ਪਟਿਆਲਾ, 9 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਵਿਸ਼ੇਸ਼ ਸਰਸਰੀ ਸੁਧਾਈ, ਇਲੈਕਟੋਰਲ ਲਿਟਰੇਸੀ ਕਲੱਬਾਂ (ਈ.ਐੱਲ.ਸੀ.) ਅਤੇ ਵੋਟਰ ਜਾਗਰੂਕਤਾ ਗਤੀਵਿਧੀਆਂ ਸਬੰਧੀ ਅੱਜ ਮਾਨਯੋਗ ਜ਼ਿਲ੍ਹਾ ਚੋਣ ਅਫ਼ਸਰ, ਪਟਿਆਲਾ ਜੀ ਵੱਲੋਂ ਹੇਠ ਵਿੱਦਿਅਕ ਸੰਸਥਾਵਾਂ ਦੇ ਮੁਖੀਆਂ ਅਤੇ ਵਿਧਾਨ ਸਭਾ ਹਲਕਾ ਪੱਧਰੀ ਸਵੀਪ ਨੋਡਲ ਅਫ਼ਸਰਾਂ/ਈ.ਐੱਲ.ਸੀ. ਕੋਆਰਡੀਨੇਟਰਾਂ ਨਾਲ ਮੀਟਿੰਗ ਕੀਤੀ ਗਈ। ਸਵੀਪ ਨੋਡਲ ਅਫਸਰ, ਸ਼੍ਰੀ ਸਵਿੰਦਰ ਰੇਖੀ ਅਤੇ ਸ਼੍ਰੀ ਵਿਜੈ ਕੁਮਾਰ, ਚੋਣ ਤਹਿਸੀਲਦਾਰ ਪਟਿਆਲਾ ਜੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵਿੱਦਿਅਕ ਸੰਸਥਾਵਾਂ ਵਿੱਚ ਇਲੈਕਟੋਰਲ ਲਿਟਰੇਸੀ ਕਲੱਬਾਂ (ਈ.ਐੱਲ.ਸੀ.) ਨੂੰ ਸਰਗਰਮ ਕਰਨ ਅਤੇ ਵਿਦਿਆਰਥੀਆਂ ਵਿੱਚ ਚੋਣ ਪ੍ਰਕਿਰਿਆ ਸਬੰਧੀ ਜਾਗਰੂਕਤਾ ਪੈਦਾ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਈ.ਐੱਲ.ਸੀ. ਦਾ ਮੁੱਖ ਉਦੇਸ਼ ਵਿਦਿਆਰਥੀਆਂ, ਖਾਸ ਕਰਕੇ ਭਵਿੱਖ ਦੇ ਵੋਟਰਾਂ ਨੂੰ ਵੋਟਰ ਰਜਿਸਟ੍ਰੇਸ਼ਨ, ਚੋਣ ਪ੍ਰਕਿਰਿਆ, ਈ.ਵੀ.ਐਮ. ਅਤੇ ਵੀ.ਵੀ.ਪੀ.ਏ.ਟੀ., ਵੋਟ ਦੀ ਮਹੱਤਤਾ ਅਤੇ ਨੈਤਿਕ ਢੰਗ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਹੈ।
ਵਿੱਦਿਅਕ ਸੰਸਥਾਵਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਈ.ਐੱਲ.ਸੀ. ਲਈ 10 ਅਕਤੂਬਰ ਤੋਂ 15 ਅਕਤੂਬਰ ਤੱਕ ਈ.ਐੱਲ.ਸੀ. ਕਲੱਬਾਂ ਰਾਹੀਂ ਯੁਵਾ ਵਰਗ ਵਿੱਚ ਵੋਟਰ ਜਾਗਰੂਕਤਾ ਕਰਵਾਉਣ ਸਬੰਧੀ ਵੱਖ-ਵੱਖ ਅਵੇਅਰਨੇਸ ਐਕਟੀਵਿਟੀਸ ਕਰਵਾਈਆਂ ਜਾਣ ਜਿਵੇਂ ਕਿ ਮੌਕ ਪੋਲ, ਈ.ਵੀ.ਐਮ./ਵੀ.ਵੀ.ਪੀ.ਏ.ਟੀ. ਜਾਣ-ਪਛਾਣ, ਕੁਇਜ਼, ਵਾਦ-ਵਿਵਾਦ, ਪੋਸਟਰ ਮੇਕਿੰਗ, ਸਲੋਗਨ ਲਿਖਣ, ਲੇਖ ਮੁਕਾਬਲੇ ਅਤੇ ਵੋਟਰ ਜਾਗਰੂਕਤਾ ਸੈਸ਼ਨ ਆਦਿ। ਇਸ ਸਬੰਧੀ 1 ਐਕਟੀਵਿਟੀ ਕੈਲੰਡਰ ਇਸ ਦਫਤਰ ਵੱਲੋਂ ਜ਼ਾਰੀ ਕੀਤਾ ਜਾ ਰਿਹਾ ਹੈ। ਈ.ਐੱਲ.ਸੀ. ਕਲੱਬਾਂ ਵੱਲੋਂ ਜ਼ਾਰੀ ਕੀਤੇ ਜਾਣ ਵਾਲੇ ਕੈਲੰਡਰ ਅਨੁਸਾਰ ਸਵੀਪ/ ਵੋਟਰ ਅਵੇਅਰਨੇਸ ਗਤੀਵਿਧੀਆਂ ਕਰਾਉਣੀਆਂ ਯਕੀਨੀ ਬਣਾਈਆਂ ਜਾਣ।
