
ਮਸਤੂਆਣਾ ਸਾਹਿਬ, 2 ਜੂਨ (ਵਰਲਡ ਪੰਜਾਬੀ ਟਾਈਮਜ਼)
ਸੰਤ ਅਤਰ ਸਿੰਘ ਅਕਾਲ ਅਕੈਡਮੀ, ਮਸਤੂਆਣਾ ਸਾਹਿਬ ਵਿਖੇ ਸੀ.ਬੀ.ਐੱਸ.ਈ. (CBSE) ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਕੂਲ ਪਰਿਵਾਰ ਵੱਲੋਂ ਬਹੁਤ ਹੀ ਮਾਣ ਅਤੇ ਖੁਸ਼ੀ ਨਾਲ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ ਬੀਬਾ ਗਗਨਦੀਪ ਕੌਰ ਢੀਂਡਸਾ ਨੇ ਮੁੱਖ ਮਹਿਮਾਨ ਵਜੋਂ ਅਤੇ ਸਕੱਤਰ ਸ. ਜਸਵੰਤ ਸਿੰਘ ਖਹਿਰਾ, ਸੀਨੀਅਰ ਮੈਂਬਰ ਗੁਰਜੰਟ ਸਿੰਘ ਗਿੱਲ,ਡਾ.ਸੁਮੀਤ ਗਰੇਵਾਲ, ਡਾ. ਸੁਖਦੀਪ ਕੌਰ ਸਿੱਧੂ, ਡਾ. ਹਰਪਾਲ ਕੌਰ, ਡਾ. ਜੋਤੀ ਗੁਪਤਾ (ਸੀ. ਟੀ. ਯੂਨੀਵਰਸਿਟੀ), ਹਰਿੰਦਰ ਸਿੰਘ (ਸੀ. ਟੀ. ਯੂਨੀਵਰਸਿਟੀ) ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿੱਜੀ ਤੌਰ ‘ਤੇ ਵਧਾਈ ਦਿੱਤੀ। ਇਸ ਗੌਰਵਮਈ ਸਮਾਰੋਹ ਦੌਰਾਨ ਸਕੂਲ ਮੈਨੇਜਮੈਂਟ, ਅਧਿਆਪਕ ਸਾਹਿਬਾਨ ਅਤੇ ਮਾਪਿਆਂ ਨੇ ਹਾਜ਼ਰ ਹੋ ਕੇ ਸੰਸਥਾ ਦਾ ਨਾਮ ਰੌਸ਼ਨ ਕਰਨ ਵਾਲੇ ਬੱਚਿਆਂ ਦੀ ਸਖ਼ਤ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਸਮਾਰੋਹ ਦੌਰਾਨ ਅਕੈਡਮੀ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਟਰਾਫੀਆਂ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਗਿਆ, ਜਿਨ੍ਹਾਂ ਵਿੱਚ ਹਰਪ੍ਰਤਾਪ ਸਿੰਘ ਗਿੱਲ ਨੇ 93.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਨੀਲਪ੍ਰੀਤ ਕੌਰ ਨੇ 92.2% ਅੰਕਾਂ ਨਾਲ ਦੂਜਾ ਅਤੇ ਮਨਦੀਪ ਕੌਰ ਨੇ 89.6% ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਤੋਂ ਇਲਾਵਾ, 80% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 19 ਵਿਦਿਆਰਥੀਆਂ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਵੀ ਮੁੱਖ ਮਹਿਮਾਨ ਵੱਲੋਂ ਸਟੇਜ ‘ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਸੀ. ਟੀ. ਯੂਨੀਵਰਸਿਟੀ ਦੇ ਅਹੁਦੇਦਾਰ ਮੈਡਮ ਜੋਤੀ ਗੁਪਤਾ ਵੱਲੋਂ ਵੀ ਪਹਿਲੇ ਦਰਜੇ ਵਿੱਚ ਬਾਰਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਮੈਡਲ ਅਤੇ ਕਿੱਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਉਪਲੱਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਬੀਬਾ ਗਗਨਦੀਪ ਕੌਰ ਢੀਂਡਸਾ ਨੇ ਬਹੁਤ ਹੀ ਪ੍ਰੇਰਨਾਦਾਇਕ ਸ਼ਬਦ ਕਹੇ। ਉਨ੍ਹਾਂ ਕਿਹਾ ਕਿ ਸਫ਼ਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ, ਇਹ ਸਿਰਫ਼ ਸਖ਼ਤ ਮਿਹਨਤ, ਸਵੈ-ਅਨੁਸ਼ਾਸਨ ਅਤੇ ਸੱਚੀ ਲਗਨ ਨਾਲ ਹੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਭਵਿੱਖ ਵਿੱਚ ਉੱਚੇ ਟੀਚੇ ਮਿੱਥਣ ਅਤੇ ਦੇਸ਼-ਕੌਮ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਬੀਬਾ ਢੀਂਡਸਾ ਜੀ ਨੇ ਸ਼ਾਨਦਾਰ ਨਤੀਜੇ ਲਈ ਅਕੈਡਮੀ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਦੀ ਪ੍ਰਸ਼ੰਸਾ ਵੀ ਕੀਤੀ।ਸਮਾਗਮ ਦੌਰਾਨ ਸਕੱਤਰ ਸ. ਜਸਵੰਤ ਸਿੰਘ ਖਹਿਰਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਦੀ ਮਿਹਨਤ ਤੇ ਅਧਿਆਪਕਾਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨਤੀਜੇ ਆਧੁਨਿਕ ਵਿਗਿਆਨਕ ਸਿੱਖਿਆ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਦੇ ਸੁਮੇਲ ਦਾ ਪ੍ਰਤੀਕ ਹਨ। ਪ੍ਰਿੰਸੀਪਲ ਸ਼੍ਰੀ ਵਿਜੇ ਪਲਾਹਾ ਨੇ ਮੁੱਖ ਮਹਿਮਾਨ ਬੀਬਾ ਗਗਨਦੀਪ ਕੌਰ ਢੀਂਡਸਾ ਜੀ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਨੁਸ਼ਾਸਨ ਤੇ ਇਮਾਨਦਾਰੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਖਾਸ ਤੌਰ ‘ਤੇ ਦੱਸਿਆ ਕਿ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚ ਬਹੁਤ ਹੀ ਸ਼ਾਨਦਾਰ ਅੰਕ ਹਾਸਲ ਕੀਤੇ ਹਨ, ਜਿਵੇਂ ਕਿ ਅੰਗਰੇਜ਼ੀ ਵਿੱਚੋਂ 100 ਵਿੱਚੋਂ 100 ਅੰਕ ਅਤੇ ਪੰਜਾਬੀ ਵਿੱਚੋਂ 99 ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਨੇ ਅਕੈਡਮੀ ‘ਤੇ ਹਮੇਸ਼ਾ ਭਰੋਸਾ ਜਤਾਉਣ ਲਈ ਸਮੂਹ ਮਾਪਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੇ ਅੰਤ ਵਿੱਚ ਮੈਡਮ ਮਨਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਆਪਣੀ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਆਪਣੇ ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਧੰਨਵਾਦ ਕੀਤਾ। ਅਕੈਡਮੀ ਦੇ ਹੋਣਹਾਰ ਸਿਤਾਰਿਆਂ ਨੇ ਮੁੱਖ ਮਹਿਮਾਨ, ਆਪਣੇ ਅਧਿਆਪਕਾਂ ਅਤੇ ਮਾਪਿਆਂ ਨਾਲ ਯਾਦਗਾਰੀ ਗਰੁੱਪ ਫੋਟੋਆਂ ਖਿਚਵਾਈਆਂ ਅਤੇ ਇਸ ਵਿਚਾਰ-ਚਰਚਾ ਨਾਲ ਇਸ ਯਾਦਗਾਰੀ ਦਿਨ ਦੀ ਸਮਾਪਤੀ ਹੋਈ।
