ਕੋਟਕਪੂਰਾ, 6 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਵੱਛਤਾ ਅਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਬਾਇਓਡੀਗ੍ਰੇਡੇਬਲ, ਰੀਸਾਈਕਲੇਬਲ ਅਤੇ ਨਾਨ-ਰੀਸਾਈਕਲੇਬਲ ਕੂੜੇ ਦੀ ਸਹੀ ਛਾਂਟ ਸਬੰਧੀ ਇੱਕ ਵਿਸ਼ੇਸ਼ ਡੈਮੋਨਸਟਰੇਸ਼ਨ ਗਤੀਵਿਧੀ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਕੂੜੇ ਦੀ ਪਹਿਚਾਣ ਕਰਵਾਈ ਗਈ ਅਤੇ ਕਲਰ-ਕੋਡ ਵਾਲੇ ਡਸਟਬਿਨਾਂ ਵਿੱਚ ਕੂੜੇ ਨੂੰ ਸਹੀ ਢੰਗ ਨਾਲ ਵੱਖ-ਵੱਖ ਪਾਉਣ ਬਾਰੇ ਅਭਿਆਸ ਕੀਤਾ ਗਿਆ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਗਤੀਵਿਧੀ ਵਿੱਚ ਭਾਗ ਲਿਆ ਅਤੇ ਇਹ ਜਾਣਿਆ ਕਿ ਕੂੜੇ ਦੀ ਸਹੀ ਛਾਂਟ ਨਾ ਸਿਰਫ਼ ਸਫ਼ਾਈ ਨੂੰ ਯਕੀਨੀ ਬਣਾਉਂਦੀ ਹੈ, ਸਗੋਂ ਵਾਤਾਵਰਣ ਦੀ ਸੁਰੱਖਿਆ ਅਤੇ ਰੀਸਾਈਕਲਿੰਗ ਨੂੰ ਵੀ ਉਤਸ਼ਾਹਿਤ ਕਰਦੀ ਹੈ। ਸਕੂਲ ਦੇ ਪ੍ਰਿੰਸੀਪਲ ਸ੍ਰ. ਸੁਰਿੰਦਰ ਸਿੰਘ ਟੁਰਨਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿੱਚ ਸਵੱਛਤਾ, ਅਨੁਸ਼ਾਸਨ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀਆਂ ਹਨ। ਉਹਨਾਂ ਨੇ ਸਵੱਛਤਾ ਨਾਲ ਸਬੰਧਤ ਅਜਿਹੀਆਂ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕਰਵਾਉਣ ਦਾ ਸੰਕਲਪ ਪ੍ਰਗਟਾਇਆ।

