ਮੁਨਸ਼ਾ ਸਿੰਘ ‘ਦੁਖੀ’ ਭਾਰਤ ਦੀ ਅਜ਼ਾਦੀ ਲਈ ਦੇਸ ਤੇ ਕੌਮ ਦੀ ਭਗਤੀ ’ਚ ਗੜੁੱਚੇ ਹੋਏ ਸੁਤੰਤਰਤਾ ਸੰਗਰਾਮੀ, ਅਤੇ ਗਦਰ ਪਾਰਟੀ ਦੇ ਮੁਢਲੇ ਘੁਲਾਟੀਆਂ ਵਿਚੋਂ ਹੋ ਗੁਜ਼ਰੇ ਹਨ।ਇਹੋ ਜਿਹੇ ਦੇਸ ਭਗਤਾਂ ਤੇ ਜਿੰਨਾ ਵੀ ਮਾਣ ਕੀਤਾ ਜਾਵੇ ਉਹ ਉਨਾਂ ਹੀ ਥੋੜਾ ਹੈ।ਅੱਜ ਮੁਨਸ਼ਾ ਸਿੰਘ ‘ਦੁਖੀ’ ਜੀ ਦਾ 134ਵਾਂ ਜਨਮ ਦਿਨ ਕੇਨੇਡੀਅਨ ਰਾਮਗੜ੍ਹੀਆ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਮਨਾਇਆ ਜਾ ਰਿਹਾ ਹੈ।ਸਾਡੇ ਵਿਚੋਂ ਬਹੁਤਿਆਂ ਨੇ ਤਾਂ ਇਹ ਨਾਮ ਸ਼ਾਇਦ ਪਹਿਲੀ ਵਾਰ ਹੀ ਸੁਣਿਆ ਹੋਵੇ ਪਰ ਕੈਨੇਡਾ ਅਮਰੀਕਾ ਵਿਚ ਭਾਰਤੀ ਮੂਲ ਦੇ ਵਸਨੀਕਾਂ ਵਾਸਤੇ ਬਹੁਤ ਹੀ ਮਾਣਮੱਤੀ ਵਿਰਾਸਤੀ ਜੀਵਨ ਗਾਥਾ ਹੈ।ਦੁਖਾਂ ਤਕਲੀਫਾਂ ਭਰੀ ਜਿੰਦਗੀ ਗਦਰੀ ਯੋਧੇ ਦੀ ਦਾਸਤਾਨ ਸੁਤੰਤਰਤਾ ਮਹੱਲ ਦੇ ਨੀਂਹ ਪੱਥਰ ਦੀ ਨਿਆਈਂ ਹੈ।
ਮੁਨਸ਼ਾ ਸਿੰਘ ‘ਦੁਖੀ’ ਦਾ ਜਨਮ ਜਿਲ੍ਹਾ ਜਲੰਧਰ ਵਿਚ ਦੁਆਬੇ ਦੇ ਪ੍ਰਸਿੱਧ ਕਸਬੇ ਜੰਡਿਆਲਾ ਜਿਸ ਨੂੰ ਮੰਜਕੀ ਦਾ ਇਲਾਕਾ ਵੀ ਕਹਿਆ ਜਾਂਦਾ ਹੈ ਵਿਚ ਪਹਿਲੀ ਜੁਲਾਈ 1890 ਵਿਚ ਸੂਬੇਦਾਰ ਨਿਹਾਲ ਸਿੰਘ ਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ।ਪੰਜਾਂ ਭਰਾਵਾਂ ਵਿਚੋਂ ‘ਦੁਖੀ’ ਜੀ ਦੋ ਭਰਾਵਾਂ ਤੋਂ ਵੱਡੇ ਅਤੇ ਦੋ ਤੋਂ ਛੋਟੇ ਸਨ।ਸਕੂਲੀ ਵਿਿਦਆ ਆਪ ਜੀ ਦੇ ਭਾਗਾਂ ਵਿਚ ਬਹੁਤੀ ਨਹੀਂ ਸੀ ਪਿੰਡ ਦੇ ਪ੍ਰਾਈਮਰੀ ਸਕੂਲ ਤਕ ਹੀ ਸੀਮਤ ਸੀ ਪਰ ਬਾਦ ਵਿਚ ਜਿੰਦਗੀ ਦੀਆਂ ਲੋੜਾਂ ਤੇ ਗੁਜ਼ਰਾਨ ਦੇ ਨਾਲ ਨਾਲ ਫਾਰਸੀ, ਅੰਗਰੇਜ਼ੀ, ਬੰਗਾਲੀ, ਉਰਦੂ, ਬ੍ਰਿਜਭਾਸ਼ਾ, ਹਵਾਇਨ, ਹਿੰਦੀ, ਜਰਮਨ, ਫਰਾਂਸੀਸੀ ਤੇ ਪੰਜਾਬੀ ਵਿਚ ਮਹਾਰਤ ਹਾਸਲ ਕਰ ਲਈ ਸੀ।ਮੁਨਸ਼ਾ ਸਿੰਘ ਜੀ ਦਾ ਜਨਮ ਤਾਂ ਬੇਸ਼ੱਕ ਰਾਮਗੜ੍ਹੀਆ ਕਿਰਤੀ ‘ਭੱਚੂ’ ਪਰਿਵਾਰ ਵਿਚ ਹੋਇਆ ਪਰ ਇਹਨਾਂ ਨੇ ਆਪਣਾ ਉਪਨਾਮ ‘ਦੁਖੀ’ ਨੂੰ ਆਪਣੇ ਤਖੱਲਸ ਵਜੋਂ ਅਪਨਾਇਆ ਹੀ ਨਹੀਂ ਪਰ ਦੁਖਾਂ ਤਕਲੀਫਾਂ ਦੇ ਪਹਾੜ ਸਹਿਨ ਕਰ ਜਾਣ ਦਾ ਤਰਜਮਾਨ ਵੀ ਬਣਿਐ। ਵੈਸੇ ਇਹ ਤਖੱਲਸ ਆਮ ਤੌਰ ਤੇ ਤਾਂ ਲਿਖਤਾਂ ਦੇ ਪੈਰੋਂ ਹੀ ਪੁੰਗਰਿਆ ਸੀ।
ਬਚਪਨ ਵਿਚ ਹੀ ਮੁਨਸ਼ਾ ਸਿੰਘ ‘ਦੁਖੀ’ ਜੀ ਦੇ ਜੀਵਨ ਵਿਚ ਸੰਗਤ ਦੀ ਰੰਗਤ ਚੜ੍ਹ ਗਈ ਸੀ।ਖਾਸ ਕਰਕੇ ਭਾਈ ਸੋਭਾ ਸਿੰਘ ਜੀ ਜੋ ਅੰਗਰੇਜ਼-ਸਿੱਖ ਜੁਧਾਂ ਦੁਰਾਨ ਸ਼ਾਮ ਸਿੰਘ ਅਟਾਰੀ ਜੀ ਦੇ ਅੰਗ ਰੱਖਿਅਕ ਵਜੋਂ ਲੜ ਚੁੱਕੇ ਸਨ ਤੇ ਹੁਣ ਅੰਗਰੇਜ਼ ਪੁਲਸੀਏ ਤੇ ਮੁਖਬਰਾਂ ਤੋਂ ਬਚਣ ਲਈ ਇਹਨਾਂ ਦੇ ਪਿੰਡ ਜੰਡਿਆਲਾ ਦੀ ਧਰਮਸਾਲ ਵਿਚ ਹੀ ਸਾਧੂ ਦੇ ਭੇਸ ਵਿਚ ਜੀਵਨ ਬਤੀਤ ਕਰ ਰਹੇ ਸਨ।‘ਦੁਖੀ’ ਸਾਹਿਬ ਦਾ ਅਨੁਭਵ ਸੀ ਕਿ ਅਜੋਕੇ ਮਹਾਂਪਰੁਖ ਨਿਰੇ ਯੋਧੇ ਹੀ ਨਹੀਂ ਸਨ ਬਲਕਿ ਸਿਰੇ ਦੇ ਵਿਦਵਾਨ ਵੀ ਸਨ। ਮਹਾਂਪੁਰਖਾਂ ਦੀ ਸਿਿਖਆ ਅਤੇ ਸੰਗਤ ਨੇ ਮੁਨਸ਼ਾ ਸਿੰਘ ‘ਦੁਖੀ’ ਜੀ ਨੂੰ ਨਿਢਰਤਾ ਤੇ ਨਿਧੜਕਤਾ ਦੀ ਪੁੱਠ ਦੇ ਕੇ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਖਿੜੇ ਮੱਥੇ ਜਰ ਕੇ ਬੜੇ ਹੌਸਲੇ ਨਾਲ ਮੰਜ਼ਲ ਵੱਲ ਵਧਣ ਦਾ ਵੱਲ ਸਿਖਾਇਆ।
