ਪਿਆਰੇ ਬੱਚਿਓ, ਅੱਖਾਂ ਸਾਡੇ ਸਰੀਰ ਦਾ ਇੱਕ ਅਹਿਮ ਹਿੱਸਾ ਹਨ। ਇਹਨਾਂ ਅੱਖਾਂ ਦੀ ਬਦੌਲਤ ਹੀ ਅਸੀਂ ਪ੍ਰਮਾਤਮਾ ਦੀ ਬਣਾਈ ਹੋਈ ਖੂਬਸੂਰਤ ਸ੍ਰਿਸ਼ਟੀ ਦਾ ਅਨੰਦ ਮਾਣ ਸਕਦੇ ਹਾਂ। ਸਿਆਣੇ ਕਹਿੰਦੇ ਹਨ, “ਅੱਖਾਂ ਗਈਆਂ ਜਹਾਨ ਗਿਆ”। ਸੱਚਮੁੱਚ, ਇਹਨਾਂ ਅੱਖਾਂ ਤੋਂ ਬਿਨਾਂ ਸਾਡਾ ਜੀਵਨ ਘੋਰ ਅੰਧਕਾਰ ਹੈ। ਕੇਵਲ ਤੇ ਕੇਵਲ ਇੱਕ ਸੰਘਣਾ ਕਾਲਾ ਹਨੇਰਾ….। ਸੋ ਅਸੀਂ ਸਮਝ ਸਕਦੇ ਹਾਂ ਕਿ ਪ੍ਰਮਾਤਮਾ ਦਾ ਬਖਸ਼ਿਆ ਹੋਇਆ ਪੰਜ-ਭੌਤਿਕ ਸਰੀਰ ਦਾ ਖੂਬਸੂਰਤ ਅੰਗ ਸਾਡੀਆਂ ਕੋਮਲ ਅੱਖਾਂ ਕਿੰਨੀਆਂ ਅਨਮੋਲ ਹਨ। ਇਹ ਅੱਖਾਂ ਸਾਡੇ ਚਿਹਰੇ ਦੀ ਸੁੰਦਰਤਾ ਨੂੰ ਹੀ ਚਾਰਚੰਨ ਨਹੀਂ ਲਾਉਂਦੀਆਂ ਸਗੋਂ ਮਨੁੱਖ ਦੇ ਅੰਦਰਲੇ ਭਾਵ ਨੂੰ ਵੀ ਉਜਾਗਰ ਕਰਦੀਆਂ ਹਨ। ਉਦਾਹਰਨ ਵਜੋਂ :- ਜੇਕਰ ਕੋਈ ਵਿਆਕਤੀ ਕਿਸੇ ਦੂਸਰੇ ਮਨੁੱਖ ਨੂੰ ਝੂਠ ਬੋਲ ਰਿਹਾ ਹੋਵੇ ਤਾਂ ਉਸਦੀਆਂ ਅੱਖਾਂ ਕਦੇ ਵੀ ਉਸ ਇਨਸਾਨ ਦਾ ਸਾਥ ਨਹੀਂ ਦੇਣਗੀਆਂ ਕਿਉਂਕਿ ਅੱਖਾਂ ਸਾਡੇ ਮਨ ਦਾ ਦਰਪਣ ਹੁੰਦੀਆਂ ਹਨ। ਇਹ ਹਮੇਸ਼ਾਂ ਉਹੀ ਪ੍ਰਗਟਾਵਾ ਕਰਦੀਆਂ ਹਨ ਜੋ ਉਸ ਮਨੁੱਖ ਦੇ ਅੰਦਰ ਵਿਚਾਰਾਂ ਵਿੱਚ ਚਲ ਰਿਹਾ ਹੁੰਦਾ ਹੈ।
ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ। ਕਈ ਵਾਰ ਅਕਸਰ ਅਸੀਂ ਸੋਚਦੇ ਰਹਿੰਦੇ ਹਾਂ ਕਿ ਕੋਈ ਦੂਸਰਾ ਮਨੁੱਖ ਸਾਨੂੰ ਮੂਰਖ ਤਾਂ ਨਹੀਂ ਬਣਾ ਰਿਹਾ ਜਾਂ ਅਸੀਂ ਧੋਖੇ ਦਾ ਸ਼ਿਕਾਰ ਤੇ ਨਹੀਂ ਹੋ ਜਾਵਾਂਗੇ। ਇਸ ਡਰ ਨੂੰ ਸਦਾ ਲਈ ਆਪਣੇ ਮਨ ਵਿਚੋਂ ਬਾਹਰ ਕੱਢਣ ਲਈ ਸਾਨੂੰ ਅੱਖਾਂ ਦੀ ਭਾਸ਼ਾ ਨੂੰ ਸਮਝਣਾ ਬਹੁਤ ਜਰੂਰੀ ਹੁੰਦਾ ਹੈ।
