ਸਰੀ, 31 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਥੈਸਪਿਸ ਆਰਟ ਕਲੱਬ ਵੱਲੋਂ ਬੀਤੀ ਸ਼ਾਮ ਬੈੱਲ ਪ੍ਰਫਾਰਮਿੰਗ ਆਰਟ ਸੈਂਟਰ ਸਰੀ ਵਿਚ ਉੱਘੇ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਤੇ ਡਾ. ਜਸਕਰਨ ਦੁਆਰਾ ਨਿਰਦੇਸ਼ਿਤ ਨਾਟਕ ‘ਰਾਤ ਚਾਨਣੀ’ ਕੈਨੇਡੀਅਨ ਕਲਾਕਾਰਾਂ ਦੀ ਟੀਮ ਵੱਲੋਂ ਦਰਸ਼ਕਾਂ ਦੀ ਭਰਵੀਂ ਹਾਜਰੀ ਵਿੱਚ ਕਾਮਯਾਬੀ ਨਾਲ ਖੇਡਿਆ ਗਿਆ। ਜਿਉਂ ਹੀ ਹਾਲ ਦੇ ਦਰਵਾਜ਼ੇ ਖੁੱਲ੍ਹੇ ਤਾਂ ਕਲੱਬ ਦੀ ਟੀਮ ਦੇ ਅਦਾਕਾਰਾਂ ਨੇ ਆਪਣੀ ਆਪਣੀ ਮੂਕ ਮੁਦਰਾ ਵਿੱਚ ਬਿਨਾਂ ਹਿੱਲੇ ਜੁੱਲੇ ਅੱਧੇ ਘੰਟਾ ਸਾਰੇ ਦਰਸ਼ਕਾਂ ਦੇ ਬੈਠਣ ਤੱਕ ਸਵਾਗਤ ਕੀਤਾ ਜੋ ਕਿ ਇਕ ਅਦਭੁੱਤ ਦ੍ਰਿਸ਼ ਸੀ।
ਬਿਨਾਂ ਕਿਸੇ ਜਾਣ -ਪਛਾਣ ਦੇ ਨਾਟਕ ਸ਼ੁਰੂ ਹੋਇਆ। ਪਹਿਲੇ ਸੀਨ ਵਿੱਚ ਹੀ ਇੱਥੋਂ ਦੇ ਜੰਮਪਲ ਬੱਚਿਆਂ ਵਰਿਆਮ ਤੇ ਪਰਨੀਤ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਨਾਟਕ ਦੀ ਕਹਾਣੀ ਪਰਵਾਸ ਵਿੱਚ ਆਉਣ, ਵਸਣ, ਰਿਸ਼ਤਿਆਂ ਦੀਆਂ ਸੌਦੇਬਾਜ਼ੀਆਂ, ਟੁਟਦੇ ਬਣਦੇ ਰਿਸ਼ਤੇ, ਇੰਮੀਗ੍ਰੇਸ਼ਨ ਵਿੱਚ ਫਸੇ ਕੇਸਾਂ ਦਾ ਦੁਖਾਂਤ, ਕੈਨੇਡੀਅਨ ਜ਼ਿੰਦਗੀ ਦੇ ਉਤਰਾਵਾਂ ਚੜ੍ਹਾਵਾਂ ਵਿੱਚ ਲਟਕਦੇ ਲੋਕ, ਧਰਤੀਆਂ, ਪੀੜ੍ਹੀਆਂ ਦੇ ਵਖਰੇਵੇਂ ਦੀ ਟੁੱਟ ਭੱਜ ਵਿਚ ਵੀ ਪਿਆਰ ਦੀਆਂ ਤੰਦਾਂ, ਖੂਨ ਦੇ ਰਿਸ਼ਤੇ ਕੁਦਰਤ ਦੇ ਕਾਨੂੰਨ ਮੁਤਾਬਕ ਆਖਰ ਇਕ ਹੋ ਜਾਂਦੇ ਹਨ, ਨੂੰ ਪਾਤਰਾਂ ਨੇ ਆਪਣੇ ਕਿਰਦਾਰਾਂ ਰਾਹੀਂ ਬਾਖੂਬੀ ਨਿਭਾਇਆ।
ਇਸ ਨਾਟਕ ਦੇ ਮੁੱਖ ਪਾਤਰ ਅੰਬਰ ਤੇ ਪਾਲ ਜਿਨ੍ਹਾਂ ਦੁਆਲੇ ਕਹਾਣੀ ਘੁੰਮਦੀ ਹੈ। ਉਸਦਾ ਰੋਲ ਕੇ. ਪੀ. ਸਿੰਘ ਤੇ ਜਸਪ੍ਰੀਤ ਨੇ ਨਿਭਾਇਆ। ਅੰਬਰ ਦੇ ਦੋਸਤਾਂ ਦੇ ਰੂਪ ਵਿੱਚ ਨਰਿੰਦਰ ਮੰਗੂਵਾਲ ਤੇ ਪ੍ਰਿੰਸ ਗੋਸਵਾਮੀ ਜੋ ਕਿ ਹੰਢੇ ਵਰਤੇ ਕਲਾਕਾਰ ਹਨ, ਨੇ ਨਾਟਕ ਨੂੰ ਨਾਲ ਦੀ ਨਾਲ ਅੱਗੇ ਤੋਰਿਆ। ਪਾਲ ਦੇ ਮਾਂ-ਬਾਪ ਦੇ ਰੋਲ ਵਿੱਚ ਸੰਤੋਖ ਢੇਸੀ ਤੇ ਕੁਲਦੀਪ ਟੋਨੀ ਨੇ ਆਪਣੇ ਰੋਲ ਦੀ ਲੋਕਾਂ ਦੇ ਦਿਲਾਂ ਵਿੱਚ ਛਾਪ ਛੱਡੀ। ਪਾਲ ਦੀ ਸੱਸ ਚੰਦ ਕੌਰ ਦਾ ਰੋਲ ਪਰਮਿੰਦਰ ਸਵੈਚ ਨੇ ਬਹੁਤ ਵਧੀਆ ਤੇ ਦਮਦਾਰ ਕਿਰਦਾਰ ਵਜੋਂ ਨਿਭਾਇਆ। ਪਰਮਿੰਦਰ ਸਵੈਚ ਵਲੋਂ ਬੋਲੇ ਗਏ ਸੰਵਾਦ ਅਤੇ ਨਾਟਕੀ ਅੰਦਾਜ਼ ਇਸ ਨਾਟਕ ਦੀ ਸਿਖਰ ਹੋ ਨਿਬੜੇ ਜਿਹਨਾਂ ਦਾ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ। ਨੌਜਵਾਨ ਬੇਟੀ ਖੁਸ਼ਲੀਨ ਨੇ ਚੰਦ ਕੌਰ ਦੀ ਸੌਕਣ ਦਾ ਰੋਲ ਅਦਾ ਕੀਤਾ। ਸਾਰੇ ਹੀ ਕਲਾਕਾਰਾਂ ਨੇ ਨਾਟਕ ਨੂੰ ਰੂਹ ਨਾਲ ਮੰਚਨ ਕੀਤਾ।
ਡਾ. ਜਸਕਰਨ ਨੇ ਜਿੱਥੇ ਪਾਲੀ ਭੁਪਿੰਦਰ ਦਾ ਨਾਟਕ ਚੁਣਿਆ ਉੱਥੇ ਗੁਰਤੇਜ ਕੁਹਾਰਵਾਲਾ ਦੀ ਬੇਹਤਰੀਨ ਸ਼ਾਇਰੀ ਨਾਲ ਸੋਹਣੇ ਰੰਗ ਭਰੇ, ਗੁਲਾਮ ਦੇ ਸੰਗੀਤ ਨਾਲ ਮੰਤਰ ਮੁਗਧ ਕੀਤਾ ਤੇ ਇੰਡੀਆ ਦੇ ਰਣਜੀਤ ਬਾਂਸਲ ਤੋਂ ਸ਼ੂਟ ਕਰਵਾ ਕੇ ਦਰਸ਼ਕਾਂ ਨੂੰ ਉਹਨਾਂ ਦੀ ਪਿੱਠ ਭੂਮੀ ਨਾਲ ਜੋੜਿਆ। ਕੇਵਲ ਧਾਲੀਵਾਲ ਦੀਆਂ ਨੇਕ ਸਲਾਹਾਂ ਨੇ ਰੰਗ ਮੰਚ ਦਾ ਸਿਖਰ ਛੋਹਣ ਵਿੱਚ ਕਸਰ ਨਹੀਂ ਛੱਡੀ। ਇਸ ਦੇ ਪ੍ਰੋਡਿਊਸਰ ਕੇ ਪੀ ਸਿੰਘ ਨੇ ਜਿੱਥੇ ਇਸ ਪ੍ਰੋਗਰਾਮ ਨੂੰ ਤੋੜ ਚਾੜ੍ਹਣ ਦੀ ਜ਼ਿੰਮੇਵਾਰੀ ਲਈ ਬਹੁਤ ਸਾਰੇ ਸਪਾਂਸਰਾਂ ਦੀ ਮਦਦ ਵੀ ਹਾਸਲ ਕੀਤੀ ਤੇ ਵਿੱਚੋਂ ਟਾਈਮ ਕੱਢ ਕੇ ਐਕਟਿੰਗ ਵੀ ਕੀਤੀ। ਰੰਗਮੰਚ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਨੇ ਸਾਹ ਰੋਕ ਕੇ ਸਮੁੱਚੇ ਨਾਟਕ ਨੂੰ ਮਾਣਿਆ, ਰੰਗਮੰਚ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਕਲਾਕਾਰਾਂ ਨੂੰ ਦਾਦ ਵੀ ਦਿੱਤੀ।
ਅੰਤ ਵਿੱਚ ਵਿਵੇਕਜੋਤ ਕੌਰ ਬਰਾੜ ਨੇ ਸਾਰੇ ਕਲਾਕਾਰਾਂ ਦੀ ਜਾਣ ਪਛਾਣ ਕਰਾਈ। ਇਕ ਚੰਗੀ ਤੇ ਨਿਵੇਕਲੀ ਪਿਰਤ ਪਾਉਂਦੇ ਹੋਏ ਕਲੱਬ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਕਾਰੋਬਾਰੀਆਂ ਨੂੰ ‘ਮੇਰਾ ਦਾਗਿਸਤਾਨ’, ‘ਕਿੱਸਾ ਰੌਕੀ ਰੇਸ਼ਮਾ’, ‘ਬੀ ਜੀ ਮੁਸਕਰਾ ਪਏ’ ਤੇ ‘ਜ਼ਿੰਦਗੀ ਜ਼ਿੰਦਾਬਾਦ’ ਵਰਗੀਆਂ ਕਿਤਾਬਾਂ ਭੇਂਟ ਕੀਤੀਆਂ ਗਈਆਂ ਅਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।