ਦੇਸ਼-ਵੰਡ 1947 ਬਾਰੇ ਦੁਨੀਆਂ ਭਰ ਦੇ ਪੰਜਾਬੀ ਕਵੀਆਂ ਵੱਲੋਂ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਤਿਆਰ ਕਰਨ ਦਾ ਅਜੇ ਮਨ ਬਣਾਇਆ ਹੈ। ਇਸ ਨੂੰ ਅਗਲੇ ਸਾਲ 15 ਅਗਸਤ ਤੋਂ ਪਹਿਲਾਂ ਸੰਪੂਰਨ ਕੰਨ ਦੀ ਯੋਜਨਾ ਹੈ। ਇਸ ਵਿੱਚ ਤੁਹਾਡੇ ਸਭ ਦੇ ਸਹਿਯੋਗ ਦੀ ਭਰਪੂਰ ਲੋੜ ਹੈ।
ਭਾਵੇਂ ਪਹਿਲਾਂ ਵੀ ਭਾ ਜੀ ਅਮਰਜੀਤ ਚੰਦਨ ਤੇ ਕੁਝ ਹੋਰ ਦੋਸਤਾਂ ਨੇ ਚੰਗੇ ਯਤਨ ਕਰਕੇ ਇਸ ਦਰਦ ਦੀ ਨਿਸ਼ਾਨਦੇਹੀ ਕੀਤੀ ਹੈ ਪਰ ਅਜੇ ਵੀ ਬਹੁਤ ਕੁਝ ਖਿੱਲਰਿਆ ਪੁੱਲਰਿਆ ਏਧਰ ਓਧਰ ਪਿਆ ਹੈ।
ਤੁਹਾਡੇ ਧਿਆਨ ਵਿੱਚ ਕਿਸੇ ਵੀ ਲੇਖਕ ਦੀ ਕੋਈ ਰਚਨਾ ਆਵੇ ਤਾਂ ਕਿਰਪਾ ਕਰਕੇ ਭੇਜਣ ਦੀ ਖੇਚਲ ਕਰਨਾ।
ਈ ਮੇਲ ਪਤਾ: gurbhajansinghgill@gmail. Com
ਫੋਨ ਸੰਪਰਕਃ 98726 31199
ਇਸ ਕੰਮ ਲਈ ਵਰਤ ਸਕਦੇ ਹੋ।
ਇਸ ਕਿਤਾਬ ਦਾ ਨਾਮ “ਪਨਾਹੀਆਂ ਦੀ ਪੱਤੀ”
ਰੱਖਿਆ ਹੈ। ਇਹ ਅਜੇ ਸਿਰਫ਼ ਟਾਈਟਲ ਹੀ ਹੈ। ਤੁਸੀਂ ਆਪਣੀ ਜਾਂ ਕਿਸੇ ਹੋਰ ਸ਼ਾਇਰ ਦੀ ਕਵਿਤਾ ਵੀ ਭੇਜ ਸਕਦੇ ਹੋ।
ਛਪੀ ਅਣਛਪੀ ਕਵਿਤਾ ਪ੍ਰਵਾਨ ਹੈ। ਸਿਰਫ਼ ਨਸਲੀ ਨਫ਼ਰਤ, ਇੱਕ ਪਾਸੇ ਰਚਨਾ ਭੇਜਣ ਦੀ ਲੋੜ ਨਹੀਂ। ਵਿਅਕਤੀ ਵਿਰੋਧ ਵਾਲੀ ਰਚਨਾ ਵੀ ਨਾ ਭੇਜੀ ਜਾਵੇ।
ਇਸ ਸੰਗ੍ਰਹਿ ਦਾ ਮਨੋਰਥ ਬੇਦੋਸ਼ੀਆਂ ਮਾਰੀਆਂ ਗਈਆਂ ਲੱਖ ਜਾਨਾਂ ਨੂੰ ਸ਼ਰਧਾਂਜਲੀ ਦੇਣਾ ਹੈ।
ਇਸ ਬਹਾਨੇ ਆਪਣੀ ਇਹ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਿਹਾਂ।
ਸੰਤਾਲੀ ਵੇਲੇ
ਸੰਤਾਲੀ ਵੇਲੇ ਉੱਜੜਨ ਦੀ ਗੱਲ,
ਮਾਂ ਦੇ ਮਨ ਤੋਂ ਲਹਿੰਦੀ ਨਹੀਂ ।
