ਦੋ ਮਈ ਸੀ ਉਸ ਦਿਨ। ਮੇਰਾ ਜਨਮ ਦਿਨ ਸੀ। ਕੁਝ ਦੋਸਤਾਂ ਦੇ ਦੁਪਹਿਰੀ ਭੇਜ ਲਈ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚ ਬੈਠੇ ਸਾਂ। ਮੇਰੀ ਪੋਤਰੀ ਅਸੀਸ ਵੀ ਮਾਪਿਆਂ ਸਮੇਤ ਮੇਰੇ ਨਾਲ ਸੀ। ਘਰੋਂ ਰੰਗਾਂ ਦੀ ਡੱਬੀ ਲੈ ਗਈ। ਡਰਾਇੰਗ ਸ਼ੀਟ ਤੇ ਕਈ ਆਕਾਰ ਵਾਹੀ ਗਈ। ਇਹ ਮੇਰਾ ਜਨਮ ਦਿਨ ਤੋਹਫ਼ਾ ਬਣ ਰਿਹਾ ਸੀ। ਨਿਰਮਲ ਜੌੜਾ ਤੇ ਸ਼ਮਸ਼ੇਰ ਸਿੰਘ ਸੰਧੂ ਪੁੱਛਣ ਲੱਗੇ ਕਿ ਇਹ ਤੂੰ ਕੀ ਪੇਂਟ ਕੀਤਾ ਹੈ। ਪੀ ਏ ਯੂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਸਮਝਾ ਰਹੀ ਹੈ ਕਿ ਮੈਂ ਕੀ ਚਿਤਰਿਆ। ਉਸ ਦੇ ਅੰਦਾਜ਼ ਦਾ ਚੇਤਾ ਮੈਨੂੰ ਪਰਸੋਂ ਚੌਥ ਸ਼ਮਸ਼ੇਰ ਨੇ ਕਰਵਾਇਆ ਤਾਂ ਇਹ ਗ਼ਜ਼ਲ ਉਦੈ ਹੋਈ। ਤੁਸੀਂ ਵੀ ਪੜ੍ਹੋ।
ਕਿਵੇਂ ਪੜ੍ਹਾਂ ਤੇਰੀ ਯਾਰਾ! ਬੰਦ ਅੱਖਾਂ ‘ਚੋਂ ਕਹਾਣੀ।
ਕਿਹੜੀ ਅੱਖ ਵਿਚ ਹੰਝੂ, ਕਿਹੜੀ ਅੱਖ ਵਿਚ ਪਾਣੀ।
ਤੇਰੇ ਜਾਪਦੇ ਨੇ ਦਿਲ ਉੱਤੇ ਪੀੜਾਂ ਦੇ ਪਹਾੜ,
ਵਗੂ ਚਸ਼ਮਾ ਤੂੰ ਵੇਖੀਂ, ਕਦੇ ਆਪ ਇਨ੍ਹਾਂ ਥਾਣੀਂ।
ਕਦੇ ਸਿੰਮਦਿਆਂ ਪੱਥਰਾਂ ਨਜੀਕ ਜਾ ਕੇ ਬੈਠ,
ਸੁਣੀਂ, ਇਨ੍ਹਾਂ ਦੀ ਅਜੀਬ ਸਾਥੋਂ ਦਾਸਤਾਂ ਪੁਰਾਣੀ।
ਜਦੋਂ ਵੱਜਦੀ ਸਾਰੰਗੀ ਜਾਂ ਸਿਤਾਰ ਤੁਰੀਂ ਨਾਲ਼,
ਧੁਨ ਦਰਦਾਂ- ਪਰੁੱਚੀ, ਜਿਹੜੀ ਕਦੇ ਨਾ ਤੂੰ ਮਾਣੀਂ।
ਤਾਂ ਹੀ ਸਾਗਰਾਂ ‘ਚ ਜਾ ਕੇ ਹੋਵੇ ਖਾਰਾ-ਨਮਕੀਨ,
ਛੱਡ ਧਰਤੀ ਨੂੰ ਰੋਵੇ , ਮਿੱਠਾ ਦਰਿਆ ਦਾ ਪਾਣੀ।
ਕਦੇ ਸੋਚਿਓ ਜ਼ਰੂਰ, ਫਿਰ ਮਾਣਿਓਂ ਹਜ਼ੂਰ,
ਜਦੋਂ ਚੁੱਪ ਦਾ ਸਰੂਰ ਤੋਰੇ ਸਾਹਾਂ ਵਿੱਚ ਬਾਣੀ।
ਜਿਹੜੀ ਸਾਹਾਂ ਵਾਲੀ ਡੋਰ ‘ਚ ਮਹੀਨ ਜਹੀ ਤੰਦ,
ਸਾਨੂੰ ਤੋਰੀ ਫਿਰੇ ਏਹੀ ਤਾਣ ਹੁੰਦਿਆਂ ਨਿਤਾਣੀ।
◼️
▪️ਗੁਰਭਜਨ ਗਿੱਲ

