2001 ਵਿੱਚ ਲਾਹੌਰ ਦੇ ਫਲੈਟੀਜ਼ ਹੋਟਲ ਵਿੱਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਦਰਵੇਸ਼ ਪੰਜਾਬੀ ਕਵੀ ਸਾਈਂ ਅਖ਼ਤਰ ਲਾਹੌਰੀ ਜੀ ਨਾਲ ਮੇਰੀ ਪਹਿਲੀ ਤੇ ਆਖਰੀ ਮੁਲਾਕਾਤ ਹੋਈ।
ਉਸ ਕਾਨਫਰੰਸ ਵਿੱਚ ਉਸ ਦਾ ਕਲਾਮ ਸਭ ਦੇ ਸਿਰ ਚੜ੍ਹ ਬੋਲਿਆ। ਖ਼ਾਸ ਕਰਕੇ ਇਹ ਦੋ ਕਵਿਤਾਵਾਂ
ਅੱਲ੍ਹਾ ਮੀਆਂ ਥੱਲੇ ਆ
ਤੇ
ਅੱਲ੍ਹਾ ਮੀਆਂ ਉੱਤੇ ਈ ਰਹੁ।
ਦੋ ਵਾਰੀ ਹੋਟਲ ਦੇ ਬਗੀਚੇ ਵਿੱਚ ਬੈਠਿਆਂ ਉਸ ਨਾਲ ਗੱਲਬਾਤ ਹੋਈ ਤਾਂ ਪਤਾ ਲੱਗਾ ਕਿ ਉਹ ਸਿਆਲਕੋਟੀਆ ਹੈ ਪਸਰੂਰ ਤਹਿਸੀਲ ਦਾ। ਉਮਰ ਦਾ ਵੱਡਾ ਹਿੱਸਾ ਲਾਹੌਰ ਵਿੱਚ ਰਹਿਣ ਕਰਕੇ ਉਹ ਲਾਹੌਰੀ ਲਿਖਦਾ ਹੈ।
ਪੇਂਡੂ ਜੀਵਨ ਦੋ ਹਵਾਲੇ ਉਸ ਦੀ ਰਚਨਾ ਵਿੱਚ ਗੂੜ੍ਹੇ ਰੂਪ ਵਿੱਚ ਮਿਲਦੇ ਹਨ । ਉਹ ਵੇਲੇ ਦੀਆਂ ਸਭ ਸਰਕਾਰਾਂ ਦੇ ਖਿਲਾਫ਼ ਜੂਝਣ ਵਾਲੇ ਕਵੀ ਉਸਤਾਦ ਦਾਮਨ ਦੇ ਸ਼ਾਗਿਰਦ ਸਨ । ਉਨ੍ਹਾਂ ਦੀ ਕਵਿਤਾ ਉਨ੍ਹਾਂ ਮੁਤਾਬਿਕ ਵਿਅੰਗ ਤੇ ਹਾਸ ਦਾ ਸੁਮੇਲ ਹੈ । ਉਨ੍ਹਾਂ ਨੇ ਸਮਾਜ, ਧਰਮ ਤੇ ਸਰਕਾਰਾਂ ‘ਚ ਆਈਆਂ ਕੁਰੀਤੀਆਂ ਤੇ ਕਰਾਰੀ ਸੱਟ ਮਾਰੀ ਹੈ । ਉਨ੍ਹਾਂ ਦੀ ਕਵਿਤਾ ਦੀ ਇੱਕੋ ਕਿਤਾਬ
ਅੱਲ੍ਹਾ ਮੀਆਂ ਥੱਲੇ ਆ
ਹੀ ਗੁਰਮੁਖੀ ਅੱਖਰਾਂ ਵਿੱਚ ਏਧਰ ਛਪੀ ਹੈ।
ਬਹੁਤ ਫੋਲਿਆਂ ਵੀ ਮੈਨੂੰ ਆਪਣੀ ਲਾਇਬਰੇਰੀ ਵਿੱਚੋਂ ਨਹੀਂ ਲੱਭੀ। ਕਿਸੇ ਕੇਲ ਹੋਵੇ ਤਾਂ ਦੱਸਣਾ। ਸ਼ਾਇਦ ਉਹ ਰਾਜਿੰਦਰ ਬਿਮਲ ਨੇ ਕੁਕਨੂਸ ਪ੍ਰਕਾਸ਼ਨ ਵੱਲੋਂ ਛਾਪੀ ਸੀ।
ਲੋਕ ਕਵੀ ਸਾਈਂ ਅਖਤਰ ਦਾ ਅੰਦਾਜ਼ ਵੇਖੋ।
▪️
ਅੱਲ੍ਹਾ ਮੀਆਂ ਉੱਤੇ ਈ ਰਹੁ
ਸਾਈਂ ਅਖ਼ਤਰ ਲਾਹੌਰੀ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਖੁਲ੍ਹੀ ਵਿਚ ਕਚਹਿਰੀ ਸੜੀਏ
ਫਾਕੇ ਮਰੀਏ ਹੌਕੇ ਭਰੀਏ
ਖੋਹ ਲਈਏ ਹੱਥੋਂ ਨਾ ਸੜੀਏ
ਹਾਕਮ ਨਾਲ ਗਿਲਾ ਜੇ ਕਰੀਏ
ਅੱਗੋਂ ਪੈਂਦੇ ਡੰਡੇ ਸੌ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਸਾਇਲ ਥੱਕੇ ਘਰ ਨੂੰ ਚੱਲੇ
ਭੁਗਤਣ ਪੇਸ਼ੀ ਹੋ ਗਏ ਝੱਲੇ
ਵਿਚ ਅਦਾਲਤ ਚਲਦੇ ਖੱਲੇ
ਮੁਨਸਿਫ਼ ਵਿਕ ਗਏ ਬੱਲੇ ਬੱਲੇ
ਰਿਹਾ ਨਾ ਕੋਈ ਰੱਖ ਰਖੌ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਪਹਿਰੇ ਹੇਠ ਅਬਾਦਤ ਗਾਹਵਾਂ
ਸਿਰ ਸਿੱਜਦੇ ਵਿਚ ਮਗਰ ਨਿਗਾਹਵਾਂ
ਡਰ ਜਾਈਏ ਹਿਲਦਾ ਪਰਛਾਵਾਂ
ਵਿਚ ਮਸੀਤ ਨਾ ਘੱਲਣ ਮਾਵਾਂ
ਬੱਚਿਆਂ ਲਈ ਏ ਡਰ ਤੇ ਭਉ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਤਗੜਾ ਸੱਦੇ ਪੈਰ ਦਬਾਈਏ
ਮਾੜੇ ਦੇ ਕਰ ਹੱਥ ਵਹਾਈਏ
ਜੇ ਬੋਲੇ ਤੇ ਮਾਰ ਭਜਾਈਏ
ਸ਼ੁਗਲਾਂ ਦੇ ਲਈ ਕੰਨ ਫੜਾਈਏ
ਪੰਜ ਸੌ ਮਾਰ ਕੇ ਗਿਣੀਏ ਸੌ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਥੱਲੇ ਆ ਕੇ ਕੀ ਕਰੇਂਗਾ
ਸਾਡੀ ਹਾਲਤ ਵੇਖ ਸੜੇਂਗਾ
ਜਿੱਥੇ ਹੈਂ ਤੂੰ ਓਥੇ ਈ ਬਹੁ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਸਾਨੂੰ ਅਪਣੇ ਲੋਕ ਈ ਖਾਂਦੇ ਨੇ
ਥਾਂ ਥਾਂ ਤੇ ਬੰਬ ਚਲਾਂਦੇ ਨੇ
ਫ਼ੇਰ ਮਸਜਿਦ ਆ ਕੇ ਜਾਂਦੇ ਬਹੁ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਕੋਈ ਮਰਦਾ ਏ ਕੋਈ ਮਾਰਦਾ ਏ
ਕੋਈ ਭੁੱਖ ਨਾਲ ਬੱਚੇ ਸਾੜਦਾ ਏ
ਤੂੰ ਦੇਖਦਾ ਰਹਿ ਤੇ ਹੱਸਦਾ ਰਹੁ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਇਹਦੇ ਮਨ ਵਿੱਚ ਚੰਗੀ ਗਲ ਕੋਈ ਨਈਂ
ਇਹਨੂੰ ਅਦਬ ਕਰਨ ਦਾ ਵਲ ਕੋਈ ਨਈਂ
ਇਨਸਾਨ ਦਿਆਂ ਇਹ ਖਿੱਚਾਂ ਸਹੁ
ਅੱਲ੍ਹਾ ਮੀਆਂ ਉੱਤੇ ਈ ਰਹੁ।
🟢
ਗੁਰਭਜਨ ਗਿੱਲ

