ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਨਾਨਕ ਵੱਲਫੇਅਰ ਸੇਵਾ ਸੁਸਾਇਟੀ ਵਲੋਂ ਮਾਤਾ ਨਾਨਕੀ ਜੀ ਦੇ ਸਹੁਰਾ ਸਾਹਿਬ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘‘20 ਸਵਾਲ 20 ਇਨਾਮ’’ ਲਈ ਸਥਾਨਕ ਗੁਰਦੁਆਰਾ ਸਾਹਿਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਸਵਾਲ-ਜਵਾਬ ਦਾ ਦੋ ਵਰਕਾ ਰਿਲੀਜ਼ ਕੀਤਾ ਗਿਆ। ਰਿਲੀਜ਼ ਕਰਨ ਦੀ ਰਸਮ ਕਥਾਵਾਚਕ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਬਲਜੀਤ ਸਿੰਘ, ਲੈਕ: ਗੁਰਨਾਮ ਸਿੰਘ, ਭਾਈ ਜਸਵਿੰਦਰ ਸਿੰਘ ਖਾਲਸਾ, ਅਮਰਜੀਤ ਸਿੰਘ ਅਮਰਾ, ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਅਤੇ ਬੇਅੰਤ ਸਿੰਘ ਨੇ ਕੀਤੀ। ਸੁਸਾਇਟੀ ਦੇ ਮੁੱਖ ਸੇਵਾਦਾਰ ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ 20 ਸਵਾਲ 20 ਇਨਾਮ ਦਾ ਲੱਕੀ ਡਰਾਅ 13 ਅਕਤੂਬਰ ਸ਼ਾਮ 4:00 ਵਜੇ ਕੱਢਿਆ ਜਾਵੇਗਾ ਤੇ ਜਿਨ੍ਹਾਂ ਦੇ ਡਰਾਅ ਰਾਹੀਂ ਸਾਰੇ ਦੇ ਸਾਰੇ ਸਵਾਲ ਸਹੀ ਪਾਏ ਗਏ, ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਮਾਤਾ ਨਾਨਕੀ ਜੀ ਦੇ ਨਾਲ ਸਬੰਧਤ ਕਿਤਾਬਚਾ ਪ੍ਰਾਪਤ ਕਰਨ ਵਾਲੇ ਚਾਹਵਾਨ ਵਿਅਕਤੀ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਹੋਰ ਕਿਹਾ ਕਿ 11 ਅਕਤੂਬਰ ਤੱਕ ਸਵਾਲਾਂ ਦੇ ਜਵਾਬ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਣੇ ਚਾਹੀਦੇ ਹਨ।