ਨਵਦੀਪ ਸਿੰਘ ਮੁੰਡੀ ਕੋਮਲਭਾਵੀ ਸ਼ਾਇਰ ਹੈ। ਆਪਣੀ ਪਹਿਲੀ ਮੌਲਿਕ ਕਾਵਿ-ਕਿਤਾਬ ਤੋਂ ਪਹਿਲਾਂ ਉਹਨੇ ਸੰਪਾਦਨ (ਕਲਮ ਸ਼ਕਤੀ, 2018) ਅਤੇ ਅਨੁਵਾਦ (ਮਨੁੱਖ ਜਿਵੇਂ ਸੋਚਦਾ ਹੈ, 2020) ਵਿੱਚ ਵੀ ਨਿੱਗਰ ਵਾਧਾ ਕੀਤਾ ਹੈ। ਰੀਵਿਊ ਅਧੀਨ ਪੁਸਤਕ (ਚੁੱਪਦੀ ਕਥਾ, ਸਪਰੈੱਡ ਪਬਲੀਕੇਸ਼ਨ, ਰਾਮਪੁਰ, ਪੰਨੇ 88,ਮੁੱਲ 175/-) ਵਿੱਚ ਛੋਟੇ ਆਕਾਰ ਦੀਆਂ 68 ਕਵਿਤਾਵਾਂ ਹਨ। ਇਨ੍ਹਾਂ ਸਾਰੀਆਂ ਕਵਿਤਾਵਾਂ ‘ਚੋਂ ਸਿਰਫ਼ ਅੱਠ ਕਵਿਤਾਵਾਂ ਨੇ ਦੂਜੇ ਪੰਨੇ ਤੱਕ ਪਹੁੰਚ ਕੀਤੀ ਹੈ, ਬਾਕੀ ਸਭ ਇੱਕ-ਇੱਕ/ਅੱਧੇ-ਅੱਧੇ ਪੰਨੇ ਤੱਕ ਸੀਮਿਤ ਹਨ। ਇਸ ਸੰਗ੍ਰਹਿ ਵਿੱਚ 4 ਸਤਰੀ (2), 5 ਸਤਰੀ (3) ਅਤੇ 6 ਸਤਰੀ (6) ਕਵਿਤਾਵਾਂ ਹਨ। ਸੰਗ੍ਰਹਿ ਦੀ ਸਭ ਤੋਂ ਘੱਟ ਸ਼ਬਦਾਂ ਵਾਲੀ ਕਵਿਤਾ ‘ਸਫ਼ਰ’ (ਪੰਨਾ 23) ਹੈ ਤਾਂ ਭਾਵੇਂ 6 ਪੰਕਤੀਆਂ ਦੀ, ਪਰ ਇਹਦੇ ਸ਼ਬਦ ਸਿਰਫ਼ 13 ਹਨ। ਇਸ ਸੰਗ੍ਰਹਿ ਦੀਆਂ ਸਾਰੀਆਂ ਹੀ ਕਵਿਤਾਵਾਂ ਦੀ ਇੱਕ ਵਿਲੱਖਣਤਾ ਹੈ ਕਿ ਇਹ ਲਗਾਤਾਰਤਾ ਵਿੱਚ ਨਹੀਂ ਹਨ, ਹਰੇਕ ਵਿੱਚ ‘ਗੈਪ’ ਹੈ, ਕਿਸੇ ਵਿੱਚ ਇੱਕ ਥਾਂ, ਅਤੇ ਵੱਧ ਤੋਂ ਵੱਧ ਪੰਜ ਥਾਂ। ਇੱਕ ਹੋਰ ਨਵੀਨਤਾ ਹੈ ਕਿ ਕਿਸੇ ਵੀ ਕਵਿਤਾ ਵਿੱਚ ਕਵੀ ਨੇ ਕਿਸੇ ਵਿਸਰਾਮ ਚਿੰਨ੍ਹ ਦੀ ਵਰਤੋਂ ਨਹੀਂ ਕੀਤੀ।
ਭਾਵੇਂ ਕਿਤਾਬ ਵਿੱਚ ਸਿਰਫ਼ ਦੋ ਸਿਰਲੇਖਾਂ ਵਿੱਚ ਹੀ ‘ਚੁੱਪ’ ਦਾ ਜ਼ਿਕਰ ਹੈ- ‘ਚੁੱਪ ਦੀ ਕਥਾ’ (15) ਅਤੇ ‘ਤੇਰੀ ਚੁੱਪ’ (30) ਪਰ ਇਹ ਸਮੁੱਚੀ ਕਾਵਿ-ਕਿਤਾਬ ਚੁੱਪ ਦੀ ਗਾਥਾ ਬਿਆਨਦੀ ਹੈ। ਕਵੀ ਨੇ ਚੁੱਪ ਲਈ ਦੋ ਹੋਰ ਸ਼ਬਦ ਵੀ ਵਰਤੇ ਹਨ- ਮੌਨ ਅਤੇ ਖ਼ਾਮੋਸ਼/ਖ਼ਾਮੋਸ਼ੀ :