ਜ਼ਿਲ੍ਹਾ ਚੋਣ ਅਫਸਰ ਜੀ ਵੱਲੋਂ ਇਹ ਵਿਸ਼ੇਸ਼ ਤੌਰ ਤੇ ਦੱਸਿਆ ਗਿਆ ਕਿ 2 ਨਵੰਬਰ ਨੂੰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪਟਿਆਲਾ ਵਿਖੇ ਈ.ਐੱਲ.ਸੀ. ਕਲੱਬਾਂ ਵਿੱਚ ਵੋਟਰ ਜਾਗਰੂਕਤਾ ਕਰਵਾਉਣ ਸਬੰਧੀ ਸਟੇਟ ਪੱਧਰ ਦਾ ਸਮਾਗਮ ਕਰਵਾਇਆ ਜਾਣਾ ਹ। ਇਸ ਲਈ ਸਮੂਹ ਵਿੱਦਿਅਕ ਸੰਸਥਾ ਦੇ ਸਮੂਹ ਮੁੱਖੀਆਂ ਅਤੇ ਨੋਡਲ ਅਫਸਰਾਂ ਨੂੰ ਵਿਸ਼ੇਸ਼ ਤੌਰ ਤੇ ਹਦਾਇਤ ਕੀਤੀ ਗਈ ਕਿ ਉਹਨਾਂ ਵੱਲੋਂ ਆਪਣੀ-ਆਪਣੀ ਸੰਸਥਾ ਦੇ ਹੋਣਹਾਰ ਵਿਦਿਆਰਥੀਆਂ ਵਿੱਚ ਕੁੱਲ 04 ਵਿਦਿਆਰਥੀਆਂ ਤੇ 02 ਕੌ-ਆਰਡੀਨੇਟਰ/ਨੋਡਲ ਅਫਸਰਾਂ ਨੂੰ ਇਸ ਸਮਾਗਮ ਲਈ ਤਿਆਰ ਕਰਵਾਇਆ ਜਾਵੇ।
ਇਸ ਤੋਂ ਇਲਾਵਾ 01 ਅਕਤੂਬਰ 2026 ਯੋਗਤਾ ਮਿਤੀ ਦੇ ਆਧਾਰ ’ਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਵਿਦਿਆਰਥੀਆਂ ਨੂੰ ਨਵੀਂ ਵੋਟ ਦੀ ਮਹੱਤਤਾ ਦੱਸਣ ਅਤੇ ਵੋਟ ਬਣਾਉਣ ਲਈ ਜਾਗਰੂਕ ਕਰਨ ਲਈ ਕਿਹਾ ਗਿਆ ।
ਵਿਧਾਨ ਸਭਾ ਹਲਕਾ ਪੱਧਰੀ ਸਵੀਪ ਨੋਡਲ ਅਫ਼ਸਰਾਂ ਅਤੇ ਈ.ਐੱਲ.ਸੀ. ਕੋਆਰਡੀਨੇਟਰਾਂ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਸਬੰਧਤ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਈ.ਐੱਲ.ਸੀ. ਦੀ ਸਥਾਪਨਾ ਅਤੇ ਉਨ੍ਹਾਂ ਦੀ ਸਰਗਰਮ ਕਾਰਗੁਜ਼ਾਰੀ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਹਰੇਕ ਸੰਸਥਾ ਵਿੱਚ ਈ.ਐੱਲ.ਸੀ. ਲਈ ਨੋਡਲ ਅਫ਼ਸਰ/ਕਨਵੀਨਰ ਨਿਯੁਕਤ ਕਰਨ ਅਤੇ ਅਧਿਆਪਕਾਂ ਨੂੰ ਲੋੜੀਂਦੀ ਸਿਖਲਾਈ ਦੇਣ ਲਈ ਵੀ ਕਿਹਾ ਗਿਆ।
ਸਵੀਪ ਨੋਡਲ ਅਫ਼ਸਰਾਂ ਨੂੰ ਬੀ.ਐਲ.ਓਜ਼. ਅਤੇ ਬੂਥ ਅਵੇਅਰਨੇਸ ਗਰੁੱਪਾਂ ਰਾਹੀਂ ਘਰ-ਘਰ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਨਾਗਰਿਕਾਂ ਨੂੰ ਐਸ.ਆਈ.ਆਰ. ਪ੍ਰਕਿਰਿਆ, ਵੋਟਰ ਰਜਿਸਟ੍ਰੇਸ਼ਨ, ਸੋਧ, ਤਸਦੀਕ ਅਤੇ ਹੋਰ ਵੋਟਰ ਸੇਵਾਵਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ।
