ਤਰਕਸ਼ੀਲ ਸੁਸਾਇਟੀ ਵੱਲੋਂ ਦੂਜਾ ਤਿੰਨ ਦਿਨਾਂ ਸੂਬਾਈ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਦਾ ਆਗਾਜ਼

ਬਰਨਾਲਾ 7 ਜੂਨ (ਸੁਮੀਤ ਅੰਮ੍ਰਿਤਸਰ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਗੁਣ ਵਿਕਸਤ ਕਰਨ ਦੇ ਮਕਸਦ ਵਜੋਂ ਅੱਜ ਤਰਕਸ਼ੀਲ ਭਵਨ,ਬਰਨਾਲਾ ਵਿਖੇ ਤਿੰਨ ਰੋਜ਼ਾ ਦੂਜੇ ਸੂਬਾਈ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਦਾ ਆਗਾਜ਼ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ 73 ਵਿਦਿਆਰਥੀਆਂ ਨੇ ਭਾਗ ਲਿਆ ।
ਇਸ ਮੌਕੇ ਪਹਿਲੇ ਸੈਸ਼ਨ ਵਿੱਚ ਸੁਸਾਇਟੀ ਦੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਚੇਤਨਾ ਕੈਂਪ ਦੇ ਉਦੇਸ਼ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਢਾਂਚੇ ਤੇ ਕਾਰਜ ਵਿਉਂਤਬੰਦੀ ਬਾਰੇ ਸਮੁੱਚੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਿੱਦਿਆਰਥੀ ਚੇਤਨਾ ਕੈਂਪ ਦਾ ਮਕਸਦ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਅਤੇ ਪਰਖਣ ਦੀ ਪਹੁੰਚ ਦੇ ਇਲਾਵਾ ਉਨ੍ਹਾਂ ਵਿੱਚ ਸਵੈ ਵਿਸ਼ਵਾਸ ਅਤੇ ਸੰਘਰਸ਼ ਦੀ ਭਾਵਨਾ ਵਿਕਸਤ ਕਰਨਾ ਹੈ ਤਾਂ ਕਿ ਉਹ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਟਾਕਰਾ ਮਜ਼ਬੂਤੀ ਨਾਲ ਕਰ ਸਕਣ। ਉਨ੍ਹਾਂ ਨੇ ਚੇਤਨਾ ਕੈਂਪ ਲਈ ਵਿਦਿਆਰਥੀਆਂ ਵੱਲੋਂ ਵਿਖਾਏ ਗਏ ਵੱਡੇ ਉਤਸ਼ਾਹ ਲਈ ਮਾਪਿਆਂ, ਅਧਿਆਪਕਾਂ,ਸਕੂਲ ਮੁਖੀਆਂ ਅਤੇ ਤਰਕਸ਼ੀਲ ਕਾਰਕੁਨਾਂ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਦੂਜੇ ਸੈਸ਼ਨ ਦੇ ਵਿਸ਼ੇਸ਼ ਬੁਲਾਰਿਆਂ ਪ੍ਰਿੰਸੀਪਲ ਹਰਿੰਦਰ ਕੌਰ ਅਤੇ ਮਨਦੀਪ ਸਿੰਘ ਮੱਲੀ ਨੇ ‘ਖੇਡ ਖੇਡ ਵਿੱਚ ਵਿਗਿਆਨ’ ਅਤੇ ‘ਸਾਈਬਰ ਅਪਰਾਧ’ ਵਿਸ਼ਿਆਂ ਬਾਰੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਲਈ ਖੇਡਾਂ ਅਤੇ ਸਿਹਤਮੰਦ ਸਰੀਰ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਨਸ਼ਿਆਂ,ਅਸ਼ਲੀਲਤਾ ਅਤੇ ਸਾਈਬਰ ਅਪਰਾਧ ਦੀਆਂ ਸਮਾਜਿਕ ਬੁਰਾਈਆਂ ਤੋਂ ਬਿਲਕੁੱਲ ਦੂਰ ਰਹਿਣ ਅਤੇ ਜ਼ਿੰਦਗੀ ਵਿੱਚ ਨੈਤਿਕ ਕਦਰਾਂ ਕੀਮਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਗਿਆਨਤਾ,ਅੰਧ ਵਿਸ਼ਵਾਸਾਂ ਅਤੇ ਰੂੜੀਵਾਦ ਨੂੰ ਵਿਗਿਆਨਕ ਚੇਤਨਾ ਰਾਹੀਂ ਖਤਮ ਕਰਕੇ ਹੀ ਇਕ ਵਿਕਸਤ ਸਮਾਜ ਉਸਾਰਿਆ ਜਾ ਸਕਦਾ ਹੈ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ ਤੇ ਹੋਈ ਉਸਾਰੂ ਗਰੁੱਪ ਚਰਚਾ ਵਿੱਚ ਵੀ ਭਾਗ ਲਿਆ।
ਇਸਤੋਂ ਪਹਿਲਾਂ ਕੈਂਪ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਵੱਲੋਂ ਸਟੇਜ ਉੱਤੇ ਆਪਣੀ ਆਪਣੀ ਜਾਣ ਪਹਿਚਾਣ ਕਰਵਾਉਣ ਦੇ ਇਲਾਵਾ ਚੇਤਨਾ ਕੈਂਪ ਵਿੱਚ ਸ਼ਾਮਿਲ ਹੋਣ ਦੇ ਵਿਗਿਆਨਕ ਚੇਤਨਾ ਦੇ ਵਡੇਰੇ ਮਕਸਦ ਬਾਰੇ ਜਾਣਕਾਰੀ ਦਿੱਤੀ ਗਈ।
ਇਸਦੇ ਇਲਾਵਾ ਤੀਜੇ ਅਤੇ ਆਖਰੀ ਸੈਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਲੋਕ ਪੱਖੀ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋਂ, ਰਾਜੇਸ਼ ਅਕਲੀਆ, ਗੁਰਪ੍ਰੀਤ ਸ਼ਹਿਣਾ,ਰਾਮ ਸਵਰਨ ਲੱਖੇਵਾਲੀ,ਸੁਖਵਿੰਦਰ ਬਾਗਪੁਰ,ਜਸਵੰਤ ਮੋਹਾਲੀ, ਸੁਰਜੀਤ ਟਿੱਬਾ, ਸੁਮੀਤ ਅੰਮ੍ਰਿਤਸਰ,ਕੁਲਜੀਤ ਡੰਗਰਖੇੜਾ, ਮੋਹਨ ਬਡਲਾ ਤੋਂ ਇਲਾਵਾ ਸਹਿਯੋਗੀ ਕੇਵਲ ਕ੍ਰਿਸ਼ਨ ਜੀਦਾ ,ਜੋਨ ਆਗੂ ਸੰਦੀਪ ਧਾਰੀਵਾਲ ਭੋਜਾਂ,ਅਜੀਤ ਪ੍ਰਦੇਸੀ,ਰਾਮ ਕੁਮਾਰ ਪਟਿਆਲਾ,ਕੁਲਵੰਤ ਕੌਰ ਪਟਿਆਲਾ,ਬੂਟਾ ਸਿੰਘ ਵਾਕਫ਼,ਅਸ਼ੋਕ ਕੁਮਾਰ ਰੋਪੜ, ਖੁਸ਼ਵੰਤ ਬਰਗਾੜੀ, ਗੁਰਮੀਤ ਜੱਜ,ਕੁਲਦੀਪ ਨੇਨੇਵਾਲ, ਭੀਮ ਰਾਜ ਅਤੇ ਬਿੰਦਰ ਧਨੌਲਾ ਹਾਜ਼ਰ ਸਨ।