ਮਾਂ ਕੁਝ ਨਹੀਂ ਬੋਲਦੀ
ਚੁੱਪਚਾਪ ਪਾਠ ਕਰਦੀ ਰਹਿੰਦੀ ਹੈ (14)
ਕੁਝ ਸੁਣਾਈ ਨਹੀਂ ਦੇ ਰਿਹਾ
ਲੱਗਦੈ ਸਭ ਮੌਨ ਨੇ (31)
ਅੱਜ ਸੁਪਨੇ ਵਿੱਚ
ਚੁੱਪ ਸੀ…
ਮੈਂ ਚੁੱਪ ਕਰਾਇਆ (44)
ਮੈਂ ਹੁਣ ਚੁੱਪ ਹੁੰਦਾ ਹਾਂ (64)
ਮੈਂ ਚੁੱਪ ਹਾਂ
ਸ਼ਾਂਤ ਹਾਂ (78)
ਤੂੰ ਸੁਣ ਲਿਆ
ਪਰ ਖ਼ਾਮੋਸ਼ ਰਹੀ…
ਸਗੋਂ ਤੇਰੀ ਖ਼ਾਮੋਸ਼ੀ ਨੂੰ ਸਵੀਕਾਰਾਂਗਾ (79)
ਸੰਵੇਦਨਸ਼ੀਲ ਕਵੀ ਹਰ ਤਰ੍ਹਾਂ ਦੀ ਸਮਾਜਕ ਕੁਰੀਤੀ ਪ੍ਰਤੀ ਫ਼ਿਕਰਮੰਦ ਹੁੰਦਾ ਹੈ। ਨਵਦੀਪ ਪਰਮ-ਸੱਤਾ ਨੂੰ ਹਰ ਥਾਂ ਹਾਜ਼ਰ ਸਮਝਦਾ ਹੈ। ਰੱਬ/ਪਰਮਾਤਮਾ ਦੀ ਪ੍ਰਾਪਤੀ ਲਈ ਵਿਖਾਵਿਆਂ ਅਤੇ ਭੇਖਾਂ ਤੋਂ ਦੂਰ ਸੱਚੀ ਅਰਦਾਸ ਵਿੱਚ ਆਸਥਾ ਰੱਖਦਾ ਕਵੀ ਪਰਮਾਤਮਾ ਨੂੰ ਹਰ ਇਨਸਾਨ ਵਿੱਚੋਂ ਵੇਖਣ ਤੇ ਜ਼ੋਰ ਦਿੰਦਾ ਹੈ :
ਪਰ ਰੱਬ ਮਿਲਦੈ
ਸਿਰਫ਼ ਉਹਨੂੰ
ਜਿਹੜਾ ਪਛਾਣ ਲੈਂਦੈ ਰੱਬ ਨੂੰ
ਉਸਦੀ ਬਣਾਈ ਮਿੱਟੀ ਵਿੱਚੋਂ (26)
ਪਰ
ਤੂੰ ਕਰ ਨਿਰਸਵਾਰਥ ਅਰਾਧਨਾ
ਤੈਨੂੰ ਰੱਬ ਜ਼ਰੂਰ ਮਿਲੂ (27)
ਮੇਹਰ ਭਰਿਆ ਹੱਥ ਤੂੰ ਰੱਖੀਂ
ਅਰਦਾਸ ਕਰਨ ਮੈਂ ਆਇਆ (43)
ਤੂੰ ਹੋ ਆ ਨਤਮਸਤਕ
ਜਿੱਥੇ ਹੋਣਾ ਹੈ
ਮੇਰੀ ਗੱਲ ਹੋਰ ਹੈ
ਮੈਨੂੰ ਤੇਰੇ ‘ਚੋਂ ਰੱਬ ਦਿੱਸਦਾ (52)
ਇਹ ਕਾਵਿ-ਕਿਤਾਬ ਮੁਹੱਬਤ ਦੇ ਰੰਗਾਂ ਨੂੰ ਗੂੜ੍ਹਾ ਕਰਕੇ ਚਿੱਤਰਦੀ ਹੈ। ਰੂਹ, ਮੁਹੱਬਤ, ਦੇਹ ਤੱਕ, ਦੂਰ, ਤੇਰਾ ਵਾਸ, ਮੈਂ ਮੁਹੱਬਤ ਨਾਲ ਭਰਿਆ ਪਿਆਂ, ਇਜਾਜ਼ਤ, ਮੁਹੱਬਤ ਦੀ ਮਰਿਆਦਾ ਆਦਿ ਬਹੁਤ ਸਾਰੀਆਂ ਕਵਿਤਾਵਾਂ ਵਿੱਚ ਮੁਹੱਬਤ ਨੂੰ ਵੱਖ-ਵੱਖ ਜ਼ਾਵੀਏ ਤੋਂ ਵਾਚਿਆ ਗਿਆ ਹੈ। ਕਵੀ ਨੇ ਮੁਹੱਬਤ ਨੂੰ ਮਿਜਾਜ਼ੀ ਦੀ ਥਾਂ ਹਕੀਕੀ ਰੰਗ ਵਿੱਚ ਪਰਿਭਾਸ਼ਿਤ ਕੀਤਾ ਹੈ :
