ਕੋਟਕਪੂਰਾ, 19 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਵਿਖੇ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਇੱਕ ਨਾਟਕ ਪੇਸ਼ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਭਗਵਾਨ ਸ਼੍ਰੀ ਰਾਮ, ਲਕਸ਼ਮਣ ਅਤੇ ਮਾਤਾ ਸੀਤਾ ਦੇ ਕਿਰਦਾਰ ਨਿਭਾਏ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ‘ਕਾਈਂਡਨੈੱਸ ਟ੍ਰੀ’ ਤਿਆਰ ਕੀਤਾ ਗਿਆ। ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੇ ਆਪਣੀਆਂ ਬੁਰੀਆਂ ਆਦਤਾਂ ਅਤੇ ਕਮੀਆਂ ਨੂੰ ਲਿਖ ਕੇ ਰੁੱਖ ਉੱਤੇ ਲਗਾਇਆ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਛੱਡ ਕੇ ਸੱਚਾਈ, ਨੇਕੀ ਅਤੇ ਚੰਗਿਆਈ ਦੇ ਰਾਹ ’ਤੇ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਵਾਸੂ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੰਗੇ ਇਨਸਾਨ ਬਣਨ, ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਅਤੇ ਹਮੇਸ਼ਾ ਸਹੀ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਕੂਲ ਦੀ ਚੇਅਰਪਰਸਨ ਸ਼੍ਰੀਮਤੀ ਰਕਸ਼ੰਦਾ ਸ਼ਰਮਾ ਜੀ ਨੇ ਵੀ ਆਪਣੇ ਸੰਬੋਧਨ ਰਾਹੀਂ ਬੱਚਿਆਂ ਨੂੰ ਸੱਚਾਈ ਦਾ ਸਾਥ ਦੇਣ, ਬੁਰਾਈਆਂ ਨੂੰ ਤਿਆਗਣ ਅਤੇ ਆਪਣੇ ਜੀਵਨ ਵਿੱਚ ਚੰਗੇ ਗੁਣ ਅਪਣਾਉਣ ਦਾ ਸੰਦੇਸ਼ ਦਿੱਤਾ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਚੰਗੇ ਸੰਸਕਾਰ, ਦਇਆ, ਸੱਚਾਈ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਸੀ। ਇਸ ਗਤੀਵਿਧੀ ਰਾਹੀਂ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਗਈ ਕਿ ਦਸਹਿਰੇ ਦਾ ਅਸਲ ਸੰਦੇਸ਼ ਸਿਰਫ਼ ਤਿਉਹਾਰ ਮਨਾਉਣਾ ਹੀ ਨਹੀਂ, ਸਗੋਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖ਼ਤਮ ਕਰਕੇ ਚੰਗਿਆਈ ਨੂੰ ਅਪਣਾਉਣਾ ਵੀ ਹੈ। ਸਕੂਲ ਵੱਲੋਂ ਅਜਿਹੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੂੰ ਇੱਕ ਚੰਗਾ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾਂਦਾ ਹੈ।

