ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਅਜੋਕੀ ਸਿੱਖ ਵਿਦਵਾਨੀ ਦੀ ਮਹੱਤਵਪੂਰਨ ਪਹਿਚਾਣ ਹਨ। ਉਨ੍ਹਾਂ ਦੀ ਰਚਨਾ ਦਾ ਮਹੱਤਵ ਸਿੱਖੀ ਦੇ ਪਹਿਚਾਣ ਚਿੰਨ੍ਹਾਂ ਦਾ ਸਹੀ ਸੰਦਰਭ ਵਿਚ ਮੁਲੰਕਣ ਕਰਨਾ ਹੈ। ਉਨ੍ਹਾਂ ਦੀ ਪੁਸਤਕ ‘ਸਾਚੀ ਸਾਖੀ* ਦੀ ਮਹੱਤਤਾ ਏਨੀ ਵਧੀ ਕਿ ਅੱਜ ਇਹ ਪੁਸਤਕ ਅਧਿਐਨ ਲਈ ਉਪਲਬਧ ਨਹੀਂ ਸੀ। ਡਾ. ਭਗਵੰਤ ਸਿੰਘ ਦਾ ਇਹ ਯਤਨ ਅਤਿਅੰਤ ਸ਼ਲਾਘਾਯੋਗ ਹੈ। ਸਾਚੀ ਸਾਖੀ ਦਾ ਸੱਚ ਜਾਨਣ ਲਈ ਇਸ ਪੁਸਤਕ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ ਜਦੋਂ ਡਾ. ਭਗਵੰਤ ਸਿੰਘ ਅਤੇ ਸੰਦੀਪ ਸਿੰਘ ਇਸ ਪੁਸਤਕ ਦਾ ਮੁਲੰਕਣ ਵਿਧੀ ਰਾਹੀਂ ਅਧਿਐਨ ਕਰਦੇ ਹਨ। ਬਹੁਤ ਸਾਰੇ ਵਿਚਾਰਾਂ ਦਾ ਖੰਡਨ ਜਾਂ ਮੰਡਨ ਕਰਨ ਲਈ ਡਾ. ਸਾਹਿਬ ਨੇ ਕਈ ਵਿਦਵਾਨ ਖੋਜਕਾਰਾਂ ਦੀ ਵਿਚਾਰਧਾਰਾ ਦਾ ਗੰਭੀਰਤਾ ਨਾਲ ਅਧਿਐਨ ਕੀਤਾ ਹੈ।ਇਹ ਪਹਿਲੀ ਵਾਰ ਹੈ ਕਿ ਸਿਰਦਾਰ ਕਪੂਰ ਸਿੰਘ ਦੇ ਸਿਧਾਂਤਾਂ ਦਾ ਵਿਸ਼ਲੇਸਣ ਉਪਲਬਧ ਵਿਭਿੰਨ ਵਿਦਵਾਨਾਂ ਦੀਆਂ ਵਿਚਾਰਧਾਰਕ ਕ੍ਰਿਤਾਂ ਦਾ ਗੰਭੀਰ ਅਧਿਐਨ ਕਰਕੇ ਇਕ ਸੰਤੁਲਿਤ ਧਾਰਨਾ ਪ੍ਰਸਤੁਤ ਕੀਤੀ ਹੈ। ਅਨੇਕਾਂ ਵਿਦਵਾਨਾਂ ਦੇ ਵਿਚਾਰਾਂ ਨੂੰ ਇਕੱਤਰ ਕਰਕੇ ਉਨ੍ਹਾਂ ਨੂੰ ਇਕ ਲੜੀ ਵਿਚ ਪਰੋਇਆ ਹੈ ਇਸ ਪ੍ਰਕਾਰ ਸੁਹਿਰਦ ਖੋਜੀਆਂ ਨੇ ਸਿਰਦਾਰ ਕਪੂਰ ਸਿੰਘ ਬਾਰੇ ਪਾਏ ਜਾ ਰਹੇ ਭਰਮ— ਭੁਲੇਖਿਆਂ ਨੂੰ ਦੂਰ ਕਰਨ ਦਾ ਸਫਲ ਉਪਰਾਲਾ ਕੀਤਾ ਹੈ। ਸਿਰਦਾਰ ਕਪੂਰ ਸਿੰਘ ਦੇ ਜੀਵਨ ਤੇ ਕਾਰਜਾਂ ਬਾਰੇ ਅਨੇਕਾਂ ਅਦ੍ਰਿਸ਼ ਪੱਖਾਂ ਨੂੰ ਪਾਠਕਾਂ ਦੇ ਰੂ—ਬ—ਰੂ ਕੀਤਾ ਹੈ। ਸਾਚੀ ਸਾਖੀ ਵਿੱਚ ਸਿਰਦਾਰ ਕਪੂਰ ਸਿੰਘ ਨੇ ਅਨੇਕਾਂ ਇਤਿਹਾਸਕ ਸਮਾਜਕ, ਰਾਜਨੀਤਕ, ਧਾਰਮਿਕ ਘਟਨਾਵਾਂ ਦਾ ਜ਼ਿਕਰ ਬਹੁਤ ਪੁਖ਼ਤਗੀ ਨਾਲ ਕੀਤਾ ਹੈ। ਸ਼ਰੱਈ ਏਕਾਕੇਂਦ੍ਰਤ ਇਸਲਾਮੀ ਸਮਾਜ ਦਾ ਵਿਕਰਾਲ ਰੂਪ ਜਿਆਉਦੀਨ ਬਰਨੀ ਜੋ ਸੁਲਤਾਨ ਅਲਾਉਦੀਨ ਖਿਲਜ਼ੀ ਦਾ ਸਮਾਕਲੀ ਸੀ ਦੀ ਪੁਸਤਕ ‘ਤਾਰੀਖ—ਫਿਰੋਜ਼ਸ਼ਾਹੀ* ਦੇ ਰਾਹੀਂ ਪ੍ਰਤਸੁਤ ਹੁੰਦਾ ਹੈ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਹੈ ਜੋ ਲੂੰ ਕੰਡੇ ਖੜ੍ਹੇ ਕਰ ਦਿੰਦਾ ਹੈ। ਸੁਲਤਾਨ ਨੇ ਕਾਜ਼ੀ ਕੋਲੋਂ ਇਹ ਪੁੱਛਿਆ ਕਿ ‘ਸ਼ਰਅ ਦੇ ਮੁਤਾਬਿਕ ਕਿਸ ਹਿੰਦੂ ਨੂੰ ਖਰਾਜ਼ ਗੁਜ਼ਾਰ ਕਿਹਾ ਜਾਂਦਾ ਹੈ। ਕਾਜ਼ੀ ਨੇ ਉੱਤਰ ਦਿੱਤਾ ‘ਸ਼ਰਅ ਦੇ ਮੁਤਾਬਿਕ ਉਸ ਹਿੰਦੂ ਨੂੰ ਖਰਾਜ਼ ਗੁਜ਼ਾਰ ਕਿਹਾ ਜਾਵੇਗਾ ਜੋ ਉਸ ਵੇਲੇ ਜਦੋਂ ਸਰਕਾਰੀ ਉਗਰਾਹੀ ਕਰਨ ਵਾਲਾ ਚਾਂਦੀ ਮੰਗੇ ਤਦ ਉਹ ਹਿੰਦੂ ਬਿਨਾਂ ਵਿਲੰਬ ਅਤਿ ਅਧੀਨਗੀ ਨਾਲ ਸੋਨਾ ਪੇਸ਼ ਕਰੇ, ਅਤੇ ਜੇ ਉਗਰਾਹੀ ਕਰਨ ਵਾਲਾ ਉਸਦੇ ਮੂੰਹ ਵਿੱਚ ਥੁੱਕੇ ਤਾਂ ਉਹ ਬਿਨਾਂ ਗਿਲਾਨੀ ਕੀਤੇ ਦੇ ਆਪਣਾ ਮੂੰਹ ਅੱਡ ਦੇਵੇ ਅਤੇ ਨਾਲ ਹੀ ਉਗਰਾਹੀ ਕਰਨ ਵਾਲੇ ਦੀ ਪੂਰੀ ਸੇਵਾ—ਟਹਿਲ ਕਰੇ।
‘ਸਾਖੀ ਸਾਚੀ ਦਾ ਅਸਲੀ ਸੱਚ’ ਪੁਸਤਕ ਅਨੇਕਾਂ ਹਵਾਲਿਆਂ ਨੂੰ ਪਹਿਲੀ ਵਾਰ ਸਾਹਮਣੇ ਲਿਆਉਂਦੀ ਹੈ। ਸਾਚੀ ਸਾਖੀ ਦਾ ਮੁਲਾਂਕਣ ਕਰਨ ਸਮੇਂ ਸਿੱਖ ਵਿਚਾਰਧਾਰਾ ਦੇ ਦਿੱਗਜ਼ ਚਿੰਤਕਾਂ ਦੀਆਂ ਲਿਖਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸ. ਗੁਰਤੇਜ ਸਿੰਘ, ਪ੍ਰਿੰਸੀਪਲ ਭਰਪੂਰ ਸਿੰਘ, ਡਾ. ਸਵਰਾਜ ਸਿੰਘ, ਜੈ—ਤੇਗ ਸਿੰਘ ਅਨੰਤ, ਡਾ. ਭਗਵਾਨ ਸਿੰਘ, ਪ੍ਰੋ. ਹਰਪਾਲ ਸਿੰਘ, ਗਜਿੰਦਰ ਸਿੰਘ, ਡਾ. ਜਸਵੀਰ ਸਿੰਘ ਸਾਬਰ, ਭਾਈ ਹਰੀਸਿਮਰਨ ਸਿੰਘ, ਹਰਪਾਲ ਸਿੰਘ ਸੇਵਕ, ਡਾ. ਭਗਵੰਤ ਸਿੰਘ, ਪ੍ਰੋ. ਅਵਤਾਰ ਸਿੰਘ, ਪ੍ਰੋ. ਪ੍ਰੀਤਮ ਸਿੰਘ, ਗੁਰਚਰਨਜੀਤ ਸਿੰਘ ਲਾਂਬਾ, ਡਾ. ਮੇਘਾ ਸਿੰਘ, ਖੁਸ਼ੀ ਰਾਮ, ਸੁਤੇ ਅਹੀਰ, ਤੇਜਾ ਸਿੰਘ ਤਿਲਕ, ਅਲਬੇਲ ਸਿੰਘ ਗਰੇਵਾਲ, ਦਵਿੰਦਰ ਸਿੰਘ ਗਿੱਲ ਜੀਆ ਨੱਥਾ, ਗੁਰਮੀਤ ਸਿੰਘ ਐਡਵੋਕੇਟ ਆਦਿ ਦੇ ਲੇਖਾਂ ਨੂੰ ਪੁਸਤਕ ਵਿੱਚ ਸ਼ਾਮਿਲ ਕਰਕੇ ਡਾ. ਭਗਵੰਤ ਸਿੰਘ ਹੁਰਾਂ ਨੇ ਸਿਰਦਾਰ ਕਪੂਰ ਸਿੰਘ ਤੇ ‘ਸਾਚੀ ਸਾਖੀ* ਬਾਰੇ ਆਪਣੀਆਂ ਸਥਾਪਤ ਕੀਤੀਆਂ ਧਾਰਨਾਵਾਂ ਦੀ ਪੁਸ਼ਟੀ ਕੀਤੀ ਹੈ। ਸਾਚੀ ਸਾਖੀ ਅਜੋਕੇ ਪ੍ਰਸੰਗ ਅਤੇ ਘਟਨਾਵਾਂ ਦੇ ਸੰਦਰਭ ਵਿੱਚ ਪੂਰੀ ਤਰ੍ਹਾਂ ਤਰਕ ਸੰਗਤ ਹੈ। ਸਿਰਦਾਰ ਕਪੂਰ ਸਿੰਘ ਦੀਆਂ ਹੱਥ ਲਿਖਤਾਂ ਦੇ ਨਮੂਨੇ ਉਨ੍ਹਾਂ ਦੀ ਪੁਸਤਕ ‘ਸਾਚੀ ਸਾਖੀ’ ਦਾ ਮੂਲ ਪਾਠ, ਅਨੇਕਾਂ ਦੁਰਲੱਭ ਤਸਵੀਰਾਂ ਅਤੇ ਬਹੁਚਰਚਿਤ ਅਨੰਦਪੁਰ ਸਾਹਿਬ ਦੇ ਮਤੇ ਦੇ ਖਰੜੇ ਦੀ ਫੋਟੋ ਕਾਪੀ ਸ਼ਾਮਿਲ ਕਰਕੇ ਪੁਸਤਕ ਨੂੰ ਇਤਿਹਾਸਕ ਦਸਤਾਵੇਜ ਬਣਾ ਦਿੱਤਾ ਹੈ। ਲੋਕ ਗੀਤ ਪ੍ਰਕਾਸ਼ਨ ਮੁਹਾਲੀ/ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ 505 ਪੰਨਿਆਂ ਦੀ ਵੱਡ ਆਕਾਰੀ ਵਿਲੱਖਣ ਪੁਸਤਕ ‘ਸਾਖੀ ਸਾਚੀ ਦਾ ਅਸਲੀ ਸੱਚ’ ਪੰਜਾਬੀ ਸਾਹਿਤ ਜਗਤ ਵਿੱਚ ਨਵਾਂ ਬਿਰਤਾਂਤ ਸਿਰਜੇਗੀ। ਮੈਂ ਇਸ ਕਾਰਜ ਲਈ ਡਾ. ਭਗਵੰਤ ਸਿੰਘ ਅਤੇ ਸੰਦੀਪ ਸਿੰਘ ਨੂੰ ਵਧਾਈ ਦਿੰਦਾਂ ਹਾਂ।
ਡਾ. ਤੇਜਵੰਤ ਮਾਨ ਸਾਹਿਤ ਰਤਨ
ਹਰਗੋਬਿੰਦਪੁਰਾ ਬਸਤੀ, ਕਾਲਜ ਰੋਡ, ਸੰਗਰੂਰ । ਮੋ. 98767—83736