ਫਲਸਰੂਪ ‘ਦੁਖੀ’ ਜੀ ਦੀ ਰੁਚੀ ਦੇਸ ਭਗਤੀ ਅਤੇ ਕੌਮੀ ਰਾਜਨੀਤੀ ਨਾਲ ਜੁੜ ਗਈ ਕਿਉਂਕਿ ਸੰਨ 1907 ਵਿਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰ ਰਹੇ ਸ.ਅਜੀਤ ਸਿੰਘ ਤੇ ਲਾਲਾ ਲਾਜਪਤ ਰਾਇ ਨੂੰ ਜਦੋਂ ਬਰਮਾ ਵਿਚ ਜਲਾਵਤਨ ਕਰ ਦਿੱਤਾ ਗਿਆ ਤਾਂ ਇਸ ਘਟਨਾ ਨੇ ਵੀ ਬਹੁਤ ਅਸਰ ਪਾਇਆ। ‘ਦੁਖੀ’ ਜੀ ਹੁਣ ਆਪਣੇ ਦੋ ਭਰਾਵਾਂ ਕੋਲ ਬੰਗਾਲ ਪਹੁੰਚ ਗਏ ਅਤੇ ਅਰਵਿੰਦਘੋਸ਼ ਵਲੋਂ ਸਥਾਪਿਤ ਕ੍ਰਾਂਤੀਕਾਰੀਆਂ ਦੀ ਸਭਾ ਵਿਚ ਸ਼ਾਮਿਲ ਹੋ ਗਏ।ਸਿੱਖ ਇਤਿਹਾਸ ਵਿਚਲੀਆਂ ਰੌਗਟੇ ਖੜ੍ਹੇ ਕਰਨ ਵਾਲੀਆਂ ਸਾਖੀਆਂ ਤੋਂ ਤਾਂ ਉਹ ਪਹਿਲਾਂ ਹੀ ਪ੍ਰਭਾਵਤ ਸਨ।ਹੁਣ ਉਹ ਪ੍ਰਦੇਸ ਜਾਣ ਦੀ ਲਾਲਸਾ ਹਿਤ ਹਾਂਗਕਾਂਗ ਹੂੰਦੇ ਹੋਏ ਹੋਨੋਲੁਲੂ ਪਹੁੰਚ ਗਏ ਤੇ 1910 ਵਿਚ ਅਮਰੀਕਾ ਦੇ ਸ਼ਹਿਰ ਸਨਫਰਾਂਸਿਸਕੋ ਪੁਜਣ ਵਿਚ ਸਫਲ ਹੋ ਗਏ ਜੋ ਕਿ ਉਸ ਸਮੇਂ ਸੰਸਾਰ ਭਰ ਦੇ ਕ੍ਰਾਂਤੀਕਾਰੀਆਂ ਦਾ ਸਰਗਰਮ ਸ਼ਹਿਰ ਸੀ ਤੇ ਅਪਰੈਲ 1913 ਵਿਚ ਗਦਰ ਪਾਰਟੀ ਦਾ ਮੁੱਢ ਬੱਝ ਗਿਆ। ਇਨਕਲਾਬ ਦੇ ਪ੍ਰਚਾਰ ਲਈ ਪਾਰਟੀ ਵਲੋਂ “ਗਦਰ” ਨਾਂਅ ਦਾ ਪਰਚਾ ਪਹਿਲਾਂ ਉਰਦੂ ਵਿਚ ਤੇ ਬਾਦ ਵਿਚ ਛਪਣਾ ਸ਼ੁਰੂ ਹੋ ਗਿਆ। ਸੰਨ 1916 ਤਕ ਇਸ ਪਰਚੇ ਦੀ ਛਪਵਾਈ ਦਸ ਲੱਖ ਤੀਕ ਪਹੁੰਚ ਗਈ ਜਿਹੜਾ ਕਿ ਸਭ ਥਾਈਂ ਮੁਫਤ ਭੇਜਿਆ ਤੇ ਵੰਡਿਆ ਜਾਂਦਾ ਸੀ। ‘ਦੁਖੀ’ ਜੀ ਦੀਆਂ ਕ੍ਰਾਂਤੀਕਾਰੀ ਤੇ ਜੋਸ਼ੀਲ਼ੀਆਂ ਕਵਿਤਾਵਾਂ ਇਸ ਵਿਚ ਆਮ ਛਪਦੀਆਂ ਸਨ।
ਇਕ ਤਾਂ ਮੁਨਸ਼ਾ ਸਿੰਘ ‘ਦੁਖੀ’ ਜੀ ਜੁਆਨੀ ਦੀ ਭਰ ਉਮਰ ਵਿਚ ਸਨ ਦੁਜੇ ਸਿੱਖ ਵਿਰਸਾ ਵਿਰਾਸਤ ਤੇ ਕ੍ਰਾਂਤੀਕਾਰੀਆਂ ਦੀ ਸੰਗਤ ਤੀਜੇ ਸੁਤੰਤਰ ਦੇਸ ਵਿਚ ਗੁਲਾਮਾਂ ਤੇ ਸੁਤੰਤਰਾਂ ਵਿਚਕਾਰਲੇ ਫਰਕ ਦੀ ਮਨ ਤੇ ਛਾਪ ਚੌਥੇ ਅਗਰੇਜ਼ਾਂ ਵਲੋਂ ਨੌਕਰਾਂ ਨਾਲ ਅਤਿਆਚਾਰੀ ਵਤੀਰਾ ਤੇ ਪੰਜਵੇਂ ਇਸ ਸੁਤੰਤਰ ਦੇਸ ਵਿਚ ਪ੍ਰਵਾਸੀ ਭਾਰਤੀਆਂ ਨੂੰ ਮਾਰੇ ਜਾਂਦੇ ਤਾਹਨੇ ਮਿਹਣਿਆਂ ਨੇ ਸ.ਮੁਨਸ਼ਾ ਸਿੰਘ ਦੁਖੀ ਜੀ ਦੇ ਦਿਲ ਨੂੰ ਹੋਰ ਵੀ ਝੰਝੋੜਾ ਮਾਰਿਆਂ ਤੇ ਦੁਖੀ ਜੀ ਜੀ ਦੋ ਸਾਲ ਅਮਰੀਕਾ ਗੁਜ਼ਾਰਨ ਬਾਦ ਆਪਣੇ ਭਰਾ ਕੋਲ ਕੇਨੇਡਾ ਪਹੁੰਚ ਗਏ। ਕੈਨੇਡਾ ਪਹੁੰਚ ਕੇ ਮੁਨਸ਼ਾ ਸਿੰਘ ‘ਦੁਖੀ’ ਜੀ ਗਦਰ ਪਾਰਟੀ ਵਿਚ ਹੋਰ ਵੀ ਸਰਗਰਮ ਹੋ ਗਏ ਤੇ ਗੁਰਦੁਆਰੇ ਵਿਚ ਸਤਿਸੰਗ ਕਰਨ ਦੇ ਨਾਲ ਨਾਲ ਕਵਿਤਾਵਾਂ ਲਿਖਣ ਤੇ ਇਕੱਠ ਵਿਚ ਪੜ੍ਹਨ ਨਾਲ ਇਨਕਲਾਬੀਆਂ ਦੀ ਪ੍ਰੇਰਨਾ ਸਰੋਤ ਬਣ ਗਏ।ਕਾਮਾਗਾਟਾਮਾਰੂ ਸਮੇਂ ਮੁਨਸ਼ਾ ਸਿੰਘ ਦੁਖੀ “ਸ਼ੋਰ ਕਮੇਟੀ” ਦੇ ਮੈਂਬਰ ਵੀ ਰਹੇ ਅਤੇ ਮੁਸਾਫਰਾਂ ਤੇ ਕੈਨੇਡੀਅਨ ਪੰਜਾਬੀਆਂ ਵਿਚਕਾਰ ਝੰਡੀ ਇਸ਼ਾਰਿਆਂ ਰਾਹੀਂ ਸੰਪਰਕ ਬਣਾਈ ਰੱਖਣ ਵਿਚ ਵੀ ਅਹਿਮ ਯੋਗਦਾਨ ਪਾਇਆ।