ਮੈਂ ਲੱਖ ਵਾਰੀ ਸਮਝਾਇਆ ਏ,
ਉਹ ਇਸ ਨੂੰ
ਆਜ਼ਾਦੀ ਕਹਿੰਦੀ ਨਹੀਂ ।
ਇਹ ਧਰਤੀ ਬੇਗਾਨੀ ਮੇਰੇ ਲਈ,
ਤੁਸੀਂ ਪੜ੍ਹੇ ਲਿਖੇ ਜੋ ਮਰਜ਼ੀ ਕਹੋ ।
ਮੇਰੇ ਹਰ ਸਾਹ ਅੰਦਰ ਲਾਟਾਂ ਨੇ,
ਤੁਸੀਂ ਬਲਦੀ ਅੱਗ ਦਾ ਸੇਕ ਹੋ ।
ਮੈਂ ਸਾਫ਼ ਸਾਫ਼ ਸਮਝਾ ਦੇਵਾਂ,
ਜੇ ਕੁਝ ਪਲ ਮੇਰੇ ਕੋਲ ਬਹੋ ।
ਉਹਦੇ ਦਿਲ ਵਿਚ ਬੇਵਿਸ਼ਵਾਸੀ ਜੋ,
ਉਹਨੂੰ ਆਖਣ ਤੋਂ ਕਦੇ ਰਹਿੰਦੀ ਨਹੀਂ ।
ਉਹ ਹਰ ਪਲ ਚੇਤੇ ਕਰਦੀ ਏ,
ਉਹ ਵੱਸਦੇ ਰਸਦੇ ਘਰ ਛੱਡੇ ।
ਜਿੰਨ੍ਹਾਂ ‘ਚੋਂ ਗੱਡਾ ਲੰਘਦਾ ਸੀ,
ਉਹ ਖੁੱਲ੍ਹ ਮ ਖੁੱਲ੍ਹੇ ਦਰ ਛੱਡੇ ।
ਉਹ ਘੜੀ ਮੁੜੀ ਇਹ ਪੁੱਛਦੀ ਏ,
ਕਿਸ ਚੰਦਰੇ ਸਾਡੇ ਪਰ ਵੱਢੇ ।
ਉਹਦੇ ਦਿਲ ਵਿਚ
ਬਣੀ ਲਕੀਰ ਜਹੀ,
ਲੱਖ ਚਾਹਿਆਂ
ਫਿੱਕੀ ਪੈਂਦੀ ਨਹੀਂ ।
ਜਦੋਂ ਬੇਸ਼ਰਮੀ ਦੀ ਪਾਣ ਚੜ੍ਹੀ ਸੀ,
ਧਰਮਾਂ ਦੇ ਹਥਿਆਰਾਂ ਨੂੰ ।
ਤੂੰ ਤੱਕਦਾ ਝੱਗੋ ਝੱਗ ਹੋਏ,
ਪਾਗਲਾਂ ਬੰਦਿਆਂ ਦੀਆਂ
ਵਾਹਰਾਂ ਨੂੰ ।
ਜੇ ਤੱਕਦਾ ਤੂੰ ਬਘਿਆੜ ਬਣੇ,
ਕੁੱਤਿਆਂ ਹੱਥ ਕੈਦਣ ਨਾਰਾਂ ਨੂੰ ।
ਜਿੰਨ੍ਹਾਂ ਦੇ ਹੱਥਾਂ ਅੱਜ ਤੱਕ ਵੀ,
ਸ਼ਗਨਾਂ ਦੀ ਵੇਖੀ ਮਹਿੰਦੀ ਨਹੀਂ ।
ਜੋ ਓਧਰ ਵੀ ਧਨਵੰਤੇ ਸੀ,
ਉਹ ਏਧਰ ਵੀ ਰਜਵਾੜੇ ਨੇ ।
ਡਾਢੇ ਦੀ ਸ਼ਾਨ ਸਲਾਮਤ ਹੈ,
ਲਿੱਸਿਆਂ ਨੂੰ ਪੈਂਦੇ ਧਾੜੇ ਨੇ ।
ਮੁਜਰਿਮ ਤੇ ਰਾਜ ਘਰਾਣਿਆਂ ਦੇ,
ਰਿਸ਼ਤੇ ਪਹਿਲਾਂ ਤੋਂ ਗਾੜ੍ਹੇ ਨੇ ।
ਨਿੱਤ ਕੂੜ ਦੀ ਕੰਧ ਤੇ ਵਾਰ ਚੜ੍ਹੇ,
ਕਿਉਂ ਸੱਚ ਦੇ ਕੋਲੋਂ ਢਹਿੰਦੀ ਨਹੀਂ ।
ਉਹ ਅੱਜ ਵੀ ਅੱਖਾਂ ਭਰ ਲੈਂਦੀ,
ਕਰ ਯਾਦ ਇਕਵਾਸੀ ਰੋਟੀ ਨੂੰ ।
ਜੀਅ ਭਰਕੇ ਗੁੱਸਾ ਕੱਢਦੀ ਹੈ,
