ਰੂਬੀ ਨਾਮਵਰ ਚਿਹਰਾ, ਜੋ ਕਿ ਇੱਕ ਸਮਾਜ ਸੇਵਿਕਾ ਹੈ। ਉਸ ਵੱਲ ਨਜ਼ਰ ਇੱਕ ਸਿਆਸੀ ਲੀਡਰ ਦੀ ਪੈਂਦੀ ਹੈ। ਉਹ ਰੂਬੀ ਨਾਲ ਸੰਪਰਕ ਕਰਦਾ ਹੈ ਅਤੇ ਉਸਨੂੰ ਕਹਿੰਦਾ ਹੈ ਭੈਣ ਜੀ ਆਪ ਸਮਾਜ ਲਈ ਬਹੁਤ ਚਿੰਤਾ ਰੱਖਦੇ ਹੋ, ਕਿਉਂ ਨਾ ਸਾਡੀ ਸਿਆਸੀ ਪਾਰਟੀ ਨਾਲ ਜੁੜ ਕੇ ਉੱਚ ਪੱਧਰ ‘ਤੇ ਸਮਾਜ ਸੇਵਾ ਕਰੋ। ਸਿਆਸੀ ਲੀਡਰ ਵੀ ਤਾਂ ਸਮਾਜ ਸੇਵਾ ਹੀ ਕਰਦੇ ਹਨ। ਰੂਬੀ ਨੂੰ ਉਸ ਸਿਆਸੀ ਲੀਡਰ ਦਾ ਸੁਝਾਅ ਵਧੀਆ ਲੱਗਾ ਅਤੇ ਉਸਨੇ ਉਹਨਾਂ ਦੀ ਪਾਰਟੀ ਜੁਆਇਨ ਕਰ ਲਈ। ਜਿੱਥੇ ਪਾਰਟੀ ਦੇ ਕੁਝ ਹੋਰ ਲੀਡਰਾਂ ਨੂੰ ਰੂਬੀ ਦਾ ਪਾਰਟੀ ਵਿੱਚ ਆਉਣਾ ਬਹੁਤ ਵਧੀਆ ਲੱਗਾ, ਉੱਥੇ ਹੀ ਕੁਝ ਲੀਡਰਾਂ ਨੂੰ ਰੂਬੀ ਦਾ ਪਾਰਟੀ ਵਿੱਚ ਆਉਣਾ ਖਟਕਣ ਲੱਗ ਪਿਆ। ਕਿਉਂਕੀ ਪਾਰਟੀ ਵਿੱਚ ਉਹ ਆਪਣਾ ਰੁੱਤਬਾ ਹੀ ਉੱਚਾ ਸਮਝਦੇ ਸਨ। ਸੂਝਵਾਨ ਸ਼ਖਸ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਉਨ੍ਹਾਂ ਦੀ ਅੱਖ ਵਿੱਚ ਰੜਕਨਾ ਲਾਜ਼ਮੀ ਸੀ। ਰੂਬੀ ਆਪਣੇ ਸੁਭਾਅ ਦੇ ਮੁਤਾਬਿਕ ਪਾਰਟੀ ਦੇ ਕੰਮਾਂ ਨੂੰ ਆਪਣਾ ਇੱਕ ਸਮਾਜਿਕ ਫਰਜ਼ ਸਮਝ ਕੇ ਕਰਨ ਲੱਗ ਪਈ। ਪਰ ਜਲਦੀ ਹੀ ਮਰਦ ਜ਼ਾਤ ਦੀ ਬਿਰਤੀ ਰੂਬੀ ਉੱਪਰ ਹਾਵੀ ਹੋਣ ਦੀ ਕੋਸ਼ਿਸ਼ ਕਰਨ ਲੱਗ ਪਈ। ਰੂਬੀ ਨੂੰ ਕੁਝ ਮਰਦ ਲੀਡਰਾਂ ਵੱਲੋਂ ਹਮੇਸ਼ਾਂ ਟੋਕਾ-ਟਾਕੀ ਸ਼ੁਰੂ ਕਰ ਦਿੱਤੀ ਗਈ। ਉਸਦੇ ਹਰ ਕੰਮ ਵਿੱਚ ਰੁਕਾਵਟਾਂ ਪਾਉਣੀਆਂ ਸ਼ੁਰੂ ਹੋ ਗਈਆਂ। ਕੁਝ ਮਰਦ ਲੀਡਰ ਰੂਬੀ ਦੇ ਕੀਤੇ ਕਾਰਜਾਂ ਦਾ ਮਜ਼ਾਕ ਉਡਾਣ ਲੱਗ ਪਏ। ਮਰਦ ਜ਼ਾਤ ਦੀ ਬਿਰਤੀ ਰੂਬੀ ਨੂੰ ਆਪਣੇ ਕੰਟਰੋਲ ਵਿੱਚ ਕਰਨ ਲਈ ਉਤਾਰੂ ਹੋ ਚੁੱਕੀ ਸੀ। ਦਫਤਰ ਵਿੱਚ ਕਰਨ ਵਾਲੇ ਕਰਮਚਾਰੀ ਤੋਂ ਲੈ ਕੇ ਪਾਰਟੀ ਦੇ ਕੁਝ ਵਰਕਰ ਅਤੇ ਕੁਝ ਮੁੱਖ ਆਗੂ ਰੂਬੀ ਉੱਪਰ ਦਬਾਓ ਪਾਉਣ ਲੱਗੇ ਕਿ ਉਹ ਉਹਨਾਂ ਤੋਂ ਪੁੱਛੇ ਬਿਨਾਂ ਕੋਈ ਵੀ ਕਾਰਜ ਨਾ ਕਰੇ। ਉਹ ਸਿਰਫ ਉਹਨਾਂ ਨਾਲ ਹੀ ਕਿੱਧਰੇ ਆਵੇ ਜਾਂ ਜਾਵੇ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਰੂਬੀ ਉਹਨਾਂ ਦਾ ਕਹਿਣਾ ਮੰਨੇਗੀ ਤਾਂ ਉਸ ਨੂੰ ਪਾਰਟੀ ਵਿੱਚ ਅੱਗੇ ਤੱਕ ਲੈ ਕੇ ਜਾਣਗੇ ਅਤੇ ਉਸਨੂੰ ਇੱਕ ਨਾਮਵਰ ਚਿਹਰਾ ਬਣਾ ਦੇਣਗੇ। ਰੂਬੀ ਮਰਦ ਜ਼ਾਤ ਦੀ ਇਸ ਬਿਰਤੀ ਉੱਤੇ ਬੜਾ ਹੱਸਦੀ ਅਤੇ ਆਪਣੇ ਪਰਿਵਾਰ ਵਿੱਚ ਅਤੇ ਆਪਣੇ ਦੋਸਤਾਂ ਵਿੱਚ ਮਰਦ ਜ਼ਾਤ ਬਿਰਤੀ ਦੇ ਚਿੱਠੇ ਖੋਲ ਦੀ ਅਤੇ ਸਿਆਸਤ ਵਿੱਚ ਹੀ ਕਿਸ ਤਰ੍ਹਾਂ ਸਿਆਸਤ ਚੱਲਦੀ ਹੈ ਉਹ ਦੱਸਦੀ। ਕਈ ਦੋਸਤਾਂ ਨੇ ਰੂਬੀ ਨੂੰ ਕਿਹਾ ਕਿ ਤੂੰ ਸਿਆਸਤ ਨੂੰ ਛੱਡ ਕੇ ਆਪਣਾ ਸਮਾਜ ਸੇਵਾ ਵਿੱਚ ਹੀ ਧਿਆਨ ਲਗਾ। ਪਰ ਪਾਰਟੀ ਦੇ ਕੁਝ ਗਿਣੇ ਚੁਣੇ ਲੀਡਰਾਂ ਦੇ ਸਮਝਾਉਣ ਨਾਲ ਰੂਬੀ ਸਿਆਸਤ ਨੂੰ ਛੱਡ ਨਹੀਂ ਸੀ ਰਹੀ। ਪਰ ਸਿਆਸਤ ਦਾ ਸ਼ਿਕੰਜਾ ਇਸ ਕਦਰ ਵੱਧ ਰਿਹਾ ਸੀ ਕਿ ਮਰਦ ਜ਼ਾਤ ਬਿਰਤੀ ਦੇ ਨਾਲ-ਨਾਲ ਹੁਣ ਔਰਤ ਜਾਤ ਬਿਰਤੀ ਵੀ ਰੂਬੀ ‘ਤੇ ਹਾਵੀ ਹੋਣ ਲੱਗ ਪਈ ਸੀ। ਰੂਬੀ ਆਪਣੇ ਸੁਭਾਅ ਦੇ ਮੁਤਾਬਕ ਪਾਰਟੀ ਦੀਆਂ ਆਪਣੇ ਤੋਂ ਉਮਰ ਵਿੱਚ ਹਰ ਵੱਡੀ ਅਤੇ ਛੋਟੀ ਔਰਤ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੰਦੀ। ਔਰਤਾਂ ਦਾ ਰੁਤਬਾ ਸਮਾਜ ਵਿੱਚ ਉੱਚਾ ਚੁੱਕਣ ਲਈ ਰੂਬੀ ਪਹਿਲਾਂ ਤੋਂ ਹੀ ਬਹੁਤ ਕੰਮ ਕਰ ਰਹੀ ਸੀ। ਉਸਨੇ ਸਿਆਸਤ ਵਿੱਚ ਵੀ ਔਰਤਾਂ ਦੇ ਰੁਤਬੇ ਨੂੰ ਉੱਚਾ ਚੁੱਕਣ ਲਈ ਸਭ ਨਾਲ ਮੇਲ-ਜੋਲ ਵਧਾਉਣਾ ਸ਼ੁਰੂ ਕੀਤਾ। ਪਾਰਟੀ ਨਾਲ ਜੁੜੀਆਂ ਪੁਰਾਣੀਆਂ ਔਰਤਾਂ ਨਾਲ ਅਗਾਂਹ ਹੋ ਕੇ ਮਿਲਣ ਦੀ ਕੋਸ਼ਿਸ਼ ਕੀਤੀ, ਇਹ ਕਹਿ ਕੇ ਕਿ ਮੈਂ ਆਪ ਜੀ ਕੋਲੋਂ ਬਹੁਤ ਕੁਝ ਸਿੱਖਣਾ ਚਾਹੁੰਦੀ ਹਾਂ ਅਤੇ ਨਵੀਆਂ ਔਰਤਾਂ ਨੂੰ ਨਾਲ ਜੋੜਨਾ ਸ਼ੁਰੂ ਕੀਤਾ, ਇਹ ਕਹਿ ਕੇ ਕਿ ਅਸੀਂ ਨਵੀਂ ਐਨਰਜੀ ਨਾਲ ਸਿਆਸਤ ਰਾਹੀਂ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਵਾਂਗੇ ਅਤੇ ਔਰਤਾਂ ਦੇ ਰੁਤਬੇ ਨੂੰ ਹੋਰ ਉੱਚ ਪੱਧਰ ‘ਤੇ ਲੈ ਕੇ ਜਾਵਾਂਗੇ। ਰੂਬੀ ਦੇ ਖੁੱਲੇ ਵਿਚਾਰਾਂ ਕਰਕੇ ਨੋਜਵਾਨ ਕੁੜੀਆਂ ਸਿਆਸਤ ਵਿੱਚ ਦਿਲਟਸਪੀ ਲੈ ਕੇ ਰੂਬੀ ਦੀ ਪਾਰਟੀ ਨਾਲ ਜੁੜ ਰਹੀਆਂ ਸੀ। ਪਰ ਜਿੱਥੇ ਰੂਬੀ ਅਜੇ ਮਰਦ ਜਾਤ ਦੀ ਬਿਰਤੀ ਨੂੰ ਹੱਸ ਕੇ ਟਾਲ ਰਹੀ ਸੀ ਉੱਥੇ ਹੀ ਰੂਬੀ ਨੂੰ ਔਰਤ ਜਾਤ ਬਿਰਤੀ ਦੀ ਵੀ ਕਿੰਤੂ-ਪ੍ਰੰਤੂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਔਰਤ ਜਾਤ ਬਿਰਤੀ ਦੇ ਕਿੰਤੂ-ਪ੍ਰੰਤੂ ਦਾ ਵਿਸ਼ਾ ਰੂਬੀ ਦਾ ਲਿਬਾਸ, ਰੂਬੀ ਦੇ ਖੁੱਲੇਵਾਲ ਅਤੇ ਰੂਬੀ ਦਾ ਆਈ ਲਾਇਨਰ ਸੀ। ਰੂਬੀ ਦਾ ਲਿਬਾਸ ਅੱਜ-ਕੱਲ ਫੈਸ਼ਨ ਦੇ ਸੂਟ ਜੋ ਕਿ ਹਮੇਸ਼ਾਂ ਦੁਪੱਟੇ ਸਮੇਤ ਹੀ ਹੁੰਦੇ ਸਨ। ਕਿਸੇ ਪੱਖੋਂ ਵੀ ਨੰਗੇਜ ਨਹੀਂ ਸੀ। ਪਰ ਫਿਰ ਵੀ ਉਹ ਵੀ ਔਰਤ ਜਾਤ ਬਿਰਤੀ ਦੀਆਂ ਅੱਖਾਂ ਵਿੱਚ ਰੜਕ ਰਹੇ ਸਨ। ਔਰਤ ਜਾਤ ਬਿਰਤੀ ਦਾ ਜਦੋਂ ਤਰਕ ਵਿਤਰਕ ਸ਼ੁਰੂ ਹੋਇਆ ਤਾਂ ਰੂਬੀ ਨੇ ਆਪਣੇ ਇੱਕ ਜਵਾਬ ਵਿੱਚ ਸਾਰੀ ਗੱਲ ਖਤਮ ਕਰ ਦਿੱਤੀ ਕਿ “ਆਪ ਜੀ ਨੇ ਆਪਣੀ ਸਮਝ ਮੁਤਾਬਿਕ ਮੁੱਦਾ ਸ਼ੁਰੂ ਕੀਤਾ ਹੈ। ਆਪ ਜੀ ਇਸ ਮੁੱਦੇ ਨੂੰ ਪਾਰਟੀ ਵਿੱਚ ਉੱਚ ਪੱਧਰ ‘ਤੇ ਲੈ ਕੇ ਜਾਉ ਜੀ।” ਕਿਉਂਕਿ ਰੂਬੀ ਹੁਣ ਤੱਕ ਸਮਝ ਚੁੱਕੀ ਸੀ ਕਿ ਔਰਤ ਜਾਤ ਬਿਰਤੀ ਦੀਆਂ ਇਹ ਕੁਝ ਔਰਤਾਂ ਦੀ ਸੋਚ ਬਹੁਤ ਹੀ ਨੀਵੀਂ ਪੱਧਰ ਦੀ ਹੈ। ਇਹ ਔਰਤਾਂ ਖੂਹ ਦੇ ਡੱਡੂ ਵਾਂਗ ਹਨ। ਜਿਨਾਂ ਨੇ ਖੂਹ ਦੇ ਵਿੱਚ ਹੀ ਚੱਕਰ ਮਾਰੇ ਹਨ। ਇਹਨਾਂ ਨੇ ਕਦੇ ਵੀ ਸਮੁੰਦਰ ਤੱਕ ਪਹੁੰਚ ਹੀ ਨਹੀਂ ਪਾਉਣਾ। ਬਲਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਮੁੰਦਰ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਜਦਕਿ ਰੂਬੀ ਖੁੱਲੇ ਸਮੁੰਦਰ ਦੀ ਡੁੰਗਾਈ ਵੀ ਨਾਪ ਚੁੱਕੀ ਸੀ ਅਤੇ ਤੈਰ ਕੇ ਉਸ ਪਾਰ ਵੀ ਜਾ ਚੁੱਕੀ ਸੀ। ਰੂਬੀ ਔਰਤ ਜਾਤ ਬਿਰਤੀ ਦੀਆਂ ਇੰਨਾਂ ਔਰਤਾਂ ਦੀ ਸੋਚ ‘ਤੇ ਮੁਸਕੁਰਾ ਕੇ ਆਪਣੇ ਕੰਮਾਂ ਵਿੱਚ ਰੁੱਝ ਗਈ। ਪਰ ਇੱਕ ਗੱਲ ਉਸਨੂੰ ਖਟਕ ਰਹੀ ਸੀ ਕਿ ਜੇਕਰ ਉਹ ਔਰਤ ਹੋ ਕੇ ਖੁਦ ਆਪਣੇ ਲਈ ਨਹੀਂ ਬੋਲੀ ਤਾਂ ਉਹਨਾਂ ਔਰਤਾਂ ਲਈ ਆਵਾਜ਼ ਕਿਵੇਂ ਬੁਲੰਦ ਕਰੇਗੀ ਜੋ ਉਸ ਵੱਲ ਦੇਖ ਕੇ ਆਪਣੇ ਅੰਦਰ ਇੱਕ ਉਮੀਦ ਜਗਾਈ ਬੈਠੀਆਂ ਹਨ ਕਿ ਉਹ ਵੀ ਕਦੇ ਰੂਬੀ ਵਾਂਗ ਇਸ ਸਮਾਜ ਵਿੱਚ ਆਪਣੀ ਇੱਕ ਪਹਿਚਾਣ ਬਣਾ ਸਕਣਗੀਆਂ। ਸਾਰੀ ਰਾਤ ਰੂਬੀ ਨੂੰ ਨੀਂਦ ਨਹੀਂ ਆਈ। ਰੂਬੀ ਸਾਰੀ ਰਾਤ ਘਰ ਦੀ ਛੱਤ ਤੇ ਟਹਿਲਦੇ ਹੋਏ ਸੋਚ ਰਹੀ ਸੀ ਕਿ ਇਹ ਲੜਾਈ ਕਿਸ ਨਾਲ ਹੈ? ਔਰਤ ਦੀ ਔਰਤ ਨਾਲ? ਔਰਤ ਦੀ ਔਰਤ ਜਾਤ ਬਿਰਤੀ ਨਾਲ? ਜਾਂ ਫਿਰ ਸਮਾਜ ਨਾਲ? ਰੂਬੀ ਦਾ ਦਿਮਾਗ ਸ਼ਾਂਤ ਨਹੀਂ ਹੋ ਰਿਹਾ ਸੀ। ਰੂਬੀ ਸੋਚ ਰਹੀ ਸੀ ਕਿ ਲੜਾਈ ਉਹ ਕਿਸ ਲਈ ਲੜ ਰਹੀ ਹੈ? ਇਸ ਨਾਲ ਕਿਸ ਨੂੰ ਫਾਇਦਾ ਹੋਵੇਗਾ? ਉਹ ਖੁਦ ਇਸ ਤਰਾਂ ਦੇ ਨੀਵੀਂ ਪੱਧਰ ਦੀ ਸੋਚ ਵਾਲੇ ਇਨਸਾਨਾਂ ਤੋਂ ਕਿਨਾਰਾ ਕਰ ਲੈਂਦੀ ਹੈ। ਦੂਰ-ਦੂਰ ਤੱਕ ਇਹੋ ਜਿਹੇ ਲੋਕਾਂ ਨਾਲ ਵਾਅ੍ਹ ਵਾਸਤਾ ਨਹੀਂ ਰੱਖਦੀ। ਫਿਰ ਹੁਣ ਕਦਮ ਕਿਉਂ ਨਹੀਂ ਚੁੱਕ ਰਹੀ? ਕੀ ਸੋਚ ਰਹੀ ਹਾਂ? ਸੋਚਦੇ-ਸੋਚਦੇ ਕਦੋਂ ਰੂਬੀ ਛੱਤ ਤੋਂ ਬਿਸਤਰ ਉੱਤੇ ‘ਤੇ ਫਿਰ ਨੀਂਦ ਦੀ ਗਹਿਰਾਈਆਂ ਵਿੱਚ ਚਲੀ ਗਈ ਉਸਨੂੰ ਖੁਦ ਪਤਾ ਹੀ ਨਹੀਂ ਲੱਗਾ। ਜਦੋਂ ਸਵੇਰੇ ਅੱਖ ਖੁੱਲੀ ਤਾਂ ਸਿਰ ਤੇ ਅੱਖਾਂ ਬਹੁਤ ਭਾਰੀ ਸਨ। ਮਨ ਵੀ ਬਹੁਤ ਭਾਰੀ ਸੀ। ਫੋਨ ਦੀ ਬੈਲ ਵੱਜੀ ਪਾਰਟੀ ਦਾ ਇੱਕ ਸੁਹਿਰਦ ਆਗੂ ਸੀ। ਪਰ ਰੂਬੀ ਨੇ ਮਨ ਮਸੋਸ ਕੇ ਫੋਨ ਚੁੱਕਿਆ। ਉਸਨੂੰ ਕੱਲ ਦੇ ਕਾਟੋ-ਕਲੇਸ਼ ਦਾ ਪਤਾ ਲੱਗਾ ਸੀ। ਰੂਬੀ ਦਾ ਮਨ ਨਹੀਂ ਸੀ ਕੁਝ ਵੀ ਦੱਸਣ ਦਾ, ਪਰ ਫਿਰ ਵੀ ਇੱਕ-ਇੱਕ ਮਰਦ ਜਾਤ ਬਿਰਤੀ ਤੇ ਔਰਤ ਜਾਤ ਬਿਰਤੀ ਨੂੰ ਬਿਆਨ ਕਰ ਦਿੱਤਾ। ਉਸ ਆਗੂ ਨੇ ਰੂਬੀ ਨੂੰ ਸਮਝਾਇਆ ਕਿ “ਇਹ ਲੋਕ ਆਪ ਜੀ ਦੇ ਰੁਤਬੇ ਤੋਂ ਪਰੇਸ਼ਾਨ ਹਨ। ਤੁਹਾਡੇ ਕੰਮਾਂ ਦੀ ਅਤੇ ਰੁਤਬੇ ਦੀ ਲਕੀਰ ਬਹੁਤ ਵੱਡੀ ਹੈ। ਇਹ ਕੋਸ਼ਸ਼ ਵੀ ਕਰਣ ਤਾਂ ਵੀ ਤੁਹਾਡੇ ਬਰਾਬਰ ਲਕੀਰ ਨਹੀਂ ਖਿੱਚ ਸਕਦੇ। ਇਸ ਲਈ ਆਪ ਜੀ ਦੀ ਲਕੀਰ ਨੂੰ ਹੀ ਮਿਟਾਉਣ ਲੱਗ ਪਏ ਹਨ।” ਰੂਬੀ ਦਾ ਭਾਰਾ ਸਿਰ ਕੁਝ ਹਲਕਾ ਹੋਇਆ। ਕੁਝ ਸਮੇਂ ਬਾਅਦ ਇੱਕ ਹੋਰ ਆਗੂ ਦਾ ਫੋਨ ਆਇਆ। ਇਸ ਸਭ ਕਾਟੋ ਕਲੇਸ਼ ਤੋਂ ਬੇਖਬਰ ਬੋਲਿਆ, “ਭੈਣ ਜੀ ਆਪ ਜੀ ਦੀਆਂ ਅਤੇ ਪਾਰਟੀ ਦੀਆਂ ਗਤੀਵਿਧੀਆਂ ਦੇਖ ਕੇ ਯੂਨੀਵਰਸਿਟੀ ਦੀਆਂ ਕੁੜੀਆਂ ਆਪ ਜੀ ਨੂੰ ਮਿਲਣਾ ਚਾਹੁੰਦੀਆਂ ਹਨ। ਦੱਸੋ ਕਦੋਂ ਮੀਟਿੰਗ ਰੱਖਾਂ?” ਰੂਬੀ ਹੱਸ ਪਈ, “ਅਗਲੇ ਹਫਤੇ ਰੱਖ ਲਓ” “ਓਕੇ ਜੀ” ਫੋਨ ਬੰਦ ਕਰਕੇ ਰੂਬੀ ਨੂੰ ਖੁਦ ਆਪਣੀ ਅਹਮਿਯਤ ਸਮਝ ਆ ਰਹੀ ਸੀ। ਉਸਨੇ ਖੁਦ ਲਈ ਆਵਾਜ਼ ਬੁਲੰਦ ਕਰਨ ਦੀ ਸੋਚੀ ਅਤੇ ਮੁੱਖ ਆਗੂਆਂ ਨੂੰ ਕਾਟੋ-ਕਲੇਸ਼ ਬਾਰੇ ਦੱਸ ਕੇ ਜਵਾਬ ਮੰਗਿਆ ਕਿ “ਪਾਰਟੀ ਰੂਬੀ ਵਰਗੀਆਂ ਪੜ੍ਹੀਆਂ ਲਿਖੀਆਂ ਤੇ ਮਾਡਰਨ ਔਰਤਾਂ ਨੂੰ ਪਾਰਟੀ ਵਿੱਚ ਲੈ ਕੇ ਆਉਣ ਤੋਂ ਪਹਿਲਾਂ ਕੀ ਸੋਚਦੀ ਹੈ ਕਿ ਪਾਰਟੀ ਦੀ ਮਰਦ ਜਾਤ ਬਿਰਤੀ ਅਤੇ ਔਰਤ ਜਾਤ ਬਿਰਤੀ ਸਾਨੂੰ ਦਬਾ ਕੇ ਰੱਖਣਗੇ?” ਰੂਬੀ ਦਾ ਸਵਾਲ ਬਹੁਤ ਤਲਖ੍ਹ ਸੀ, ਪਰ ਮੁੱਖ ਲੀਡਰਸ਼ਿਪ ਦਾ ਜਵਾਬ ਬਹੁਤ ਹੀ ਸੁਹਿਰਦ ਸੀ। “ਆਪ ਜੀ ਵਰਗੀਆਂ ਪੜ੍ਹੀਆਂ ਲਿਖੀਆਂ ਔਰਤਾਂ ਨਾਲ ਕੰਮ ਕਰਕੇ ਸਾਡੀ ਪਾਰਟੀ ਸਮਾਜ ਵਿੱਚ ਇੱਕ ਨਵੀਆਂ ਪੈੜਾਂ ਤੇ ਚੱਲ ਰਹੀ ਹੈ ਅਤੇ ਅਸੀਂ ਫਕਰ੍ਹ ਨਾਲ ਕਹਿ ਰਹੇ ਹਾਂ ਕਿ ਆਪ ਜੀ ਵਰਗੀਆਂ ਔਰਤਾਂ ਸਾਡੀ ਪਾਰਟੀ ਦੀ ਅਗਵਾਈ ਕਰ ਰਹੀਆਂ ਹਨ।” ਸੁਹਿਰਦਤਾ ਦੇ ਬੋਲ ਰੂਬੀ ਨੂੰ ਸਮੁੰਦਰ ਵਿੱਚ ਗੋਤੇ ਲਗਵਾ ਰਹੇ ਸਨ। ਰੂਬੀ ਸਿਰਫ ਸੁਣ ਰਹੀ ਸੀ, ਬੋਲ ਕੁਝ ਨਹੀਂ ਸੀ ਰਹੀ। “ਆਪ ਜੀ ਬਹੁਤ ਸੋਹਣਾ ਕਰ ਰਹੇ ਹੋ। ਸਾਨੂੰ ਆਪ ਜੀ ਤੋਂ ਇਸ ਤੋਂ ਵੀ ਵੱਧ ਦੀ ਉਮੀਦ ਹੈ।” ਰੂਬੀ ਦਾ ਸਾਰਾ ਬੋਝ ਉਤਰ ਚੁੱਕਾ ਸੀ। ਰੂਬੀ ਟਹਿਲ ਰਹੀ ਸੀ। ਮੁਸਕੁਰਾ ਰਹੀ ਸੀ। ਸਾਰੀ ਦੁਨੀਆ ਸਮੁੰਦਰ ਲੱਗ ਰਹੀ ਸੀ। ਮਰਦ ਜਾਤ ਬਿਰਤੀ ਅਤੇ ਔਰਤ ਜਾਤ ਬਿਰਤੀ ਸਮੁੰਦਰ ਦੀਆਂ ਵੱਡੀਆਂ-ਵੱਡੀਆਂ ਛੱਲਾਂ ਲੱਗ ਰਹੀਆਂ ਸਨ। ਜੋ ਉਸਨੂੰ ਆਪਣੀ ਆਗੋਸ਼ ਵਿੱਚ ਲੈ ਕੇ ਬਹਾ ਕੇ ਦੂਰ ਲੈ ਕੇ ਜਾਣ ਨੂੰ ਤਿਆਰ ਸਨ। ਪਰ ਰੂਬੀ ਉਹਨਾਂ ਉੱਚੀਆਂ ਲਹਿਰਾਂ ਵਿੱਚੋਂ ਨਿਕਲ ਕੇ ਸਮੁੰਦਰ ਦੇ ਤੈਰਾਕ ਵਾਂਗ ਮੁਸਕੁਰਾ ਰਹੀ ਸੀ। ਨਵੇਂ ਜੋਸ਼ ਅਤੇ ਨਵੀਂ ਸੋਚ ਨਾਲ ਸਿਆਸਤ ਵਿੱਚ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ।
ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ ਅਤੇ ਪ੍ਰਧਾਨ
ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ
+91-9888697078