ਸੰਨ 1914 ਵਿਚ ਪਹਿਲਾ ਵਿਸ਼ਵ ਯੁੱਧ ਛਿੜਨ ਸਮੇਂ ਕ੍ਰਾਂਤੀਕਾਰੀ ਜਿਨ੍ਹਾਂ ਨੂੰ “ਗਦਰੀ ਬਾਬੇ” ਵੀ ਅਖਿਆ ਜਾਂਦਾ ਹੈ ਭਾਰਤ ਦੀ ਅਜ਼ਾਦੀ ਲਈ ਹਥਿਆਰ ਬੰਦ ਇਨਕਲਾਬ ਦੀ ਤਿਆਰੀ ਲਈ ਦੇਸ ਨੂੰ ਚਾਲੇ ਪਾ ਦਿੱਤੇ। ਦੇਸ ਭਗਤਨ ਕਾਰਵਾਈਆਂ ਕਰਕੇ ਕੈਨੇਡਾ ਸਰਕਾਰ ਮੁਨਸ਼ਾ ਸਿੰਘ ਦੁਖੀ ਜੀ ਤੇ ਖਾਸ ਨਜ਼ਰ ਰੱਖ ਰਹੀ ਸੀ ਪਰ ਦੁਖੀ ਸਾਹਿਬ ਭੇਸ ਤੇ ਨਾਉਂ ਬਦਲ ਕੇ 6 ਅਗੱਸਤ 1914 ਨੂੰ ਐਂਪ੍ਰੈਸ ਆਫ ਰਸ਼ੀਆ ਰਾਹੀਂ ਕੈਨੇਡਾ ਵਿਚੋਂ ਨਿਕਲ ਗਏ। ਕਦੇ ‘ਅਬਦੁਲਾ’ ਨਾਂਅ ਹੇਠ ਤੇ ਕਦੇ ‘ਬਾਬੂ’ ਨਾਂਅ ਹੇਠ ਤੇ ਕਦੇ ਬਦਨਾਮ ਪੁਲਸ ਅਫਸਰ ਹੌਪਕਿਨਸਨ ਦੇ ਸੂਹੀਏ ਮੰਗਲ ਸਿੰਘ ਦੀ ਅੱਖੀਂ ਘੱਟਾ ਪਾ ਕੇ ਕੈਨੇਡਾ ਚੋਂ ਨਿਕਲਣ ਵਿਚ ਕਾਮਯਾਬ ਹੋ ਗਏ।ਹਾਂਗਕਾਂਗ ਪੁਜਣ ਤੇ ਫਿਰ ਪੁਲਸ ਕਪਤਾਨ ਤੋਂ ਬਚਣ ਲਈ ਪਾਗਲ ਬਨਣ ਦਾ ਨਾਟਕ ਖੇਡਣਾ ਪਿਆ।ਕਾਮਾਗਾਟਾਮਾਰੂ ਜਹਾਜ਼ ਜਦੋਂ ਕਲਕੱਤਾ ਦੇ ਬਜਬਜ ਘਾਟ ਤੇ ਜਦੋਂ 29 ਸਤੰਬਰ ਨੂੰ ਪਹੁੰਚਿਆ ਤਾਂ ਮੁਨਸ਼ਾ ਸਿੰਘ ‘ਦੁਖੀ’ ਜੀ ਵੀ ਉਸ ਘਾਟ ਤੇ ਇਕ ਤਰ੍ਹਾਂ ਨਾਲ ਮੌਕੇ ਦੇ ਗਵਾਹ ਹਾਜ਼ਰ ਸਨ ਤੇ ਉਹਨਾਂ ਦੀ ਇਕ ਕਵਿਤਾ ‘ਬਜਬਜ ਘਾਟ’ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਜਦੋਂ ਬ੍ਰਿਿਟਸ਼ ਸਰਕਾਰ ਵਲੋਂ ਨਿਹੱਥੇ ਤੇ ਭੁਖਣਭਾਣੇ ਮੁਸਾਫਿਰਾਂ ਨੂੰ ਗੋਲੀਆਂ ਨਾਲ ਭੂੰਨ ਦਿੱਤਾ ਸੀ।
