ਤੁਰ ਗਏ ਦਿਲ ਦੇ ਜਾਨੀ ਕਿੱਥੇ, ਘਰ ਦੀਆਂ ਟੱਪ ਬਰੂਹਾਂ।
ਦਿਲ ਨੂੰ ਡੋਬੂ ਪੈਂਦੇ, ਕਰਕੇ ਯਾਦ ਵਿੱਛੜੀਆਂ ਰੂਹਾਂ।
ਉਮਰ ਸਿਆਣੀ ਵਿੱਚ ਬੰਦਾ, ਜਾਵੇ ਤਾਂ ਗ਼ਮ ਨਹੀਂ ਹੁੰਦਾ।
ਬੇਚੈਨੀ ਹੁੰਦੀ ਹੈ ਜਦ, ਖ਼ੁਦਕਸ਼ੀਆਂ ਕਰਦੀਆਂ ਨੂੰਹਾਂ।
ਕਿੰਨੇ ਆਏ ਕਿੰਨੇ ਤੁਰ ਗਏ, ਜੀਵਨ ਇਹਨੂੰ ਕਹਿੰਦੇ।
ਕਸਕ ਪੈਂਦੀ ਜਦ ‘ਨੂਰਪੁਰੀ’ ਜਿਹੇ, ਡੁੱਬ ਮਰਦੇ ਵਿੱਚ ਖੂਹਾਂ।
ਕੋਈ ਵੱਡੀ ਉਮਰੇ ਮਰਦਾ, ਕੋਈ ਨਾਲ ਬੀਮਾਰੀ।
ਕੋਈ ਮਰਦਾ ਸੱਪ ਡੰਗੇ ਤੋਂ, ਕਿਸੇ ਨੂੰ ਵੱਢਦਾ ਠੂਹਾਂ।
ਰੱਬ ਹੀ ਜਾਣੇ ਢੰਗ ਮੌਤ ਦੇ, ਓਹੀ ਭੇਜੇ, ਸੱਦੇ।
ਲੋਕੀਂ ਭਾਂਤ ਭਾਂਤ ਦੀਆਂ ਗੱਲਾਂ, ਕਰਦੇ ਨਾਲ ਨੇ ਮੂੰਹਾਂ।
ਆ ਸੱਜਣ, ਇੱਕ ਵਾਰੀ ਮਿਲ ਕੇ, ਘੁੱਟ ਗਲਵੱਕੜੀ ਪਾਈਏ।
ਭਟਕ ਰਹੀ ਹਾਂ ਜੰਗਲ ਬੇਲੇ, ਜਿੱਥੋਂ ਮਿਲਦੀਆਂ ਸੂਹਾਂ।
ਕਿੱਥੇ ਕਿੱਥੇ ਭਾਲ਼ਿਆ ਤੈਨੂੰ, ਨਦੀਆਂ, ਪਰਬਤ, ਸਾਗਰ।
ਟਿੱਬੇ, ਟੋਏ, ਖੇਤਾਂ, ਬੰਨੇ, ਸੁੰਨੀਆਂ-ਸੁੰਨੀਆਂ ਜੂਹਾਂ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.