— ਮੈਂਬਰਾਂ ਨੇ ਵਧਾਈ ਦਿੱਤੀ —
ਫਰੀਦਕੋਟ, 09 ਸਤੰਬਰ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਸੀਨੀਅਰ ਆਗੂਆਂ ਦੀ ਵਿਸ਼ੇਸ਼ ਮੀਟਿੰਗ ਅੱਜ ਸਥਾਨਕ ਅਰੋਮਾ ਹੋਟਲ ਵਿਖੇ ਹੋਈ। ਮੀਟਿੰਗ ਵਿਚ ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਮੀਟਿੰਗ ਵਿਚ ਜਿਲ੍ਹਾ ਚੀਫ ਪੈਟਰਨ ਹੀਰਾਵਤੀ ਸੇਵਾ ਮੁਕਤ ਤਹਿਸੀਲਦਾਰ, ਇੰਸ. ਰਮੇਸ਼ ਕੁਮਾਰ ਬਾਰੋਲੀਆ, ਲੀਗਲ ਅਡਵਾਇਜ਼ਰ ਐਡਵੋਕੇਟ ਪ੍ਰਦੀਪ ਸਿੰਘ ਅਟਵਾਲ, ਚੀਫ਼ ਐਡਵਾਇਜ਼ਰ ਸ੍ਰੀ ਕ੍ਰਿਸ਼ਨ ਆਰ.ਏ. ਅਤੇ ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ ਆਦਿ ਮੌਜੂਦ ਸਨ। ਮੀਟਿੰਗ ਦੌਰਾਨ ਜਿਲ੍ਹਾ ਪ੍ਰਧਾਨ ਸ੍ਰੀ ਡੀ.ਪੀ.ਐੱਸ. ਭੋਲਾ ਵੱਲੋਂ ਆਪਣੇ ਘਰੇਲੂ ਰੁਝੇਵਿਆਂ ਕਾਰਨ ਟਰੱਸਟ ਦੇ ਜਿਲ੍ਹਾ ਪ੍ਰਧਾਨ ਵਜੋਂ ਸੇਵਾਵਾਂ ਜਾਰੀ ਨਾ ਰੱਖ ਸਕਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸਭ ਬੁਲਾਰਿਆਂ ਨੇ ਇਕ ਮਤੇ ਨਾਲ ਭੋਲਾ ਜੀ ਦੀ ਇੱਛਾ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀਆਂ ਪਹਿਵਾਰਕ ਅਤੇ ਘਰੇਲੂ ਜਿੰਮੇਵਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਨਿਭਾਉਣਾ ਚਾਹੀਦਾ ਹੈ। ਇਸ ਮੌਕੇ ਸੰਸਥਾਪਕ ਸ੍ਰੀ ਢੋਸੀਵਾਲ ਨੇ ਕਿਹਾ ਕਿ ਭਾਵੇਂ ਸ੍ਰੀ ਭੋਲਾ ਦੀ ਪ੍ਰਧਾਨਗੀ ਦੀ ਮਿਆਦ ਥੋੜਾ ਸਮਾਂ ਹੀ ਰਹੀ ਹੈ ਪਰੰਤੂ ਉਨ੍ਹਾਂ ਦੇ ਇਸ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਟਰੱਸਟ ਨੂੰ ਦਿਤੀ ਸੇਧ ਅਤੇ ਅਗਵਾਈ ਸਦਾ ਯਾਦ ਰੱਖੀ ਜਾਵੇਗੀ। ਮੀਟਿੰਗ ਦੌਰਾਨ ਸ੍ਰੀ ਭੋਲਾ ਦੇ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਕਾਮਨਾ ਵੀ ਕੀਤੀ ਗਈ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਟਰੱਸਟ ਦੇ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਇੰਸ ਰਮੇਸ਼ ਕੁਮਾਰ ਬਾਰੋਲੀਆ ਨੂੰ ਸਰਬ ਸੰਮਤੀ ਨਾਲ ਟਰੱਸਟ ਦਾ ਨਵਾਂ ਜਿਲ੍ਹਾ ਪ੍ਰਧਾਨ ਚੁਣਿਆ ਗਿਆ। ਸਮੂਹ ਮੈਂਬਰਾਂ ਨੇ ਨਵੇਂ ਚੁਣੇ ਗਏ ਪ੍ਰਧਾਨ ਇੰਸ. ਬਾਰੋਲੀਆ ਨੂੰ ਹਾਰ ਪੁਆ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੇ ਸੰਸਥਾਪਕ ਸ੍ਰੀ ਢੋਸੀਵਾਲ ਸਮੇਤ ਸਮੂਹ ਟਰੱਸਟ ਮੈਂਬਰਾਂ ਵੱਲੋਂ ਉਨ੍ਹਾਂ ਉਪਰ ਪ੍ਰਗਟਾਏ ਵਿਸ਼ਵਾਸ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਨਵੀਂ ਜਿੰਮੇਵਾਰੀ ਨੂੰ ਪੂਰੀ ਤਨ ਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
ਫੋਟੋ ਕੈਪਸ਼ਨ : ਨਵੇਂ ਬਣੇ ਪ੍ਰਧਾਨ ਇੰਸ. ਬਾਰੋਲੀਆ, ਸੰਸਥਾਪਕ ਸ੍ਰੀ ਢੋਸੀਵਾਲ ਅਤੇ ਹੋਰਨਾਂ ਆਗੂਆਂ ਨਾਲ।