ਇਸ ਮੌਕੇ ਮਹਿਲਾਵਾਂ, ਸੀਨੀਅਰ ਸਿਟੀਜ਼ਨਾਂ, ਦਿਵਿਆਂਗਜਨਾਂ (ਪੀ.ਡਬਲਯੂ.ਡੀਸ.) ਅਤੇ ਹੋਰ ਕਮਜ਼ੋਰ ਅਤੇ ਹਾਸ਼ੀਏ ’ਤੇ ਰਹਿੰਦੇ ਵਰਗਾਂ ਲਈ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਅਤੇ ਦੂਰ-ਦੁਰਾਡੇ ਅਤੇ ਘੱਟ ਪਹੁੰਚ ਵਾਲੇ ਖੇਤਰਾਂ ਵਿੱਚ ਵੀ ਵੋਟਰ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ।
ਇਸ ਤੋਂ ਇਲਾਵਾ, ਘੱਟ ਵੋਟਿੰਗ ਪ੍ਰਤੀਸ਼ਤ ਵਾਲੇ ਪੋਲਿੰਗ ਬੂਥਾਂ ਅਤੇ ਨਵੇਂ ਯੋਗ ਹੋਏ 18-19 ਸਾਲ ਦੇ ਨੌਜਵਾਨ ਵੋਟਰਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ।
ਮੀਟਿੰਗ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚੋਂ ਖੇਡਾਂ, ਕਲਾ, ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਨਾਲ ਸਬੰਧਤ ਇੱਕ ਪ੍ਰਮੁੱਖ ਸ਼ਖ਼ਸੀਅਤ ਨੂੰ ਸਵੀਪ ਆਈਕਨ ਵਜੋਂ ਪਛਾਣਨ ਸਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਚੁਣੀ ਜਾਣ ਵਾਲੀ ਸ਼ਖ਼ਸੀਅਤ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਪ੍ਰਚਾਰ ਨਾ ਕਰਦੀ ਹੋਵੇ, ਇਹ ਯਕੀਨੀ ਬਣਾਉਣ ਲਈ ਕਿਹਾ ਗਿਆ।
ਜ਼ਿਲ੍ਹਾ ਸਵੀਪ ਟੀਮ ਅਤੇ ਸਬੰਧਤ ਅਧਿਕਾਰੀਆਂ ਨੂੰ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਅਧਿਕਾਰਤ ਵੋਟਰ ਜਾਗਰੂਕਤਾ ਸਮੱਗਰੀ, ਈ-ਪੋਸਟਰ, ਵੀਡੀਓ, ਵਿਸ਼ੇਸ਼ ਕੈਂਪਾਂ ਅਤੇ ਵੋਟਰ ਸੇਵਾਵਾਂ ਸਬੰਧੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ ਗਿਆ।
ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਸਮੂਹ ਵਿੱਦਿਅਕ ਸੰਸਥਾਵਾਂ, ਸਰਕਾਰੀ ਵਿਭਾਗਾਂ, ਐਨਜੀਓਜ਼, ਯੂਥ ਕਲੱਬਾਂ, ਸਵੈ-ਸਹਾਇਤਾ ਸਮੂਹਾਂ ਅਤੇ ਭਾਈਚਾਰਕ ਸੰਸਥਾਵਾਂ ਨੂੰ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ, ਤਾਂ ਜੋ ਲੋਕਤੰਤਰਿਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ “ਹਰ ਵੋਟ ਮਹੱਤਵਪੂਰਨ ਹੈ” ਅਤੇ “ਕੋਈ ਵੀ ਯੋਗ ਵੋਟਰ ਪਿੱਛੇ ਨਾ ਰਹੇ” ਦੇ ਉਦੇਸ਼ ਨੂੰ ਸਾਕਾਰ ਕੀਤਾ ਜਾ ਸਕੇ।

