ਲੜਕੇ ਨੇ ਭੱਜ ਕੇ ਬਚਾਈ ਜਾਨ, ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ
ਕੋਟਕਪੂਰਾ, 22 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਢਿੱਲਵਾਂ ਕਲਾਂ ਨੇੜੇ ਕਥਿੱਤ ਆਨਰ ਕਿਲਿੰਗ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਆਪਣੇ ਹੀ ਪਿੰਡ ਬੁਰਜ ਹਰੀਕਾ ਦੇ ਨੋਜਵਾਨ ਨਾਲ ਪੇ੍ਰਮ ਵਿਆਹ ਕਰਨ ਤੋਂ ਨਰਾਜ਼ ਅਤੇ ਦੁਖੀ ਪਰਿਵਾਰਕ ਮੈਂਬਰਾਂ ਨੇ ਆਪਣੀ 20 ਸਾਲਾ ਲੜਕੀ ਦਾ ਕਥਿੱਤ ਤੌਰ ’ਤੇ ਕਤਲ ਕਰਕੇ ਉਸ ਦੀ ਲਾਸ਼ ਸ਼ਹਿਰ ਨੇੜਿਉਂ ਲੰਘਦੇ ਰਾਸ਼ਟਰੀ ਰਾਜ ਮਾਰਗ ਨੰਬਰ 54 ਕਿਨਾਰੇ ਖੇਤਾਂ ਵਿੱਚ ਕੰਡਿਆਲੀ ਤਾਰ ਕੋਲ ਸੁੱਟ ਦਿੱਤੀ। ਅੱਜ ਸਵੇਰੇ ਕਿਸਾਨਾ ਨੇ ਲਾਸ਼ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੇ ਸੰਜੀਵ ਕੁਮਾਰ ਡੀਐਸਪੀ ਕੋਟਕਪੂਰਾ ਅਤੇ ਅਵਤਾਰ ਸਿੰਘ ਰਾਜਪਾਲ ਡੀਐਸਪੀ ਫਰੀਦਕੋਟ ਨੇ ਦੱਸਿਆ ਕਿ ਮਹਿਕਪ੍ਰੀਤ ਕੌਰ ਨਾਮ ਦੀ ਪਿੰਡ ਬੁਰਜ ਹਰੀਕਾ ਦੀ ਵਸਨੀਕ ਲੜਕੀ ਨੇ ਆਪਣੇ ਹੀ ਪਿੰਡ ਦੇ ਨੌਜਵਾਨ ਜਗਦੀਪ ਸਿੰਘ ਨਾਲ ਇਸੇ ਸਾਲ 4 ਮਾਰਚ ਨੂੰ ਅਦਾਲਤੀ ਵਿਆਹ ਰਜਿਸਟਰਡ ਕਰਵਾਇਆ ਲਿਆ ਪਰ ਲੜਕਾ-ਲੜਕੀ ਅਰਥਾਤ ਦੋਵੇਂ ਪਰਿਵਾਰ ਇਸ ਵਿਆਹ ਦਾ ਵਿਰੋਧ ਕਰ ਰਹੇ ਸਨ। ਵਿਆਹ ਤੋਂ ਬਾਅਦ ਲੜਕਾ-ਲੜਕੀ ਭਗਤਾ ਭਾਈਕਾ ਜਿਲਾ ਬਠਿੰਡਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ ਅਤੇ ਉਹਨਾ ਜਾਨ ਦਾ ਖਤਰਾ ਹੋਣ ਸਬੰਧੀ ਪਹਿਲਾਂ ਹੀ ਬਾਜਾਖਾਨਾ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੋਈ ਸੀ। ਪੁਲਿਸ ਮੁਤਾਬਿਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਬੀਤੀ ਸ਼ਾਮ ਪਿੰਡ ਢਿੱਲਵਾਂ ਕਲਾਂ ਦੇ ਗੁਰਦਵਾਰਾ ਸਾਹਿਬ ਵਿੱਚ ਮਿਲਣ ਲਈ ਬੁਲਾਇਆ, ਜਦੋਂ ਮਹਿਕਪ੍ਰੀਤ ਅਤੇ ਜਗਦੀਪ ਮੋਟਰਸਾਈਕਲ ’ਤੇ ਉੱਥੇ ਪਹੁੰਚੇ ਤਾਂ ਕਾਰ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਉਹਨਾ ਨੂੰ ਘੇਰ ਲਿਆ। ਦੋਵੇਂ ਜਾਨ ਬਚਾਉਣ ਲਈ ਭੱਜੇ ਪਰ ਹਮਲਾਵਰਾਂ ਨੇ ਮਹਿਕਪ੍ਰੀਤ ਨੂੰ ਤੇਜਧਾਰ ਹਥਿਆਰਾਂ ਨਾਲ ਮਾਰ ਕੇ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ, ਜਦਕਿ ਜਗਦੀਪ ਸਿੰਘ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਫੋਰੈਂਸਿਕ ਮਾਹਰਾਂ ਦੀ ਟੀਮ ਰਾਹੀਂ ਸਬੂਤ ਇਕੱਠੇ ਕਰਕੇ ਅਤੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮੁਲਜਮਾ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