ਸੰਨ 1915 ਵਿਚ ਵਾਇਸਰਾਇ ਦੀ ਕੌਂਸਲ ਵਲੋਂ ਜਾਰੀ ਕੀਤੇ ਗਏ ਵਾਰੰਟ ਹੇਠ ਗ੍ਰਿਫਤਾਰ ਕਰ ਕੇ ‘ਦੁਖੀ’ ਜੀ ਨੂੰ ਮੁਲਤਾਨ ਕੇਂਦਰੀ ਜੇਲ੍ਹ ਦੀ ਕਾਲਕੋਠਰੀ ਵਿਚ ਬੰਦ ਕਰ ਦਿੱਤਾ। ਬਾਹਰਲੀ ਦੁਨੀਆਂ ਨਾਲੋਂ ਸੰਪਰਕ ਕੱਟ ਦਿੱਤਾ ਤੇ ਰਾਤ ਸਮੇਂ ਹਫਤੇ ਵਿਚ ਇਕ ਵਾਰ ਹੀ ਬਾਹਰ ਕੱਢ ਕੇ ਹਵਾ ਲੁਆਈ ਜਾਂਦੀ ਸੀ ਤੇ ਉਹ ਵੀ ਜਦੋਂ ਸਫਾਈ ਕਰਨੀ ਹੋਵੇ।ਇਕ ਸਾਲ ਪਿਛੋਂ ਦੁਖੀ ਜੀ ਦੀ 300 ਕੈਦੀਆਂ ਸਮੇਤ ਕੈਂਬਲਪੁਰ ਜੇਲ੍ਹ ਵਿਚ ਬਦਲੀ ਕਰ ਦਿੱਤੀ।ਫਿਰ ਲਾਹੌਰ ਸਾਜ਼ਿਸ ਸੈਕੰਡ ਸਪਲੀਮੈਂਟਰੀ ਕੇਸ ਵਿਚ ਫਸਾ ਕੇ ਫਰੰਗੀ ਰਾਜ ਵਿਰੁੱਧ ਵਿਦਰੋਹ ਦਾ ਕੇਸ ਚਲਾਇਆਂ ਗਿਆ ਜਿਸ ਵਿਚ ਬਾਗੀਆਨਾ ਤਕਰੀਰਾਂ, ਕਵਿਤਾਵਾਂ ਤੇ ਜਰਮਨ ਦੀ ਜਿੱਤ ਦਾ ਪ੍ਰਚਾਰ ਸ਼ਾਮਲ ਸਨ ਜਿਵੇਂ ਕਿ:
ਦੁਸ਼ਮਨ ਸਾਡਾ ਯੂਰਪ ਦੇ ਵਿਚ, ਫਸਿਆ ਫਾਹੀ ਡਾਡੀ ਹੈ।
ਜਰਮਨ ਸ਼ੇਰ ਖੜਾ ਹੈ ਘੇਰੀ, ਹੁਣ ਤਾਂ ਢਿਲ ਅਸਾਡੀ ਹੈ।
ਅਤੇ;
ਬੇਈਮਾਨ ਫਰੰਗੀ ਨੂੰ ਦੂਰ ਕਰ ਕੇ, ਹਿੰਦੁਸਤਾਨ ਦੇ ਖੁਦ ਮੁਖਤਿਆਰ ਹੋ ਜਾਓ।
ਕਾਫਰ ਕੌਮ ਅੰਗਰੇਜ਼ਾਂ ਦੀ ਰੱਤ ਪੀ ਕੇ, ਭਰ ਪੇਟ ਸੀਨੇ ਠੰਢੇ ਠਾਰ ਹੋ ਜਾਓ।
ਇਸ ਕੇਸ ਵਿਚ ਦੇਸ ਭਗਤ ਸੁਤੰਤਰਤਾ ਸੰਗਰਾਮੀਏ ਮੁਨਸ਼ਾ ਸਿੰਘ ਦੁਖੀ ਜੀ ਨੂੰ ਜਾਇਦਾਦ ਦੀ ਕੁਰਕੀ ਅਤੇ ਉਮਰ ਕੈਦ ਦੀ ਸਜਾ ਸੁਣਾਈ ਗਈ।ਬਰਤਾਨੀਆ ਦੀ ਵਿਸ਼ਵ ਯੁੱਧ ਵਿਚ ਜਿੱਤ ਹੋਣ ਦੀ ਖੁਸ਼ੀ ਵਿਚ ਸ਼ਾਹੀ ਐਲਾਨ ਰਾਹੀਂ ਮਾਰਚ 1920 ਨੂੰ ਕੁਝ ਕੈਦੀ ਰਿਹਾ ਕਰ ਦਿੱਤੇ ਗਏ ਜਿਹਨਾਂ ਵਿਚੋਂ ਇਕ ਮੁਨਸ਼ਾ ਸਿੰਘ ‘ਦੁਖੀ’ ਸਨ। ਪੰਜਾਬ ਪੁਲਸ ਫਿਰ ਵੀ ਉਨਾਂ ਦਾ ਪਰਛਾਵਾਂ ਬਣੀ ਰਹੀ ਪਰ ਦੇਸ ਭਗਤੀ ‘ਦੁਖੀ’ ਜੀ ਦੇ ਖੂਨ ਵਿਚ ਰਚੀ ਹੋਈ ਸੀ ਤੇ ਪੁਲਸ ਦਮਨ ਚੱਕਰ ਵੀ ੳਨ੍ਹਾਂ ਦੇ ਕਵਿਤਾ ਲਿਖਣ ਦੇ ਸ਼ੌਂਕ ਤੇ ਜਜ਼ਬੇ ਨੂੰ ਮੱਠਾ ਨਾ ਕਰ ਸਕੇ ਤੇ ਸਰਕਾਰ ਨੂੰ ਸਮਝਾਉਣ ਲਈ ‘ਦੁਖੀ’ ਜੀ ਨੇ ਇਕ ਕਵਿਤਾ ਲਿਖੀ ਜਿਸਦਾ ਸਿਰਲੇਖ ਸੀ “ਚਸਕਾ ਛੁਟਣਾ ਨਹੀਂ ਸਰਕਾਰ ਮੇਰਾ”। ਕਵੀ ਹੋਣ ਦੇ ਨਾਲ ਨਾਲ ਵਾਰਤਿਕ ਤੇ ਜੀਵਨੀਆਂ ਦੇ ਲਿਖਾਰੀ ਵੀ ਸਨ। ਕਈ ਮਾਸਿਕ ਪਰਚੇ ਵੀ ਕੱਢੇ।ਭਾਰਤ ਵਿਚ 38 ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਹੋਈਆਂ ਤੇ 25 ਦੇ ਕਰੀਬ ਅਜੇ ਅਣਛਪੀਆਂ ਪਈਆਂ ਹਨ। ਗਦਰ ਆਸ਼ਰਮ ਅਮਰੀਕਾ ਵਲੋਂ ਵੀ ਬਹੁਤ ਸਾਰੀਆਂ ਪੁਸਤਕਾਂ ਛਾਪੀਆਂ ਗਈਆਂ ਹਨ। ਆਪਣੇ ਜੀਵਨ ਕਾਲ ਵਿਚ ਏਸ਼ੀਆ, ਯੋਰਪ, ਅਫਰੀਕਾ ਤੇ ਕੈਨੇਡਾ ਅਮਰੀਕਾ ਦੇ ਬਹੁਤੇ ਸ਼ਹਿਰਾਂ ਦਾ ਭਰਮਨ ਵੀ ਕੀਤਾ ਤੇ ਅੰਤ ਨੂੰ 26 ਜਨਵਰੀ ਗਣਤੰਤਰ ਦਿਵਸ ਤੇ 1971 ਵਿਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ।ਸਿੱਖ ਕੌਮ ਤੇ ਰਾਮਗੜ੍ਹੀਆ ਕਮਿਉਨਿਟੀ ਇਸ ਇਨਕਲਾਬੀ ਕਵੀ, ਸਾਹਿਤਕਾਰ ਲਿਖਾਰੀ ਤੇ ਭਾਰਤ ਦੀ ਅਜ਼ਾਦੀ ਨੂੰ ਸਮਰਪਿਤ ਦੇਸ ਭਗਤ ਉਤੇ ਜਿਨ੍ਹਾਂ ਵੀ ਮਾਣ ਕਰੇ ਉਹ ‘ਦੁਖੀ’ ਜੀ ਦੀ ਕਰਨੀ ਮੁਤਾਬਿਕ ਬਹੁਤ ਹੀ ਥੋੜਾ ਹੈ।

ਸੁਰਿੰਦਰ ਸਿੰਘ ਜੱਬਲ