ਕੋਈ ਸੰਤੁਸ਼ਟ ਵਿਅਕਤੀ ਮਨੋਕਲਪਨਾ ਨਹੀਂ ਕਰਦਾ। ਨਾ ਹੀ ਬੁਣਦਾ ਹੈ। ਸਿਰਫ਼ ਅਸੰਤੁਸ਼ਟ ਹੀ ਮਨੋਕਲਪਨਾਵਾਂ ਬੁਣਦੇ ਹਨ। ਮਨੋਕਲਪਨਾਵਾਂ ਦੀ ਪ੍ਰੇਰਕ ਸ਼ਕਤੀ ਨਾ ਪੂਰੀਆਂ ਹੋਈਆਂ ਇੱਛਾਵਾਂ ਹੁੰਦੀਆਂ ਹਨ। ਹਰ ਇੱਕ ਮਨੋਕਲਪਨਾ, ਇੱਛਾ ਪੂਰਤੀ ਅਤੇ ਅਸਲੀ ਜੀਵਨ ਵਿੱਚ ਅਸੰਤੁਸ਼ਟਤਾ ਦੀ ਭਰਪਾਈ ਦੀ ਭਾਂਤ ਹੁੰਦੀ ਹੈ।
ਇਹ ਪ੍ਰੇਰਕ ਇੱਛਾਵਾਂ ਮਨੋਕਲਪਨਾ ਕਰਨ ਵਾਲਿਆਂ ਦੇ ਲਿੰਗ, ਚਰਿੱਤਰ ਅਤੇ ਪ੍ਰਸਥਿਤੀਆਂ ਦੇ ਮੁਤਾਬਕ ਵੱਖੋ-ਵੱਖਰੀਆਂ ਹੁੰਦੀਆਂ ਹਨ। ਪ੍ਰੰਤੂ ਸੁਭਾਵਿਕ ਤੌਰ ‘ਤੇ ਇਹ ਦੋ ਮੁੱਖ ਸਮੂਹਾਂ ਵਿੱਚ ਵੰਡੀਆਂ ਹੁੰਦੀਆਂ ਹਨ। ਪਹਿਲੀਆਂ, ਵਡੱਪਣ ਵਾਲੀਆਂ ਇੱਛਾਵਾਂ, ਜੋ ਵਿਅਕਤੀਤਵ ਅਤੇ ਸ਼ਖ਼ਸੀਅਤ ਨੂੰ ਉੱਚਾ ਚੁੱਕਣ ਵਿੱਚ ਮਦਗਾਰ ਹੁੰਦੀਆਂ ਹਨ। ਦੂਜੀਆਂ, ਕਾਮ-ਵਾਸ਼ਨਾ ਨਾਲ ਸੰਬੰਧਿਤ ਹੁੰਦੀਆਂ ਹਨ।
ਨੌਜਵਾਨ ਔਰਤਾਂ ਅਤੇ ਮੁਟਿਆਰਾਂ ਵਿੱਚ ਕਾਮ-ਵਾਸ਼ਨਾ ਦੀਆਂ ਇੱਛਾਵਾਂ ਦੀ ਪ੍ਰਧਾਨਤਾ ਹੁੰਦੀ ਹੈ, ਕਿਉਂਕਿ ਉਹਨਾਂ ਦੀਆਂ ਮਨੋਕਲਪਨਾਵਾਂ ਕੁਦਰਤੀ ਤੌਰ ‘ਤੇ ਕਾਮ-ਭਾਵਨਾ ਨਾਲ ਜੁੜੀਆਂ ਹੁੰਦੀਆਂ ਹਨ। ਨੌਜਵਾਨ ਗੱਭਰੂਆਂ ਵਿੱਚ ਘੁਮੰਡ ਅਤੇ ਵਡੱਪਣ ਨਾਲ ਜੁੜੀਆਂ ਇੱਛਾਵਾਂ ਕਾਮ-ਭਾਵਨਾ ਦੇ ਨਾਲ-ਨਾਲ ਸਪਸ਼ਟ ਰੂਪ ਵਿੱਚ ਪ੍ਰਗਟ ਹੁੰਦੀਆਂ ਹਨ।
ਪ੍ਰੰਤੂ ਸਾਡਾ ਜ਼ੋਰ ਦੋਵਾਂ ਰੁਝਾਨਾਂ ਨੂੰ ਵਿਰੋਧੀ ਸਾਬਤ ਕਰਨ ‘ਤੇ ਨਹੀਂ ਹੈ। ਇਸਦੇ ਬਦਲੇ ਅਸੀਂ ਇਸ ਤੱਥ ‘ਤੇ ਜ਼ੋਰ ਦੇਵਾਂਗੇ ਕਿ ਦੋਵੇਂ ਅਕਸਰ ਆਪਸ ਵਿੱਚ ਜੁੜੇ ਹੁੰਦੇ ਹਨ।
ਜਿਵੇਂ ਕਿਸੇ ਦਾਨੀ ਦੀ ਤਸਵੀਰ ਦੇ ਇੱਕ ਕੋਨੇ ਵਿੱਚ ਉਸਦੀ ਪਤਨੀ ਦੀ ਤਸਵੀਰ ਹੁੰਦੀ ਹੈ, ਉਸੇ ਤਰ੍ਹਾਂ ਜ਼ਿਆਦਾਤਰ ਵਡੱਪਣ ਦੀਆਂ ਮਨੋਕਲਪਨਾਵਾਂ ਦੇ ਇੱਕ ਕੋਨੇ ਵਿੱਚ ਅਸੀਂ ਉਸ ਔਰਤ ਦੀ ਤਸਵੀਰ ਭਾਲ ਸਕਦੇ ਹਾਂ, ਜਿਸਦੇ ਲਈ ਮਨੋਕਲਪਨਾ ਕਰਨ ਵਾਲਾ ਹਰ ਦਲੇਰਾਨਾ ਕੰਮ ਕਰਦਾ ਹੈ ਅਤੇ ਆਪਣੀ ਜਿੱਤ ਉਸਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦਾ ਹੈ। ਇੱਥੇ ਫਿਰ ਲੁਕਾਉਣ ਦੀ ਭਾਰੀ ਪ੍ਰੇਰਨਾ ਵੀ ਕੰਮ ਕਰਦੀ ਹੈ।
ਪਾਲਣ-ਪੋਸ਼ਣ ਪ੍ਰਾਪਤ ਨੌਜਵਾਨ ਔਰਤ ਨੂੰ ਘੱਟ ਤੋਂ ਘੱਟ ਕਾਮ-ਭਾਵਨਾ ਨੂੰ ਜ਼ਾਹਿਰ ਕਰਨ ਦੀ ਖੁੱਲ੍ਹ ਹੁੰਦੀ ਹੈ। ਅਤੇ ਨੌਜਵਾਨ ਮਰਦ ਨੂੰ ਆਪਣੇ ਵੱਧ ਤੋਂ ਵੱਧ ਸਵੈ-ਹੰਕਾਰ ਨੂੰ ਦੱਬਣਾ ਪੈਂਦਾ ਹੈ, ਜੋ ਉਸ ਵਿੱਚ ਬਚਪਨ ਦੇ ਵਿਗੜਨ ਵਾਲੇ ਦਿਨਾਂ ਵਿੱਚ ਪੈਦਾ ਹੋ ਜਾਂਦਾ ਹੈ। ਤਾਂ ਕਿ ਉਹ ਸਮਾਜ ਵਿੱਚ ਆਪਣਾ ਥਾਂ ਬਣਾ ਸਕੇ, ਜਿਸ ਵਿੱਚ ਉਨ੍ਹਾਂ ਹੀ ਤਕੜੀਆਂ ਮਨੋਕਲਪਨਾਵਾਂ ਵਾਲੇ ਹੋਰ ਲੋਕ ਵੀ ਹੁੰਦੇ ਹਨ।
ਮੈਂਬਰ, ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ – 18
ਮਿਤੀ : 20/7/26
