ਕਦੇ ਕਦੇ ਜੀਅ ਕਰਦਾ ਹੈ
ਕਿ ਫਿਰ ਬਚਪਨ ਵਿੱਚ ਚਲੇ ਜਾਵਾਂ !
ਮਾਂ ਦੀਆਂ ਪੱਕੀਆਂ ਖਾਵਾਂ
ਮਾਂ ਦੇ ਗੱਲ ਲੱਗ ਜਾਵਾਂ ਤੇ ਕਹਾਂ !
ਅੱਮੜੀਏ ਤੂੰ ਠੀਕ ਹੀ ਕਹਿੰਦੀ ਸੀ
ਕਿ ਰੱਬਾ ਧੀ ਦੇਵੇ ਤੇ !
ਉਹਨਾਂ ਦੇ ਕਰਮ ਚੰਗੇ ਹੋਣ
ਜਿੱਥੇ ਜਾਣ ਸੁਖੀ ਵੱਸਣ !
ਕਦੇ ਕਦੇ ਜੀਅ ਕਰਦਾ ਹੈ
ਦੁੱਖ ਦਰਦ ਤੇ ਸੰਸਕਾਰਾਂ ਦਾ
ਲਾਹ ਸੁੱਟਾਂ ਲਿਬਾਸ ਮੈਂ !
ਕਿਤੋਂ ਪੰਖ ਉਧਾਰੇ ਮਿਲ ਜਾਣ ਤੇ
ਪੰਛੀ ਬਣ ਉੱਡ ਜਾਵਾਂ !
ਖੁੱਲੀ ਫ਼ਿਜ਼ਾ ਵਿੱਚ ਜਾ ਭਰਾਂ ਉਡਾਰੀ
ਤੇ ਅਨੰਦਿਤ ਮਹਿਸੂਸ ਕਰਾਂ !
ਕਦੇ ਕਦੇ ਜੀਅ ਕਰਦਾ ਹੈ
ਗਿਆਨ ਤੇ ਸਚਾਈ ਦੀ ਖੋਜ ਵਿੱਚ
ਸਾਧ ਬਣ ਜਾਵਾਂ ਮੈਂ !
ਕਿਤੇ ਜੰਗਲ਼ ਬੇਲੇ ਪਹਾੜ ਦੀ ਗੁਫ਼ਾ
ਵਿੱਚ ਬੈਠ ਸਮਾਧੀ ਵਿੱਚ
ਲੀਨ ਹੋ ਜਾਵਾਂ !
ਕਦੇ ਕਦੇ ਜੀਅ ਕਰਦਾ
ਆਪਣੇ ਤੇ ਕੋਈ ਨਜ਼ਮ ਲਿਖਾਂ ਮੈਂ !
ਸੋਚਦੀ ਹਾਂ ਮੈਂ ਤੇ ਇਕ ਬੰਦ ਕਿਤਾਬ ਹਾਂ
ਕੋਈ ਇਕ ਕਵਿਤਾ ਵਿੱਚ ਮੈਨੂੰ
ਕਿਵੇਂ ਪੜ੍ਹ ਸਕੇਗਾ !
ਕਦੇ ਕਦੇ ਜੀਅ ਕਰਦਾ ਹੈ
ਛੱਡ ਮਨਾਂ ਦੁਨੀਆਂ ਦੇ ਝਮੇਲਿਆਂ ਨੂੰ !
ਸੱਭ ਕਾਸੇ ਤੋਂ ਬੇਪਰਵਾਹ ਹੋ ਜਾਈਏ
ਦੁੱਖਾਂ ਦਰਦਾਂ ਦੀ ਤੱਖਤੀ ਲਾਹ ਦਈਏ !
ਕਦੀ ਹੱਸੀਏ ਤੇ ਕਦੀ ਚੀਕੀਏ
ਕਦੀ ਨੱਚੀਏ ਤੇ ਕਦੀ ਗਾਈਏ !
ਜ਼ਿੰਦਗੀ ਨੂੰ ਕਮਲਿਆਂ ਵਾਂਗ ਜੀ ਲਈਏ
ਕਦੇ ਕਦੇ ਜੀਅ ਕਰਦਾ ਹੈ
ਜੀਅ ਭਰ ਕੇ ਰੋ ਲਾਂ ਮੈਂ !
ਕਿਸੇ ਐਸੀ ਜਗਹ ਤੁਰ ਜਾਵਾਂ
ਜਿੱਥੇ ਬੰਦਾ ਨਾ ਬੰਦੇ ਦੀ ਜਾਤ ਹੋਵੇ !
ਮੁੜ ਵਾਪਿਸ ਕਦੀ ਨਾ ਆਵਾਂ ਤੇ
ਪ੍ਰਭੂ ਦੇ ਵਿੱਚ ਲੀਨ ਹੋ ਜਾਵਾਂ !
( ਰਮਿੰਦਰ ਰੰਮੀ )
Leave a Reply