ਪਟਾਕਿਆਂ ਤੋਂ ਦੂਰੀ ਬਣਾ ਕੇ ਵਾਤਾਵਰਣ ਦੀ ਸੰਭਾਲ ਵਿੱਚ ਪਾਓ ਯੋਗਦਾਨ, ਬੱਚਿਆਂ ਨੇ ਲੋਕਾਂ ਨੂੰ ਕੀਤਾ ਜਾਗਰੂਕ
ਦੀਵੇ ਜਗਾਓ, ਖੁਸ਼ੀਆਂ ਵੰਡੋ, ਪ੍ਰਦੂਸ਼ਣ ਨਹੀਂ, ਹਰਿਆਲੀ ਅਤੇ ਸਾਫ਼-ਸੁਥਰੀ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ
ਕੋਟਕਪੂਰਾ, 10 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਸੁਰੱਖਿਅਤ, ਹਰਿਆਲੀ ਭਰਪੂਰ ਅਤੇ ਸਾਫ਼-ਸੁਥਰੇ ਢੰਗ ਨਾਲ ਮਨਾਉਣ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਵੱਲੋਂ ਇੱਕ ਵਿਸ਼ੇਸ਼ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਰਾਹੀਂ ਵਿਦਿਆਰਥੀਆਂ ਨੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਦਿਆਂ ਪਟਾਕਾ ਰਹਿਤ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਰੈਲੀ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਨਾਅਰਿਆਂ ਅਤੇ ਜਾਗਰੂਕਤਾ ਸੰਦੇਸ਼ਾਂ ਰਾਹੀਂ ਲੋਕਾਂ ਨੂੰ ਦੱਸਿਆ ਕਿ ਦੀਵਾਲੀ ਰੌਸ਼ਨੀਆਂ, ਖੁਸ਼ੀਆਂ ਅਤੇ ਆਪਸੀ ਪਿਆਰ ਦਾ ਤਿਉਹਾਰ ਹੈ। ਇਸ ਨੂੰ ਪਟਾਕਿਆਂ ਦੇ ਸ਼ੋਰ ਅਤੇ ਪ੍ਰਦੂਸ਼ਣ ਦੀ ਬਜਾਏ ਦੀਵੇ ਜਗਾ ਕੇ, ਖੁਸ਼ੀਆਂ ਵੰਡ ਕੇ ਅਤੇ ਵਾਤਾਵਰਣ ਦੀ ਸੰਭਾਲ ਕਰਦਿਆਂ ਮਨਾਉਣਾ ਚਾਹੀਦਾ ਹੈ। ਵਿਦਿਆਰਥੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਟਾਕਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨ, ਤਾਂ ਜੋ ਹਵਾ ਅਤੇ ਆਵਾਜ਼ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ ਅਤੇ ਬੱਚਿਆਂ, ਬਜ਼ੁਰਗਾਂ, ਪਸ਼ੂ-ਪੰਛੀਆਂ ਸਮੇਤ ਵਾਤਾਵਰਣ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ। ਇਸ ਮੌਕੇ ਸਕੂਲ ਦੇ ਪ੍ਰਧਾਨ ਵਾਸੂ ਸ਼ਰਮਾ ਨੇ ਕਿਹਾ ਕਿ ਬੱਚਿਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ-ਨਾਲ ਸਮਾਜਿਕ ਅਤੇ ਵਾਤਾਵਰਣ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨਾ ਵੀ ਬੇਹੱਦ ਜ਼ਰੂਰੀ ਹੈ। ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਇੱਕ ਚੰਗਾ ਨਾਗਰਿਕ ਬਣਨ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਤਾਂ ਹੀ ਹੈ, ਜਦੋਂ ਅਸੀਂ ਆਪਣੀਆਂ ਖੁਸ਼ੀਆਂ ਦੇ ਨਾਲ-ਨਾਲ ਦੂਜਿਆਂ ਦੀ ਸੁਰੱਖਿਆ ਅਤੇ ਵਾਤਾਵਰਣ ਦਾ ਵੀ ਧਿਆਨ ਰੱਖੀਏ। ਸਕੂਲ ਦੀ ਡਾਇਰੈਕਟਰ ਰਕਸ਼ੰਦਾ ਸ਼ਰਮਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਾਤਾਵਰਣ ਦੀ ਸੰਭਾਲ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਦੀਵਾਲੀ ਵਰਗੇ ਖੁਸ਼ੀਆਂ ਭਰੇ ਤਿਉਹਾਰ ਨੂੰ ਪ੍ਰਦੂਸ਼ਣ ਰਹਿਤ ਢੰਗ ਨਾਲ ਮਨਾਉਣ ਰਾਹੀਂ ਅਸੀਂ ਸਮਾਜ ਨੂੰ ਇੱਕ ਸਕਾਰਾਤਮਕ ਸੰਦੇਸ਼ ਦੇ ਸਕਦੇ ਹਾਂ। ਉਨ੍ਹਾਂ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਵੱਲੋਂ ਦਿੱਤਾ ਗਿਆ ਜਾਗਰੂਕਤਾ ਦਾ ਸੰਦੇਸ਼ ਨਿਸ਼ਚਿਤ ਤੌਰ ‘ਤੇ ਲੋਕਾਂ ਨੂੰ ਸੁਰੱਖਿਅਤ ਅਤੇ ਹਰਿਆਲੀ ਭਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰੇਗਾ। ਇਸ ਜਾਗਰੂਕਤਾ ਰੈਲੀ ਦਾ ਮੁੱਖ ਉਦੇਸ਼ ਆਮ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ, ਪਟਾਕਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਸਮਾਜ ਨੂੰ ਸਾਫ਼-ਸੁਥਰਾ ਤੇ ਸਿਹਤਮੰਦ ਵਾਤਾਵਰਣ ਬਣਾਈ ਰੱਖਣ ਲਈ ਪ੍ਰੇਰਿਤ ਕਰਨਾ ਰਿਹਾ।
ਇਸ ਮੌਕੇ ਵਿਦਿਆਰਥੀਆਂ ਨੇ ਸੰਦੇਸ਼ ਦਿੱਤਾ ਕਿ ਦੀਵੇ ਜਗਾਓ, ਖੁਸ਼ੀਆਂ ਵੰਡੋ, ਪ੍ਰਦੂਸ਼ਣ ਨਹੀਂ, ਸੁਰੱਖਿਅਤ ਦੀਵਾਲੀ, ਹਰਿਆਲੀ ਭਰੀ ਦੀਵਾਲੀ ਅਤੇ ਸਾਫ਼-ਸੁਥਰੀ ਦੀਵਾਲੀ ਮਨਾਓ।

