ਦੋ ਸਕੇ ਭਰਾਵਾਂ ਨੇ ਜੱਫੀ ਪਾ ਕੇ ਰੇਲਗੱਡੀ ਮੂਹਰੇ ਛਾਲ ਕੇ ਜੀਵਨ ਲੀਲਾ ਕੀਤੀ ਸਮਾਪਤ
ਕੋਟਕਪੂਰਾ, 24 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀਨੌ ਦੇ ਦੋ ਸਕੇ ਭਰਾਵਾਂ ਵਲੋਂ ਰੇਲਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦੀ ਦੁਖਦਾਇਕ ਖਬਰ ਮਿਲੀ ਹੈ। ਇਕ ਇਕ ਮਾਸੂਮ ਬੇਟੀਆਂ ਦੇ ਪਿਤਾ ਦੋਨੋਂ ਭਰਾਵਾਂ ਦੀ ਮੌਤ ਦੀ ਖਬਰ ਜਦੋਂ ਪਿੰਡ ਵਿੱਚ ਪੁੱਜੀ ਤਾਂ ਸੋਗ ਦਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਰੇਲਵੇ ਜੀ.ਆਰ.ਪੀ. ਚੌਂਕੀ ਇੰਚਾਰਜ ਸਬ ਇੰਸਪੈਕਟਰ ਜਸਵੀਰ ਕੌਰ ਅਤੇ ਏਐਸਆਈ ਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਸਵੇਰੇ ਰੇਲਗੱਡੀ ਛਿੰਦਵਾੜਾ ਥੱਲੇ ਆਕੇ ਦੋ ਸਕੇ ਨੌਜਵਾਨ ਭਰਾਵਾਂ ਵੱਲੋਂ ਆਤਮਹੱਤਿਆ ਕਰ ਲਈ ਗਈ ਹੈ, ਜਿੰਨਾਂ ਦੀ ਪਛਾਣ ਜਸਕਰਨ ਸਿੰਘ (38) ਅਤੇ ਜੋਰਾ ਸਿੰਘ (34) ਪੁੱਤਰਾਨ ਰਣਬੀਰ ਸਿੰਘ ਵਾਸੀਆਨ ਪਿੰਡ ਹਰੀਨੌ ਜਿਲਾ ਫਰੀਦਕੋਟ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮਿ੍ਰਤਕ ਦੇ ਪਿਤਾ ਅਨੁਸਾਰ ਇਹ ਨੌਜਵਾਨ ਆਰਥਿਕ ਪੱਖੋਂ ਕਮਜੋਰ ਹੋਣ ਕਾਰਨ ਕਾਫੀ ਪ੍ਰੇਸ਼ਾਨ ਰਹਿੰਦੇ ਸਨ। ਪੁਲਿਸ ਅਨੁਸਾਰ ਰਣਬੀਰ ਸਿੰਘ ਦੇ ਬਿਆਨਾ ’ਤੇ 174 ਦੀ ਕਾਰਵਾਈ ਕਰਕੇ ਮਿ੍ਰਤਕਾਂ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ। ਜਾਣਕਾਰੀ ਮਿਲਦਿਆਂ ਹੀ ਪਿੰਡ ਹਰੀਨੌ ’ਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇ ਭਰਾਵਾਂ ’ਚ ਬਹੁਤ ਜਿਆਦਾ ਪਿਆਰ ਸੀ, ਹਰੇਕ ਕੰਮ ਇਕੱਠੇ ਹੀ ਰਲ-ਮਿਲ ਕੇ ਕਰਦੇ ਸਨ। ਉਨ੍ਹਾਂ ਦੱਸਿਆ ਕਿ ਜਮੀਨ ਬਹੁਤ ਘੱਟ ਸੀ ਤੇ ਦੋਵਾਂ ਭਰਾਵਾਂ ਸਿਰ ਕਰਜਾ ਬਹੁਤ ਵੱਧ ਗਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇ ਭਰਾਵਾਂ ਦੇ ਇਕ-ਇਕ ਬੇਟੀਆਂ ਸਨ।

