ਲੀਗਲ ਏਡ ਸਿਸਟਮ ਖ਼ਿਲਾਫ਼ ਆਰ-ਪਾਰ ਦੀ ਲੜਾਈ, ਵਕੀਲ ਭੁੱਖ ਹੜਤਾਲ ’ਤੇ
ਰੋਸ ਵਜੋਂ ਕੱਲ ਕੱਢਿਆ ਜਾਵੇਗਾ ਵਿਸ਼ਾਲ ਰੋਡ ਸ਼ੋਅ
ਫ਼ਰੀਦਕੋਟ, 22 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਵਿਰੋਧ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਰੀਦਕੋਟ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਜਗਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਵਕੀਲਾਂ ਦਾ ਧਰਨਾ ਅੱਜ 14ਵੇਂ ਦਿਨ ਵਿੱਚ ਦਾਖਲ ਹੋ ਗਿਆ। ਧਰਨੇ ਦੌਰਾਨ ਵਕੀਲਾਂ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਕਿ ਜਦੋਂ ਤੱਕ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਵਿਵਸਥਾ ਆਜ਼ਾਦ ਵਕਾਲਤ ਪੇਸ਼ੇ ਅਤੇ ਨਿਆਂਇਕ ਪ੍ਰਣਾਲੀ ਦੇ ਹਿੱਤਾਂ ਦੇ ਉਲਟ ਹੈ, ਇਸ ਲਈ ਬਾਰ ਐਸੋਸੀਏਸ਼ਨ ਇਸ ਦੇ ਵਿਰੋਧ ਵਿੱਚ ਇਕਜੁੱਟ ਹੋ ਕੇ ਅੰਦੋਲਨ ਚਲਾ ਰਹੀ ਹੈ। ਬਾਰ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਬੁੱਧਵਾਰ ਨੂੰ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਸ਼ਹਿਰ ਵਿੱਚ ਇੱਕ ਵਿਸ਼ਾਲ ਰੋਸ ਮਾਰਚ (ਰੋਡ ਸ਼ੋਅ) ਕੱਢਿਆ ਜਾਵੇਗਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਕੀਲ ਆਪਣੀਆਂ ਕਾਰਾਂ ਅਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਲੰਘਣਗੇ ਅਤੇ ਇਸ ਸਿਸਟਮ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਉਣਗੇ। ਅੱਜ ਇਸ ਹੜਤਾਲ ਨੂੰ ਜਿਲ੍ਹਾ ਟੈਕਸ ਐਸੋਸੀਏਸ਼ਨ ਨੇ ਵੀ ਆਪਣਾ ਸਮਰਥਨ ਦਿੱਤਾ, ਟੈਕਸ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਵਿਨੈ ਗੁਪਤਾ, ਅਵੰਤਾ ਜੈਨ, ਲਲਿਤ ਗੁਪਤਾ, ਕਸ਼ਿਸ ਜੈਨ, ਵਰੁਣ ਮੁਖੀਜਾ ਅਤੇ ਹੋਰ ਕਈ ਵਕੀਲ ਸ਼ਾਮਿਲ ਹੋਏ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੀਨੀਅਰ ਐਡਵੋਕੇਟ ਬਿਕਰਜੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਚੌਹਾਨ, ਜਤਿੰਦਰ ਸਿੰਘ ਖੋਸਾ, ਨਵਜੋਤ ਸਿੰਘ ਵੈਹਣੀਵਾਲ ਆਦਿ ਨੇ ਵੀ ਸੰਬੋਧਨ ਕੀਤਾ।

