ਹਰ ਇਨਸਾਨ ਦੀ ਜ਼ਿੰਦਗੀ ਝਰਨੇ ਦੇ ਪਾਣੀ ਵਾਂਗ ਵਹਿੰਦੀ ਪੱਥਰਾਂ ਰੇਤ ਦੇ ਮੈਦਾਨਾਂ ਦੇ ਰਾਹੀਂ ਗੁਜ਼ਰਦੀ ਹੋਈ ਲੰਘਦੀ ਹੈ ਪਰ ਇਸ ਤਰਦੇ ਪਾਣੀ ਦੇ ਸਫ਼ਰ ਦੀ ਪੜਚੋਲ ਕਰਦਿਆਂ ਜਦੋਂ ਮੈਂ ਇੱਕ ਘਰੇਲੂ ਔਰਤ ਜੋ ਕੀ ਮੱਧਮ ਵਰਗ ਨਾਲ ਸਬੰਧ ਰੱਖਦੀ ਹੈ ਬਾਰੇ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਵਿਚਾਰ ਕੀਤੀ ਤਾਂ ਮੈਨੂੰ ਇਹ ਅਹਿਸਾਸ ਹੋਇਆ ਇਹ ਕਿ ਇਕ ਔਰਤ ਦੀ ਕਹਾਣੀ ਨਹੀਂ ਇਹ ਸਾਡੀਆਂ ਸਾਰੀਆਂ ਸੁਘੜ ਸਿਆਣੀਆਂ ਕੁੜੀਆਂ ਦੀ ਗੱਲ ਹੈ ਰੋਜ਼ਾਨਾ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਵੇਲੇ ਤੱਕ ਦੇ ਰਝੇਵੇਂ ਵਿੱਚ ਜੋ ਕੰਮ ਕਾਰ ਚਲਦੇ ਹਨ ਉਹਨਾਂ ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਹ ਹਰ ਇੱਕ ਔਰਤ ਦੀ ਕਹਾਣੀ ਹੈ ਸਵੇਰੇ ਟੁਥ ਬਰਸ਼ ਵਰਤਣ ਵੇਲੇ ਜੇਕਰ ਟ ੁਥ ਪੇਸਟ ਖਤਮ ਹੋ ਗਿਆ ਹੈ ਤਾਂ ਬਾਕੀ ਪਰਿਵਾਰਿਕ ਮੈਂਬਰ ਨਵਾਂ ਪੇਸਟ ਵਰਤਣਾ ਸ਼ੁਰੂ ਕਰ ਦਿੰਦੇ ਹਨ ਪਰ ਘਰ ਦੀ ਸੁਆਣੀ ਉਸ ਪੇਸਟ ਨੂੰ ਨੱਪ ਨੱਪ ਕੇ ਮਰੋੜ ਮਰੋੜ ਕੇ ਦੋ ਤਿੰਨ ਦਿਨ ਵਰਤਣ ਤੋਂ ਬਾਅਦ ਸਿੱਟਦੀ ਹੈ । ਇਸੇ ਤਰਹਾਂ ਜੇਕਰ ਨਹਾਉਣ ਵਾਲੀ ਸਾਬਣ ਬਿਲਕੁਲ ਘਸ ਗਈ ਹੈ ਤਾਂ ਬੱਚੇ ਨਵੀਂ ਸਾਬਣ ਸ਼ੌਂਕ ਨਾਲ ਕੱਢ ਕੇ ਵਰਤਣਗੇ ਪਰ ਔਰਤ ਪੁਰਾਣੀ ਸਾਬਣ ਨਾਲ ਹੀ 10-20 ਦਿਨ ਨਹਾਉਂਦੀ ਰਹਿੰਦੀ ਹੈ । ਉਦੋਂ ਤੱਕ ਦੂਸਰੀ ਟਿੱਕੀ ਘਸ ਕੇ ਥੋੜੀ ਰਹਿ ਜਾਂਦੀ ਹੈ ਤੇ ਫੇਰ ਉਹ ਟਿੱਕੀ ਔਰਤ ਦੇ ਹਿੱਸੇ ਆਉਂਦੀ ਹੈ ,ਇਹ ਵੱਖ ਗੱਲ ਹੈ ਕਿ ਉਸ ਨੂੰ ਕਿਹੜਾ ਕੋਈ ਕਹਿੰਦਾ ਹੈ ਕਿ ਉਹ ਨਵੀਂ ਪੇਸਟ ਜਾਂ ਨਵੀਂ ਸਾਬਣ ਨਾ ਵਰਤੇ ਪਰ ਉਸ ਨੂੰ ਇਹ ਫਜੂਲ ਖਰਚੀ ਲੱਗਦੀ ਹੈ ।ਇਸੇ ਤਰ੍ਹਾਂ ਘਰ ਵਿੱਚ ਲਿਆਂਦੀ ਸਬਜ਼ੀ ਫ਼ਰੂਟ ਦੇ ਲਿਫਾ਼ਫੇ ਬੱਚੇ ਕਈ ਵਾਰ ਇਕਦਮ ਫਾੜ ਦਿੰਦੇ ਹਨ ਪਰ ਸਾਡੇ ਘਰ ਦੀਆਂ ਸੁਆਣੀਆਂ ਉਸ ਲਿਫਾਫੇ ਨੂੰ ਵੀ ਸਾਂਭ ਸਾਂਭ ਕੇ ਰੱਖਦੀਆਂ ਹਨ ਕੀ ਹੋਰ ਨਹੀਂ ਤਾਂ ਕੂੜੇ ਦੇ ਡਸਟਬੀਨ ਤੇ ਚੜਾਉਣ ਦੇ ਹੀ ਕੰਮ ਆਵੇਗਾ। ਜੇਕਰ ਲਿਪਸਟਿਕ ਮੁੱਕ ਜਾਵੇ ਤਾਂ ਵੀ ਉਹ ਉਸ ਨੂੰ ਬਰਸ਼ ਨਾਲ ਲਗਾਉਂਦੀਆਂ ਰਹਿੰਦੀਆਂ ਹਨ ਜਦੋਂ ਤੱਕ ਕੀ ਥੱਲਾ ਨਾ ਦਿਸ ਣ ਲੱਗ ਜਾਵੇ। ਕੱਪੜੇ ਧੋਣ ਵੇਲੇ ਵੀ ਉਹ ਆਪਣੇ ਤੇ ਬੱਚਿਆਂ ਦੇ ਕੱਪੜੇ ਬਾਅਦ ਵਿੱਚ ਸਾਫ਼ ਸਰਫ ਵਿੱਚ ਪਾਉਂਦੀਆਂ ਹਨ, ਪਹਿਲਾਂ ਮਰਦਾਨਾ ਕੱਪੜੇ ਧੋਂਦੀਆਂ ਹਨ ਕਿਉਂਕਿ ਇਹ ਘੱਟ ਗੰਦੇ ਹੁੰਦੇ ਹਨ ਤੇ ਅਖੀਰ ਵਿੱਚ ਜੋ ਸਰਫ਼ ਵਾਲਾ ਪਾਣੀ ਬਚ ਜਾਂਦਾ ਹੈ, ਉਸ ਨਾਲ ਹੋਰ ਨਹੀਂ ਤਾਂ ਫਰਸ਼ ਤੇ ਪੋਚੇ ਹੀ ਲਾ ਲੈਂਦੀਆਂ ਹਨ ਕਿ ਫਰਸ਼ ਚਮਕ ਜਾਵੇਗੀ ਇਸੇ ਤਰ੍ਹਾਂ ਆਰੋ ਦਾ ਫਾਲਤੂ ਪਾਣੀ ਬਰਤਨ ਸਾਫ ਕਰਨ ਜਾਂ ਬੂਟਿਆਂ ਨੂੰ ਪਾ ਦਿੰਦੀਆਂ ਹਨ। ਪੁਰਾਣੇ ਸੂਟ ਜਾਂ ਪੈਂਟਾਂ ਦੇ ਸਿਰਹਾਣੇ ਜਾਂ ਥੈਲੇ ਬਣਾ ਲੈਂਦੀਆਂ ਹਨ। ਪੁਰਾਣੀਆਂ ਚੁੰਨੀਆਂ ਦੇ ਝਾੜ ਪੂੰਝ ਵਾਲੇ ਕੰਮ ਲਾ ਲੈਂਦੀਆਂ ਹਨ ।ਪੁਰਾਣੇ ਤੌਲੀਏ ਨੂੰ ਪੋਚਾ ਬਣਾ ਲੈਂਦੀਆਂ ਹਨ ।ਪੁਰਾਣੇ ਸੂਟਾਂ ਤੇ ਚੁੰਨੀਆਂ ਦੇ ਸੂਤ ਬਣਾ ਕੇ ਮੰਜੇ ਤੇ ਦਰੀਆਂ ਬਣਾ ਲੈਂਦੀਆਂ ਹਨ। ਪੁਰਾਣੇ ਸਵੈਟਰਾਂ ਨੂੰ ਦੇੜ ਕੇ ਦਰੀਆਂ ਤੇ ਖੇਸ ਬਣਾ ਲੈਂਦੀਆਂ ਹਨ ,ਜਿਹੜੇ ਕਿ ਬਹੁਤ ਨਿੱਘੇ ਹੁੰਦੇ ਹਨ। ਪੁਰਾਣੀਆਂ ਜਰਾਬਾਂ ਵਿੱਚ ਸਾਬਣਾਂ ਦੇ ਛੋਟੇ ਛੋਟੇ ਬੱਚੇ ਟੁਕੜੇ ਪਾ ਕੇ ਕੱਪੜੇ ਧੋ ਲੈਂਦੀਆਂ ਹਨ ਪਰ ਉਹਨਾਂ ਨੂੰ ਸਿੱਟਦੀਆਂ ਨਹੀਂ। ਪੁਰਾਣੀਆਂ ਚੁੰਨੀਆਂ ਨੂੰ ਦੁਬਾਰਾ ਦੋ ਤਿੰਨ ਵਾਰ ਸੂਟਾਂ ਨਾਲ ਡਾਈ ਕਰਵਾ ਕੇ ਤਿੰਨ ਚਾਰ ਸਾਲ ਤੋਂ ਵੱਧ ਹੰਡਾ ਲੈਂਦੀਆਂ ਹਨ। ਪੁਰਾਣੀਆਂ ਚੁੰਨੀਆਂ ਨਾਲ ਸਸਤੇ ਗਰਮੀਆਂ ਵਾਲੇ ਸਰਦੀਆਂ ਵਾਲੇ ਸਸਤੇ ਸਸਤੇ ਸੂਟ ਲੈ ਕੇ ਸਵਾ ਲੈਂਦੀਆਂ ਹਨ ਪੁਰਾਣੇ ਕੱਪੜਿਆਂ ਦੇ ਨਾਲੇ ਬਣਾ ਲੈਂਦੀਆਂ ਹਨ। ਜਦੋਂ ਸਾਬਣਾ ਘਸ ਘਸ ਕੇ ਛੋਟੀਆਂ ਰਹਿ ਜਾਂਦੀਆਂ ਤਾਂ ਉਹਨਾਂ ਨੂੰ ਕੁੱਟ ਕੇ ਗੋਲ ਟਿੱਕੀ ਬਣਾ ਕੇ ਉਸ ਨੂੰ ਹੱਥ ਧੋਣ ਲਈ ਵਾਸ ਬੇਸ਼ਣ ਤੇ ਰੱਖ ਦਿੰਦੀਆਂ ਹਨ। ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਨਾਂ ਹਨ ਅੱਜ ਜਿਹੜੀਆਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਹਰ ਘਰ ਵਿੱਚ, ਹਰ ਔਰਤ ਨਾਲ ਵਾਪਰਦੀਆਂ ਹਨ ,ਪਰ ਅੱਜ ਸਾਡੀਆਂ ਨੂੰਹਾਂ ਧੀਆਂ ਇਸ ਤਰਹਾਂ ਦੀ ਸਿਆਣਪ ਨੂੰ ਕੰਜੂਸਪੁਨਾ ਦੱਸ ਕੇ ਅੱਖੋਂ ਉਲੇ ਕਰਦੀਆਂ ਹੋਈਆਂ ਅੱਗੋਂ ਆਪਣੀਆਂ ਵੱਡੀਆਂ ਬੀਬੀਆਂ ਨੂੰ ਜਿੰਦਗੀ ਖੁੱਲ ਕੇ ਜਿਉਣ ਦੀਆਂ ਮੱਤਾਂ ਦਿੰਦੀਆਂ ਹਨ ਜਦੋਂ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਇਹ ਸਿਆਣਪਾ ਛੱਡਣ ਦੀ ਲੋੜ ਨਹੀਂ, ਇਨ੍ਹਾਂ ਸਿਆਣਪਾਂ ਦੇ ਨਾਲ ਨਾਲ ਹੋਰ ਬਹੁਤ ਗੱਲਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜਿਵੇਂ ਕਿ ਅਸੀਂ ਸਿਰਫ ਵੱਡਿਆਂ ਦੀ ਗੱਲ ਨੂੰ ਸਬਰ ਨਾਲ ਸੁਣਨ ਦਾ ਹੀ ਹੌਸਲਾ ਕਰ ਲਈਏ। ਜਦੋਂ ਇਨਸਾਨ 50 ਦੇ ਨੇੜੇ ਢੁੱਕਦਾ ਹੈ ਤਾਂ ਉਸਨੂੰ ਆਪਣੇ ਮਾਂ ਪਿਓ ਸੱਸ ਸਹੁਰੇ ਤੇ ਵੱਡਿਆਂ ਦੀਆਂ ਗੱਲਾਂ ਬਹੁਤ ਜਿਆਦਾ ਹੀ ਸਹੀ ਲੱਗਣ ਲੱਗਦੀਆਂ ਹਨ। ਇਸ ਤਰ੍ਹਾਂ ਫਿਰ ਉਹਨਾਂ ਦੀਆਂ ਸਿਆਣਪਾਂ ਉਹਨਾਂ ਤੋਂ ਅਗਲੀ ਪੀੜੀ ਨੂੰ ਕੰਜੂਸੀਆਂ ਲੱਗਦੀਆਂ ਹਨ ਇਹ ਪੀੜੀਆਂ ਦੀ ਸੋਚ ਦਾ ਫਰਕ ਖਤਮ ਨਹੀਂ ਹੋ ਸਕਦਾ ਪਰ ਹਾਂ! ਘੱਟ ਜਰੂਰ ਸਕਦਾ ਹੈ ।

ਜਸਬੀਰ ਕੌਰ (ਸਹਾਇਕ ਪ੍ਰੋਫ਼ੈਸਰ)
ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