ਸਿੰਘ, ਬਾਲਾ ਅੰਜੂ, ਕੰਵਲ ਧਾਲੀਵਾਲ ਦੀਆ ਕਵਿਤਾਵਾਂ ਵੀ ਇਸ ਪੁਸਤਕ ਵਿੱਚ ਸ਼ਾਮਿਲ ਹਨ। ਕੁਝ ਪੰਨੇ ਲਾਲੀ ਵੱਲੋਂ ਲਿਖੀਆਂ ਤੇ ਅਨੁਵਾਦ ਨੂੰ ਸਮਰਪਿਤ ਹਨ। ਇਸ ਕਿਤਾਬ ਦਾ ਬਹੁਤ ਹੀ ਮਹੱਤਵਪੂਰਨ ਲੇਖ ਪ੍ਰੋ. ਪ੍ਰੇਮ ਪਾਲੀ ਜੀ ਦਾ ਹੈ ਜਿਸਨੂੰ ਗੱਲਬਾਤ ਉਪਰੰਤ ਚਿੱਟਾ ਸੰਧੂ ਨੇ ਅੰਕਿਤ ਕੀਤਾ ਹੈ।
ਕਿਤਾਬ ਵਿੱਚ ਡਾ. ਹਰਿਭਜਨ ਸਿੰਘ ਦੀ ਕਾਵਿ ਕਿਤਾਬ “ਸੜਕ ਦੇ ਸਫ਼ੇ ਉੱਤੇ” ਬਾਰੇ ਲਾਲੀ ਦਾ ਅੰਗਰੇਜ਼ਿ ਵਿੱਚ ਲਿਖਿਆ ਨਿੱਕਾ ਜੇਹਾ ਰੀਵੀਊ ਵੀ ਉਨ੍ਹਾਂ ਦੀ ਨਿਸ਼ਾਨੀ ਵਜੋਂ ਹਾਜ਼ਰ ਹੈ।
ਲੱਗਦੇ ਹੱਥ ਇਹ ਵੀ ਦੱਸ ਦਿਆਂ ਕਿ ਸੁਖਵਿੰਦਰ ਕੌਣ ਹੈ ਇਸ ਪੁਸਤਕ ਦਾ ਸੰਪਾਦਕ।
ਸੁਖਵਿੰਦਰ ਹਿੰਮਤੀ ਅਧਿਆਪਕ ਹੈ ਗੌਰਮਿੰਟ ਮਹਿੰਦਰਾ ਕਾਲਿਜ ਪਟਿਆਲਾ ਵਿੱਚ ਪੜ੍ਹਾਉਂਦੈ। ਸ਼ਾਇਰ ਹੈ। ਦੋ ਕਾਵਿ ਪੁਸਤਕਾਂ “ਮੱਥੇ ਉੱਕਰੇ ਸਵਾਲ “ਤੇ “ਲਾਲ ਰੰਗ ਖ਼ੂਬਸੂਰਤ ਹੁੰਦੈ” ਲਿਖ ਚੁਕਾ ਹੈ। ਬਾਲ ਕਵਿਤਾਵਾਂ ਦੀਆਂ ਚਾਰ ਕਿਤਾਬਾਂ ਤੋਂ ਇਲਾਵਾ “ਹਾਂ ! ਮੈਂ ਔਰਤ ਹਾਂ” ਅਨੁਵਾਦ ਕਰਕੇ ਪ੍ਰੋ. ਗੁਰਦਿਆਲ ਸਿੰਘ ਯਾਦਗਾਰੀ ਪੁਰਸਕਾਰ ਲੈ ਚੁਕਾ ਹੈ। ਸੁਰਜੀਤ ਜੱਜ ਬਾਰੇ ਆਲੋਚਨਾ ਪੁਸਤਕ ਵੀ ਲਿਖ ਤੇ ਛਪਵਾ ਚੁਕਾ ਹੈ। ਉਸ ਦਾ ਪਿੱਛਾ ਭੀਖੀ ਦਾ ਹੈ, ਗੁਰਚਰਨ ਚਾਹਲ ਭੀਖੀ, ਲਕਸ਼ਮੀ ਨਾਰਾਇਣ ਭੀਖੀ, ਸੱਤ ਪਾਲ ਭੀਖੀ ਵਾਂਗ। ਪਟਿਆਲੇ ਦੀ ਗਿਆਨ ਭੂਮੀ ਵਿੱਚ ਮਹਿਕਦੀ ਮੌਲਸਰੀ ਵਰਗਾ ਨਿੱਕਾ ਵੀਰ ਹੈ। ਕੈਲੀਬਰ ਪਬਲੀਕੇਸ਼ਨ ਵੱਲੋਂ ਚੰਗੀਆਂ ਕਿਤਾਬਾਂ ਵਿਉਂਤਦਾ ਤੇ ਛਾਪਦਾ ਹੈ, ਪ੍ਰੀਤੀ ਸ਼ੈਲੀ ਵਾਂਗ। ਤੁੱਥ ਮੁੱਥ ਨਹੀਂ ਕਰਦਾ। ਸੁਹਜਵੰਤਾ ਹੈ। ਇਹ ਕਿਤਾਬ ਪਰਿੰਟਵੈੱਲ ਅੰਮ੍ਰਿਤਸਰ ਤੋਂ ਛਪੀ ਹੈ। ਅੰਬਰਸਰੋਂ ਪਿਆਰੇ ਵੀਰ ਸੰਦੀਪ ਸਿੰਘ ਨੇ ਪੁਸਤਕ ਵਿਉਂਤਕਾਰੀ ਤੇ ਸੁੰਦਰੀਕਰਨ ਦਾ ਜ਼ਿੰਮਾ ਨਿਭਾਇਆ ਹੈ। ਰਲ਼ ਮਿਲ਼ ਕੇ ਸੋਹਣਾ ਸ਼ਬਦ ਭਵਨ ਉਸਾਰਿਆ ਹੈ, ਮੌਖਿਕ ਗਿਆਨ ਪਰੰਪਰਾ ਦੇ ਪੀਰ ਦੀ ਯਾਦ ਵਿੱਚ। ਇਸ ਰਾਹੀਂ ਤੁਸੀਂ ਨਵੇਂ ਆਭਾ ਮੰਡਲ ਦੇ ਰੂ ਬ ਰੂ ਹੋ ਸਕਦੇ ਹੋ। ਕਿਤਾਬ ਪੜ੍ਹ ਕੇ ਇਹ ਨਹੀਂ ਪੁੱਛੋਗੇ ਕਿ ਸੁਖਵਿੰਦਰ ਕੌਣ ਹੈ? ਕਿਤਾਬ ਹੀ ਦੱਸ ਦੇਵੇਗੀ।
ਕਿਤਾਬ ਮੰਗਵਾਉਣ ਲਈ ਕੈਲੀਬਰ ਦਾ ਨੰਬਰ ਹੈ 98154 48958.
ਕਿਤਾਬ ਦੇ ਪਿੱਛਲ ਪੰਨੇ ਤੇ ਕ੍ਰਿਪਾਲ ਕਜ਼ਾਕ ਦੇ ਬੋਲ ਨੇ।
“ ਪੰਜਾਬੀ ਸਾਹਿੱਤ ਤੇ ਬੌਧਿਕ ਜਗਤ ਵਿੱਚ ਹਰਦਿਲਜੀਤ ਸਿੰਘ ਲਾਲੀ ਦਾਨਿਸ਼ਵਰ, ਦਰਵੇਸ਼, ਪ੍ਰਬੁੱਧ ਗਿਆਨਵੇਤਾ, ਵਿਸ਼ਵ ਸਾਹਿੱਤ ਕਲਾ ਤੇ ਸੱਭਿਆਚਾਰ ਦੇ ਗਿਆਤਾ ਵਜੋਂ ਸਤਿਕਾਰੇ ਜਾਂਦੇ ਹਨ। ਐਸੇ ਅਜ਼ੀਮ ਅਤੇ ਸਮਰਾਲੀ ਯੁਗ ਪੁਰਸ਼ ਦੇ ਜੀਵਨ , ਸ਼ਖਸੀਅਤ ਅਤੇ ਬੈਧਿਕ ਪ੍ਰਤਿਭਾ ਬਾਰੇ ਪੁਸਤਕ ਦੇ ਸੰਪਾਦਨ ਕਾਰਜ ਨੂੰ ਸੁਖਵਿੰਦਰ ਨੇ ਜਿਸ ਸਿਆਣਪ, ਸਲੀਕੇ, ਮਿਹਨਤ ਤੇ ਕਲਾਤਮਿਕਤਾ ਦੇ ਮਿਆਰੀ ਸਿਖਰ ਸਹਿਤ ਸੰਜੋਇਆ ਹੈ, ਉਹ ਸੁਖਵਿੰਦਰ ਦੀ ਸੰਪਾਦਨਾ ਵਿਉਂਤ, ਕਲਾ ਕੌਸ਼ਲਤਾ, ਸੁਹਿਰਦਤਾ ਅਤੇ ਗੰਭੀਰ ਪ੍ਰਤਿਭਾ ਦਾ ਪ੍ਰਤੱਖ ਪ੍ਰਮਾਣ ਹੈ।
ਲਾਲੀ ਸਾਹਿਬ ਨੂੰ ਸਿਮ੍ਰਤੀਆਂ ਦੇ ਕਣਾਂ ਵਿੱਚ ਵਿਦਵਾਨਾਂ ਦੇ ਸਹਿਯੋਗ ਅਤੇ ਸਿਰਜਣਾਤਮਿਕਤਾ ਦੇ ਅਮਲ ਸਦਕਾ ਤਲਾਸ਼ ਕਰਕੇ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਅਤੇ ਪੁਨਰ ਪ੍ਰਭਾਸ਼ਿਤ ਕਰਨਾ ਸੁਖਵਿੰਦਰ ਦੀ ਪ੍ਰਸ਼ੰਸਾਯੋਗ ਵਡਿਆਈ ਅਤੇ ਕੈਲੀਬਰ ਦਾ ਵੱਡਾ ਹਾਸਲ ਹੈ।
ਸੁਖਵਿੰਦਰ ਦੀ ਹਿੰਮਤ ਨੂੰ ਸਲਾਮ!

ਗੁਰਭਜਨ ਗਿੱਲ