ਤੱਕ ਲਾਠੀ ਅਤੇ ਲੰਗੋਟੀ ਨੂੰ ।
ਜੋ ਦਿਨ ਦੀਵੀਂ ਨਾ ਜਾਣ ਸਕੀ,
ਬਿੱਲੇ ਦੀ ਨੀਅਤ ਖੋਟੀ ਨੂੰ ।
ਉਹ ਅਨਪੜ੍ਹ ਹੋ ਕੇ ਵੇਖ ਲਵੋ,
ਸੱਚ ਕਹਿਣੋਂ ਕਦੇ ਤਰਹਿੰਦੀ ਨਹੀਂ ।
ਉਹ ਅਕਸਰ ਇਹ ਗੱਲ ਪੁੱਛਦੀ ਹੈ,
ਕਿਉਂ ਟੋਡੀ ਬੱਚੇ ਅੱਗੇ ਨੇ ।
ਜਿੰਨ੍ਹਾਂ ਜ਼ਿੰਦਗੀ ਵਾਰੀ ਦੇਸ਼ ਲਈ,
ਕਿਉਂ ਨੁੱਕਰਾਂ ਦੇ ਵਿਚ ਲੱਗੇ ਨੇ ।
ਕਿਉਂ ਲੋਕਾਂ ਦੇ ਮਨ ਵਿਚ ਬੈਠਾ,
ਉਹ ਮੁੜ ਠੱਗੇ ਕਿ ਠੱਗੇ ਨੇ ।
ਕਿਉਂ ਰਾਜ ਭਵਨ ਦੇ ਮੱਥੇ ਤੋਂ,
ਤੋਪਾਂ ਦੀ ਦਹਿਸ਼ਤ
ਲਹਿੰਦੀ ਨਹੀਂ ।
ਮੇਰਾ ਬਾਪੂ ਵੀ ਕੁਝ ਏਦਾਂ ਦੇ,
ਕਈ ਹੌਕੇ ਲੈ ਕੇ ਦੂਰ ਗਿਆ ।
ਕਈ ਦਰਦ-ਕਹਾਣੀਆਂ
ਹਿੱਕ ਵਿਚ ਲੈ,
ਇੱਕ ਸਦੀ ਪੁਰਾਣਾ ਪੂਰ ਗਿਆ ।
ਉਹ ਤੁਰ ਗਏ ਤਾਂ ਲਿਸ਼ਕੋਰ ਗਈ,
ਤੇ ਜ਼ਿੰਦਗੀ ਵਿਚੋਂ ਨੂਰ ਗਿਆ ।
ਨੇਰ੍ਹੇ ਦੀ ਮਾਚਸ ਸਿੱਲ੍ਹੀ ਤੇ,
ਕਿਉਂ ਸੱਚ ਦੀ
ਤੀਲੀ ਖਹਿੰਦੀ ਨਹੀਂ ?
ਉਹਦੇ ਦਿਲ ਨੂੰ ਡੋਬੂ ਪੈਂਦੇ ਨੇ,
ਮੇਰੀ ਵੇਖ ਤਬੀਅਤ ਢਿੱਲੀ ਨੂੰ ।
ਉਹਨੂੰ ਬੇਹੱਦ ਔਖਾ ਲੱਗਦਾ ਹੈ,
ਮੇਰਾ ਆਉਣਾ ਜਾਣਾ ਦਿੱਲੀ ਨੂੰ ।
ਦੁੱਧ ਜੂਠਾ ਹੀ ਨਾ ਕਰ ਜਾਵੇ,
ਉਹ ਰਹੇ ਘੂਰਦੀ ਬਿੱਲੀ ਨੂੰ ।
ਮੈਂ ਸੀਸ ਝੁਕਾਵਾਂ ਹੋਰ ਕਿਤੇ,
ਮਾਂ ਇਹ ਗੱਲ
ਹਰਗਿਜ਼ ਸਹਿੰਦੀ ਨਹੀਂ ।
ਤੂੰ ਚੋਰ ਚੋਰ ਨਾ ਆਖਿਆ ਕਰ,
ਮੈਂ ਹੋੜ ਰਿਹਾ, ਮੈਂ ਹਟਕ ਰਿਹਾ ।
ਉਹ ਅੱਗੋਂ ਮੈਨੂੰ ਕਹਿੰਦੀ ਏ,
ਤੂੰ ਏਸੇ ਕਰਕੇ ਭਟਕ ਰਿਹਾ ।
ਤੂੰ ਦੋਚਿੱਤੀ ਦਾ ਡੰਗਿਆ ਏਂ,
ਵਿਚਕਾਹੇ ਤਾਂ ਹੀ ਲਟਕ ਰਿਹਾ ।
ਜੋ ਅੱਜ ਦੇ ਦਿਨ ਵੀ ਝੂਠ ਕਹੇ,
ਉਹ ਮਾਂ ਫਿਰ
ਮਾਂ ਵੀ ਰਹਿੰਦੀ ਨਹੀਂ ।
🔴
ਗੁਰਭਜਨ ਗਿੱਲ

