ਕੋਟਕਪੂਰਾ, 6 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਥਾਨਕ ਮੁਕਤਸਰ ਰੋਡ ’ਤੇ ਮੁਹੱਲਾ ਸੁਰਗਾਪੁਰੀ ਵਿਖੇ ਸਥਿੱਤ ਪੀ.ਐਮ.ਸ਼੍ਰੀ ਸਰਕਾਰੀ ਹਾਈ ਸਕੂਲ ਵਿਖੇ ਮੈਡਮ ਕੁਲਵਿੰਦਰ ਕੌਰ ਦਿਓਲ ਸਾਇੰਸ ਮਿਸਟਰੈੱਸ, ਰਵਿੰਦਰ ਸਿੰਘ ਸ.ਸ. ਮਾਸਟਰ ਅਤੇ ਸਕੂਲੀ ਵਿਦਿਆਰਥੀਆਂ ਨੇ ਸਕੂਲ ਵਿੱਚ ਨਿੰਬੂ, ਤੇਜ਼ ਪੱਤਰ, ਕੜ੍ਹੀ ਪੱਤਾ, ਤੁਲਸੀ ਅਤੇ ਸਜਾਵਟੀ ਪੌਦੇ ਲਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ। ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਗ਼ੁਰੇਜ਼ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਿਰੋਗ ਸਿਹਤ ਅਤੇ ਸਮਾਜ ਦੀ ਸਿਰਜਣਾ ਲਈ ਬਜ਼ਾਰ ਵਿੱਚੋਂ ਖ਼ਰੀਦਦਾਰੀ ਕਰਨ ਲਈ ਆਪਣੇ ਨਾਲ ਕੱਪੜੇ ਦੇ ਥੈਲੇ ਦੀ ਵਰਤੋਂ ਕਰਨ ਲਈ ਕਿਹਾ। ਆਪਣੇ ਸੰਬੋਧਨ ਦੌਰਾਨ ਮਾ. ਰਵਿੰਦਰ ਸਿੰਘ ਨੇ ਗਲੋਬਲ ਵਾਰਮਿੰਗ ’ਤੇ ਬੋਲਦਿਆਂ ਨੇ ਦੱਸਿਆ ਕਿ ਅੱਜ ਕੱਲ੍ਹ ਜ਼ੋ ਇੰਨੀ ਗਰਮੀ ਪੈ ਰਹੀ ਹੈ ਅਤੇ ਧਰਤੀ ਦੀ ਤਪਸ਼ ਵੱਧ ਰਹੀ ਹੈ, ਇਸ ਦਾ ਮੁੱਖ ਕਾਰਨ ਇਹ ਹੈ ਕਿ ਧਰਤੀ ’ਤੇ ਲਗਾਤਾਰ ਦਰੱਖਤਾਂ ਦੀ ਗਿਣਤੀ ਘੱਟ ਹੋ ਰਹੀ ਹੈ। ਜਿਸ ਕਰਕੇ ਗਰਮੀ ਨੂੰ ਸੋਖਣ ਲਈ ਦਰੱਖਤ ਨਹੀਂ ਹਨ ਜਾਂ ਬਹੁਤ ਘੱਟ ਹਨ, ਇਸ ਕਾਰਨ ਜੋ ਲਗਾਤਾਰ ਗਰਮੀ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਦਰੱਖਤ ਲਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਆਪਣੇ ਬੱਚਿਆਂ ਵਾਂਗ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਖਤਰਾ ਸਾਡੇ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਖਤਰਨਾਕ ਸਿੱਧ ਹੋਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਦੇ ਕਰਮਚਾਰੀ ਵਿਨੋਦ ਕੁਮਾਰ, ਅਰਜੁਨ ਕੁਮਾਰ, ਭਗਵਾਨ ਦਾਸ ਅਤੇ ਸੁਰੱਖਿਆ ਗਾਰਡ ਸੁਖਬੀਰ ਸਿੰਘ ਆਦਿ ਵੀ ਹਾਜ਼ਰ ਸਨ।