ਜਿਵੇਂ ਕਿ, ਕਿਸੇ ਦੂਸਰੇ ਮਨੁੱਖ ਨਾਲ ਗੱਲਬਾਤ ਦੇ ਦੌਰਾਨ ਹਮੇਸ਼ਾਂ ਉਸਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੋ। ਜੇਕਰ ਸਾਹਮਣੇ ਵਾਲਾ ਨਜ਼ਰਾਂ ਚੁਰਾ ਕੇ ਗੱਲ ਕਰ ਰਿਹਾ ਹੈ ਤਾਂ ਤੁਰੰਤ ਕੋਈ ਅਹਿਮ ਫੈਸਲਾ ਕਦੇ ਨਾ ਲਵੋ। ਫੈਸਲੇ ਨੂੰ ਕੁਝ ਸਮੇਂ ਲਈ ਟਾਲ ਦਿਉ ਅਤੇ ਇਕਾਂਤ ਵਿਚ ਬੈਠ ਕੇ ਆਪਣੀ ਪੂਰੀ ਵਾਰਤਾਲਾਪ ਦਾ ਚਿੰਤਨ ਕਰੋ। ਇਸ ਪ੍ਰਕਿਰਿਆ ਨੂੰ ਕਰਨ ਤੋਂ ਪਹਿਲਾਂ ਆਪਣੀਆਂ ਅੱਖਾਂ ਨੂੰ ਹਲਕਾ ਬੰਦ ਕਰੋ। ਉਸ ਸ਼ਖਸ਼ ਨਾਲ ਆਪਣੀ ਹੋਈ ਗੱਲਬਾਤ ਨੂੰ ਆਪਣੇ ਚੇਤੇ ਵਿੱਚ ਦੁਹਰਾਉਂਦੇ ਜਾਉ। ਉਸਦੇ ਹਰ ਬੋਲ ਦਾ ਕੁੱਝ ਮਿੰਟ ਲਗਾਤਾਰ ਚਿੰਤਨ ਕਰੋ।
ਬਸ ਇਸੇ ਪ੍ਰਕਿਰਿਆ ਦੌਰਾਨ ਹੀ ਅਸੀਂ ਦੂਸਰੇ ਮਨੁੱਖ ਦੇ ਹਰ ਭਾਵ ਹਰ ਉਦੇਸ਼ ਨੂੰ ਸਮਝਣ ਵਿੱਚ ਪੂਰੀ ਤਰ੍ਹਾਂ ਸਫ਼ਲ ਹੋ ਜਾਵਾਂਗੇ। ਫਿਰ ਸਾਨੂੰ ਜ਼ਿੰਦਗੀ ਵਿਚ ਕੋਈ ਹਰਾ ਨਹੀਂ ਸਕਦਾ ਸਗੋਂ ਅਸੀਂ ਦੂਸਰਿਆਂ ਤੋਂ ਦੋ ਕਦਮ ਅੱਗੇ ਹੋ ਕੇ ਚੱਲਣਾ ਸਿੱਖ ਜਾਂਦੇ ਹਾਂ।
ਉਹ ਕਿਵੇਂ? ਆਓ ਜਾਣਦੇ ਹਾਂ।
ਬੱਚਿਓ, ਜਦੋਂ ਅਸੀਂ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਚਿੰਤਾਂ ਛੱਡ ਕੇ ਚਿੰਤਨ ਅਤੇ ਸਹਿਜ ਨਾਲ ਲੈਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਸ ਵਕਤ ਅਸੀਂ ਆਪਣੇ ਦਿਮਾਗ ਦੇ ਅਵਚੇਤਨ ਹਿੱਸੇ ਦਾ ਇਸਤੇਮਾਲ ਸ਼ੁਰੂ ਕਰ ਦਿੰਦੇ ਹਾਂ, ਜਿਹੜਾ ਪਹਿਲਾਂ ਅਸੀਂ ਕਦੇ ਕੀਤਾ ਹੀ ਨਹੀਂ ਸੀ। ਦਿਮਾਗ ਦੇ ਅਵਚੇਤਨ ਹਿੱਸੇ ਦੇ ਐਕਟੀਵੇਟ ਹੋਣ ਨੂੰ ਹੀ ਸਾਡੀ ਭਾਰਤੀ ਸੰਸਕ੍ਰਿਤੀ ਦੇ ਅਨੁਸਾਰ ਇਸ ਨੂੰ ਗਿਆਨ ਦੀ ਤੀਜੀ ਅੱਖ ਵੀ ਕਿਹਾ ਜਾਂਦਾ ਹੈ। ਇਸ ਗਿਆਨ ਦੀ ਅੱਖ ਖੁੱਲ੍ਹਦਿਆਂ ਹੀ ਮਨੁੱਖ ਗਿਆਨਵਾਨ, ਬਿਬੇਕ ਬੁੱਧ ਹੋ ਜਾਂਦਾ ਹੈ ਅਤੇ ਹਰ ਪਾਸੇ ਜਿੱਤ ਹਾਸਿਲ ਕਰਦਾ ਹੈ।
ਸਿਰਫ਼ ਲੋੜ ਹੈ ਸਾਨੂੰ ਆਪਣੀ ਅੰਦਰਲੀ ਸ਼ਕਤੀ ਨੂੰ ਜਗਾਉਣ ਦੀ। ਇਹ ਅੰਦਰਲੀ ਸ਼ਕਤੀ ਸਭ ਤੋਂ ਵੱਧ ਨਸ਼ਟ ਹੁੰਦੀ ਹੈ ਸਾਡੀਆਂ ਅੱਖਾਂ ਰਾਹੀਂ। ਆਪਣੀ ਸ਼ਕਤੀ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਸਾਨੂੰ ਆਪਣੀਆਂ ਅੱਖਾਂ ਦਾ ਪਰੋਪਰ ਖਿਆਲ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਇਹ ਸਾਡੀ ਖੁਦ ਦੀ ਅਹਿਮ ਜਿੰਮੇਵਾਰੀ ਹੈ। ਇਸ ਲਈ ਆਪਣੇ ਸੁਨਹਿਰੀ ਸੁਪਨਿਆਂ ਨੂੰ ਪੂਰਾ ਕਰਨ ਲਈ ਹਮੇਸ਼ਾਂ ਉਹੀ ਦੇਖੋ ਜਿਸਦੇ ਦੇਖਣ ਨਾਲ ਸਾਡੀ ਜਿੰਦਗੀ ਹੋਰ ਬਿਹਤਰ ਹੋ ਜਾਵੇ ਅਤੇ ਸਾਡਾ ਭਵਿੱਖ ਉਜਵੱਲ।
ਖੈਰ! ਮੋਬਾਇਲ ਦੀ ਬੇਲੋੜੀ ਵਰਤੋਂ ਤੋਂ ਪਰਹੇਜ ਕਰਦਿਆਂ ਆਪਣੀ ਰੋਜਮਰਾਂ ਦੀ ਜਿੰਦਗੀ ਵਿੱਚ ਕੰਮਕਾਜ ਕਰਦਿਆਂ ਜਦ ਵੀ ਅੱਖਾਂ ਨੂੰ ਥਕਾਨ ਹੋਵੇ, ਇਹਨਾਂ ਨੂੰ ਅਰਾਮ ਦੇਣਾ ਨਾ ਭੁੱਲਣਾ ਕਿਉਂਕਿ ਆਪਣੀ ਜਿੱਤ ਦੀ ਅਸਲੀ ਖੁਸ਼ੀ ਇਹਨਾਂ ਅੱਖਾਂ ਰਾਹੀਂ ਹੀ ਦੇਖੀ ਜਾਂਦੀ ਹੈ।

ਕਰਮਜੀਤ ਕੌਰ
ਮੁਕਤਸਰ
8968594379
