ਸਰੀ, 17 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਕੈਨੇਡਾ ਵਿੱਚ ਪੰਜਾਬੀ ਮੀਡੀਆ ਦੇ ਸਿਰਮੌਰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸੰਸਥਾਪਕ ਅਜੀਤ ਸਿੰਘ ਬਾਅਦ ਇੱਕ ਲੰਬੀ ਬਿਮਾਰੀ ਤੋਂ ਬਾਅਦ ਲੋਹੜੀ ਵਾਲੇ ਦਿਨ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਜਨਮ 1 ਅਕਤੂਬਰ 1936 ਨੂੰ ਫਗਵਾੜੇ ਦੇ ਲਾਗਲੇ ਪਿੰਡ ਬਾਧ ਵਿਚ ਹੋਇਆ।
ਉਹ ਸਿਰਫ ਕੈਨੇਡਾ ਵਿੱਚ ਹੀ ਨਹੀਂ ਬਲਕਿ ਭਾਰਤ, ਪਾਕਿਸਤਾਨ ਦੇ ਲਹਿੰਦੇ ਪੰਜਾਬ ਸਮੇਤ ਹੋਰਨਾਂ ਕਈ ਮੁਲਕਾਂ ਵਿੱਚ ਕਿਸੇ ਵੀ ਪਛਾਣ ਦੇ ਮੁਹਤਾਜ ਨਹੀਂ ਰਹੇ। ਸਿਰਫ ਮੀਡੀਆ ਖੇਤਰ ਵਿੱਚ ਹੀ ਨਹੀਂ ਸਗੋ ਰਾਜਨੀਤੀ, ਧਰਮ ਤੇ ਸਮਾਜਿਕ ਖੇਤਰ ਵਿਚ ਵੀ ਸਮੇਂ ਸਮੇਂ ਤੇ ਉਹ ਆਪਣੀ ਅਲੱਗ ਪਹਿਚਾਣ ਛੱਡਦੇ ਰਹੇ। ਉਨ੍ਹਾਂ ਵਿਚ ਸਿਆਸਤ ਦੇ ਨਾਲ ਨਾਲ ਪੰਥ ਦੀ ਸੇਵਾ ਦਾ ਜਜ਼ਬਾ ਸੀ। ਸ਼ਰੋਮਣੀ ਅਕਾਲੀ ਦਲ ਨਾਲ ਜੁੜ ਕੇ ਉਹਨਾਂ ਨੇ ਪੰਜਾਬ ਤੇ ਪੰਥ ਦੇ ਮਸਲਿਆਂ ਤੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਰੱਖੀ।
33 ਸਾਲ ਦੀ ਉਮਰ ਵਿੱਚ ਉਹ ਕੈਨੇਡਾ ਆ ਗਏ। ਉਹ ਬੀਸੀ ਦੇ ਸ਼ਹਿਰ ਮੈਰਿਟ ਵਿਚ ਲੰਮਾਂ ਸਮਾਂ ਰਹੇ ਜਿਥੇ ਲੰਬਰ ਇੰਡਸਟਰੀ ਵਿੱਚ ਮਿਹਨਤ ਕੀਤੀ। ਉੱਥੇ ਹੀ ਸਮੇਂ ਸਮੇਂ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਰਹੇ। ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਉਹਨਾਂ ਨੇ ਨੇੜਿਓਂ ਵੇਖਿਆ ਤਾਂ ਉਹਨਾਂ ਸਮੱਸਿਆਵਾਂ ਦੇ ਹੱਲ ਲਈ ਉਹਨਾਂ ਕਈ ਉਪਰਾਲੇ ਕੀਤੇ। ਉਹਨਾਂ ਕਈ ਦਹਾਕੇ ਪਹਿਲਾਂ ਇੰਡੋ ਕਨੇਡੀਅਨ ਭਾਈਚਾਰੇ ਦਾ ਪਹਿਲਾ ਪੰਥਕ ਮੈਗਜ਼ੀਨ ‘ਸਿੱਖ ਸਮਾਚਾਰ’ ਸ਼ੁਰੂ ਕੀਤਾ। ਉਨ੍ਹਾਂ ਵੱਲੋਂ ਪੰਜਾਬੀ ਕਮਿਊਨਿਟੀ ਦਾ ਪਹਿਲਾ ਰੇਡੀਓ ਸਟੇਸ਼ਨ ‘ਸ਼ੇਰੇ-ਪੰਜਾਬ’ ਖੋਲ੍ਹਿਆ ਗਿਆ। ਉਹਨਾਂ ਦੀ ਹਮੇਸ਼ਾ ਸੋਚ ਰਹੀ ਕਿ ਅਸੀਂ ਸਮਾਜ ਨੂੰ ਕਿਵੇਂ ਜੋੜ ਸਕਦੇ ਹਾਂ। ਕੈਨੇਡਾ ਦੇ ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਦੀ ਅਕਾਲ ਚਲਾਣੇ ਉੱਪਰ ਡੂੰਘਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।
Leave a Comment
Your email address will not be published. Required fields are marked with *