ਮੁਹੱਬਤ ਵਿੱਚ ਦੇਹ ਕਿਤੇ ਨਹੀਂ ਆਉਂਦੀ
ਇਹ ਰੂਹਾਂ ਦੀ ਖੇਡ ਹੈ (17)
ਭਾਰਤ ਦੀ ਜੰਗੇ-ਆਜ਼ਾਦੀ ਵਿੱਚ ਕ੍ਰਾਂਤੀਕਾਰੀ ਯੋਧਿਆਂ ਨੇ ਸਿਰ-ਧੜ ਦੀ ਬਾਜ਼ੀ ਲਾ ਕੇ ਵਤਨ ਲਈ ਹੱਸ-ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ‘ਸ਼ਹੀਦ ਊਧਮ ਸਿੰਘ’ ਅਤੇ ‘ਭਗਤ ਸਿਹਾਂ’ ਦੋ ਅਜਿਹੀਆਂ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਕਵੀ ਨੇ ਯੁਵਾ ਆਜ਼ਾਦੀ ਸੰਗ੍ਰਾਮੀਆਂ ਪ੍ਰਤੀ ਅਕੀਦਤ ਦੇ ਨਾਲ-ਨਾਲ ਮੌਜੂਦਾ ਲੋਕਾਂ ਵਿਚਲੀ ਹਉਮੈ ਨੂੰ ਤਨਜ਼ ਕੀਤਾ ਹੈ :
ਤੂੰ ਭਾਰਤ ਦੀ ਆਜ਼ਾਦੀ ਦਾ ਅਨਮੋਲ ਰਤਨ
ਅਸੀਂ ‘ਮੈਂ’ ਨੂੰ ਆਪਣੇ ‘ਚੋਂ ਕੱਢਿਆ ਹੀ ਨਹੀਂ (16)
ਤੂੰ ਦੇਸ ਲਈ ਵੱਡੀ ਕੁਰਬਾਨੀ ਕਰ ਗਿਆ
ਪਰ ਸਾਡੇ ਵਿੱਚੋਂ ਤਾਂ ਮੈਂ ਨਹੀਂ ਜਾਂਦੀ (83)
ਆਮ ਤੌਰ ਤੇ ਕਵਿਤਾ ਨੂੰ ਕਲਪਨਾ, ਵਲਵਲੇ, ਜਜ਼ਬੇ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਹੈ, ਪਰ ਸੰਵੇਦਨਸ਼ੀਲ ਕਵੀ ਇਸ ਵਿੱਚ ਰੋਜ਼ਮੱਰਾ ਦੀਆਂ ਪਰਿਸਥਿਤੀਆਂ ਅਤੇ ਇਨ੍ਹਾਂ ਪਰਿਸਥਿਤੀਆਂ ਨਾਲ ਜੂਝਦੇ ਆਮ ਆਦਮੀ ਦੀ ਬਾਤ ਵੀ ਪਾਉਂਦਾ ਹੈ। ਵਾਤਾਵਰਣਿਕ ਵਿਗਾੜ, ਨਸ਼ਿਆਂ ਦੀ ਦਲਦਲ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਭਾਈ-ਭਤੀਜਾਵਾਦ ਆਦਿ ਕਿੰਨੇ ਹੀ ਵਿਸ਼ੇ ਹਨ, ਜਿਨ੍ਹਾਂ ਨਾਲ ਹਰ ਬੰਦੇ ਦਾ ਵਾਹ-ਵਾਸਤਾ ਰਹਿੰਦਾ ਹੈ। ਨਵਦੀਪ ਨੇ ‘ਚੁੱਪ ਦੀ ਕਥਾ’ ਵਿੱਚ ਅਜਿਹੇ ਵਿਸ਼ਿਆਂ ਦੀ ਨਿਸ਼ਾਨਦੇਹੀ ਕਰਦਿਆਂ ਆਪਣੀ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ :
ਮੈਂ ਖਿਲਵਾੜ ਕੀਤਾ ਹੈ ਕੁਦਰਤ ਤੇਰੇ ਨਾਲ
ਮੈਂ ਕਾਤਲ ਹਾਂ ਦਰਖ਼ਤਾਂ ਦਾ
ਮੈਂ ਝੀਲਾਂ ਝਰਨਿਆਂ ਦੇ ਰਾਹ ਮੋੜੇ ਨੇ
ਆਪਣੀ ਮਰਜ਼ੀ ਨਾਲ ਪਹਾੜ ਕੱਟੇ ਨੇ
ਮੀਂਹ ਬੱਦਲਾਂ ਵਿੱਚ ਰੋਕਿਆ ਹੈ
ਹਵਾਵਾਂ ਦੇ ਰੁਖ਼ ਵੀ ਬਦਲੇ ਨੇ (48)
ਨਸ਼ਿਆਂ ਨੇ ਕਰ ਦਿੱਤਾ
ਪੰਜਾਬ ਬਰਬਾਦ ਓ ਲੋਕੋ (60)
ਸਾਨੂੰ ਮਾਫ਼ ਕਰਿਓ
ਅਸੀਂ ਸਾਰੇ ਦਰਖ਼ਤ ਵੱਢ ਦਿੱਤੇ
ਵਿਕਾਸ ਦੇ ਨਾਮ ‘ਤੇ
ਅਸੀਂ ਭੁੱਲ ਗਏ
ਜ਼ਿੰਦਗੀ ਜਿਉਣ ਦਾ ਵੱਲ (76)
ਆਪਣੀ ਹੋਂਦ ਬਚਾਉਣ ਲਈ
ਰੋਜ਼ੀ, ਰੋਟੀ ਲਈ
ਬੱਚਿਆਂ ਲਈ
ਸੰਘਰਸ਼ ਜਾਰੀ ਹੈ ਦੋਸਤ (88)
ਮਾਨਵਤਾ ਜਾਂ ਇਨਸਾਨੀਅਤ ਸਭ ਤੋਂ ਵੱਡੀਆਂ ਦੁਆਵਾਂ ਹਨ। ਜੇ ਸਾਰੇ ਧਰਮਾਂ ਦੇ ਲੋਕ ਇੱਕ-ਦੂਜੇ ਵਿੱਚੋਂ ਇਨਸਾਨ ਨੂੰ ਵੇਖਣ ਲੱਗ ਜਾਣ ਤਾਂ ਨਿੰਦਾ, ਚੁਗਲੀ, ਨਫ਼ਰਤ, ਈਰਖਾ, ਦਵੈਤ, ਕਲੇਸ਼, ਲੜਾਈ ਆਦਿ ਦਾ ਖ਼ੁਦ-ਬ-ਖ਼ੁਦ ਖ਼ਾਤਮਾ ਹੋ ਜਾਵੇਗਾ :
ਹਰ ਰੰਗ ਵਿੱਚ ਰੰਗਣਾ ਚਾਹੁੰਦਾ ਹਾਂ
ਈਦੀ ਵੀ ਵੰਡਣਾ ਚਾਹੁੰਦਾ ਹਾਂ
ਹਰੇ ਰੰਗ ਨਾਲ ਪਿਆਰ ਮੈਨੂੰ
ਕੇਸਰੀ ਰੰਗ ਵੀ ਬੰਨ੍ਹਣਾ ਚਾਹੁੰਦਾ ਹਾਂ (32)
ਆਪਣੇ ਪਹਿਲੇ ਮੌਲਿਕ ਕਾਵਿ-ਸੰਗ੍ਰਹਿ ਰਾਹੀਂ ਨਵਦੀਪ ਸਿੰਘ ਮੁੰਡੀ ਨੇ ਬੜੇ ਹੀ ਸੂਖਮ ਤੇ ਗੰਭੀਰ ਵਿਸ਼ਿਆਂ ਨੂੰ ਨਿੱਕੀਆਂ-ਨਿੱਕੀਆਂ ਕਵਿਤਾਵਾਂ ਵਿੱਚ ਛੋਹਿਆ ਹੈ। ਆਗਾਮੀ ਸਮਾਂ ਉਹਦੇ ਹੋਰ ਉਚੇਰੀ ਪਰਵਾਜ਼ ਭਰਨ ਲਈ ਟਿਕਟਿਕੀ ਲਾਈ ਬੈਠਾ ਹੈ। ਖ਼ੁਸ਼ਆਮਦੀਦ..
~ ਪ੍ਰੋ. ਨਵ ਸੰਗੀਤ ਸਿੰਘ#
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *