ਲੁਧਿਆਣਾਃ 15 ਮਈ (ਵਰਲਡ ਪੰਜਾਬੀ ਟਾਈਮਜ਼)
ਦੂਸਰੇ ਲਾਹੌਰ ਸਾਜ਼ਿਸ਼ ਕੇਸ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਨਾਲ 23 ਮਾਰਚ 1931 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਚੜ੍ਹੇ ਸ਼ਹੀਦ ਸੁਖਦੇਵ ਦੇ 117ਵੇਂ ਜਨਮ ਦਿਨ ਮੌਕੇ ਲੁਧਿਆਣਾ ਸ਼ਹਿਰ ਦੇ ਅੰਦਰੂਨ ਮੁਹੱਲਾ ਨੌ ਘਰਾ ਵਿਖੇ ਅੱਜ ਉਨ੍ਹਾਂ ਦੇ ਜਨਮ ਸਥਾਨ ਤੇ ਸ਼੍ਰੀ ਅਸ਼ੋਕ ਥਾਪਰ ਜੀ ਦੀ ਅਗਵਾਈ ਵਿੱਚ ਜਨਮ ਦਿਹਾੜਾ ਮਨਾਇਆ ਗਿਆ।
ਇਸ ਮੌਕੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਨੁੱਕਰ ਨਾਟਕ ਤੇ ਭਾਸ਼ਨਾਂ ਰਾਹੀਂ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਬੋਲਦਿਆਂ ਪੰਜਾਬੀ ਲੇਖਕ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੈਂਕੜੇ ਜਵਾਨੀਆਂ ਕੁਰਬਾਨ ਕਰਕੇ ਲਈ ਆਜ਼ਾਦੀ ਨੂੰ ਸਾਡਾ ਸੁਆਲ ਕਰਨਾ ਬਣਦਾ ਹੈ ਕਿ ਸੂਰਮਿਆਂ ਨੇ ਸਭ ਮਾਨਵ ਜ਼ਾਤ ਲਈ ਸੰਤੁਲਿਤ ਸਾਂਵੇਂ ਵਿਕਾਸ ਤੇ ਲੁੱਟ ਖਸੁੱਟ ਰਹਿਤ ਆਜ਼ਾਦੀ ਮੰਗੀ ਸੀ ਨਾ ਕਿ ਸੱਤਾ ਤਬਦੀਲੀ। ਸੱਤਾ ਤਬਦੀਲੀ ਨਾਲ ਹਕੂਮਤਾਂ ਕਰਨ ਵਾਲੇ ਹੀ ਬਦਲੇ ਹਨ , ਨਿਜ਼ਾਮ ਨਹੀਂ। ਸਾਨੂੰ ਰਾਜ ਕਸ਼ਮੀਰੀ ਦੇ ਇਹ ਬੋਲ ਕਦੇ ਨਹੀਂ ਵਿਸਾਰਨੇ ਚਾਹੀਦੇ ਜੋ ਉਨ੍ਹਾਂ ਪੰਜਾਹ ਸਾਲ ਪਹਿਲਾਂ ਕਹੇ ਸਨ। ਉੱਠ ਬਦਲੀ ਨਹੀਂ ਇਨਸਾਨ ਦੀ ਤਕਦੀਰ ਹਾਲੇ ਵੀ। ਨਜ਼ਰ ਸੱਖਣੀ ਏ ਗਲਮਾ ਲੀਰੇ ਲੀਰ ਹਾਲੇ ਵੀ। ਤੇ ਵਾਜਾਂ ਮਾਰਦੀ ਏ ਦੇਸ਼ ਦੀ ਭਟਕੀ ਜਵਾਨੀ ਨੂੰ, ਮਾਨਵਤਾ ਦੇ ਪੈਰੀਂ ਛਣਕਦੀ ਜੰਜ਼ੀਰ ਹਾਲੇ ਵੀ।
ਇਸ ਮੌਕੇ ਬੋਲਦਿਆਂ ਨੌਘਰਾ ਵਾਸੀ ਤੇ ਪਰਿਵਾਰਕ ਸਬੰਧੀ ਅਸ਼ੋਕ ਥਾਪਰ ਨੇ ਦੱਸਿਆ ਕਿ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਸ਼੍ਰੀਮਾਨ ਰਾਮ ਲਾਲ ਥਾਪਰ ਅਤੇ ਸ਼੍ਰੀਮਤੀ ਰੱਲੀ ਦੇਵੀ ਦੇ ਘਰ 15 ਮਈ 1907 ਨੂੰ ਰਾਤ ਦੇ ਪੌਣੇ ਗਿਆਰਾਂ ਵਜੇ ਹੋਇਆ ਸੀ। ਜਨਮ ਤੋਂ ਤਿੰਨ ਮਹੀਨੇ ਪਹਿਲਾਂ ਹੀ ਪਿਤਾ ਜੀ ਰਾਮ ਲਾਲ ਥਾਪਰ ਜੀ ਦੀ ਮੌਤ ਹੋ ਜਾਣ ਦੇ ਕਾਰਨ ਉਨ੍ਹਾਂ ਦੇ ਤਾਇਆ ਜੀ ਸ਼੍ਰੀ ਅਚਿੰਤ ਰਾਮ ਥਾਪਰ ਜੀ ਨੇ ਉਨ੍ਹਾਂ ਨੂੰ ਲਾਇਲਪੁਰ ਬੁਲਾ ਕੇ ਉਨ੍ਹਾਂ ਦਾ ਪਾਲਣ ਪੋਸਣ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ। ਸੁਖਦੇਵ ਦੀ ਤਾਈ ਜੀ ਨੇ ਵੀ ਉਸ ਨੂੰ ਆਪਣੇ ਪੁੱਤਰ ਵਾਂਗ ਹੀ ਪਾਲਿਆ। ਭਗਤ ਸਿੰਘ ਦੇ ਦਾਦਾ ਜੀ ਅਰਜਨ ਸਿੰਘ ਨਾਲ ਥਾਪਰ ਪਰਿਵਾਰ ਦੀ ਨੇੜਤਾ ਕਾਰਨ ਸ਼ਹੀਦ ਸੁਖਦੇਵ ਤੇ ਸ਼ਹੀਦ ਭਗਤ ਸਿੰਘ ਦੀ ਦਾ ਬਚਪਨ ਤੋਂ ਜਵਾਨੀ ਤੀਕ ਸਾਰਾ ਜੀਵਨ ਫਾਂਸੀ ਚੜ੍ਹਨ ਤੀਕ ਇਕੱਠਾ ਬੀਤਿਆ। ਇਨ੍ਹਾਂ ਸਭ ਨੇ ਕਾਮਰੇਡ ਰਾਮਚੰਦਰ ਅਤੇ ਭਗਵਤੀ ਚਰਨ ਵੋਹਰਾ ਦੇ ਨਾਲ ਮਿਲ ਕੇ ਲਾਹੌਰ ਵਿੱਚ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ।
ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਜਦੋਂ ਯੋਜਨਾ ਬਣੀ ਤਾਂ ਸਾਂਡਰਸ ਦੀ ਹੱਤਿਆ ਕਰਨ ਵਿੱਚ ਉਸ ਨੇ ਭਗਤ ਸਿੰਘ ਅਤੇ ਰਾਜਗੁਰੁ ਦਾ ਪੂਰਾ ਸਾਥ ਦਿੱਤਾ ਸੀ। ਇਹੀ ਨਹੀਂ, 1929 ਵਿੱਚ ਜੇਲ੍ਹ ਵਿੱਚ ਕੈਦੀਆਂ ਦੇ ਨਾਲ ਅਮਾਨਵੀ ਵਿਵਹਾਰ ਕੀਤੇ ਜਾਣ ਦੇ ਵਿਰੋਧ ਵਿੱਚ ਰਾਜਨੀਤਕ ਬੰਦੀਆਂ ਦੁਆਰਾ ਕੀਤੀ ਗਈ ਭੁੱਖ ਹੜਤਾਲ ਵਿੱਚ ਵਧ ਚੜ੍ਹ ਕੇ ਭਾਗ ਵੀ ਲਿਆ ਸੀ।
ਉਸ ਨੂੰ ਨਿਰਧਾਰਤ ਤਾਰੀਖ ਅਤੇ ਸਮੇਂ ਤੋਂ ਪਹਿਲਾਂ ਜੇਲ੍ਹ ਮੈਨੁਅਲ ਦੇ ਨਿਯਮਾਂ ਨੂੰ ਦਰਕਿਨਾਰ ਰੱਖਦੇ ਹੋਏ 23 ਮਾਰਚ 1931 ਨੂੰ ਸ਼ਾਮੀਂ 7 ਵਜੇ ਰਾਜਗੁਰੁ ਅਤੇ ਭਗਤ ਸਿੰਘ ਸਮੇਤ ਤਿੰਨਾਂ ਨੂੰ ਲਾਹੌਰ ਸੇਂਟਰਲ ਜੇਲ੍ਹ ਵਿੱਚ ਫਾਂਸੀ ਉੱਤੇ ਲਟਕਾ ਕੇ ਮਾਰ ਮੁਕਾਇਆ ਗਿਆ। ਇਸ ਤੇ ਭਾਰਤ ਦੇ ਕੋਨੇ-ਕੋਨੇ ਤੋਂ ਰੋਸ ਜਾਗਿਆ ਸੀ।
ਸ਼੍ਰੀ ਤ੍ਰਿਭੁਵਨ ਥਾਪਰ ਨੇ ਕਿਹਾ ਕਿ ਇਸ ਜਨਮ ਦਿਹਾੜੇ ਤੇ ਨਗਰ ਨਿਗਮ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਆਈ ਏ ਐੱਸ , ਸ਼੍ਰੀ ਵਿਕਾਸ ਹੀਰਾ ਪੀ ਸੀ ਐੱਸ ਐੱਸ ਡੀ ਐੱਮ ਤੇ ਸ਼ਹਿਰ ਦੀਆ ਸਮਾਜਿਕ ਜਥੇਬੰਦੀਆਂ ਦੇ ਸੈਂਕੜੇ ਆਗੂ ਪੁੱਜੇ। ਹੋਰਨਾਂ ਤੋਂ ਇਲਾਵਾ ਵਿਧਾਇਕ ਅਸ਼ੋਕ ਪਰਾਸ਼ਰ (ਪੱਪੀ) ਨੇ ਵੀ ਸ਼ਹੀਦ ਦੀ ਯਾਦ ਵਿੱਚ ਸ਼ਰਧਾ ਸੁਮਨ ਭੇਂਟ ਕੀਤੇ। ਇਸ ਮੌਕੇ ਖੂਨਦਾਨ ਵੀ ਲਗਾਇਆ ਗਿਆ ਜਿਸ ਵਿੱਚ ਜੁਝਾਰ ਟਾਈਮਜ਼ ਦੇ ਮੁੱਖ ਸੰਪਾਦਕ ਬਲਵਿੰਦਰ ਸਿੰਘ ਬੋਪਾਰਾਏ ਸਮੇਤ ਅਨੇਕਾਂ ਖ਼ੂਨ ਦਾਨੀਆਂ ਨੇ ਸਵੈ ਇੱਛਾ ਨਾਲ ਖ਼ੂਨ ਦਾਨ ਕੀਤਾ।
Leave a Comment
Your email address will not be published. Required fields are marked with *