ਕੋਟਕਪੂਰਾ, 22 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸੀਆਈਏ ਸਟਾਫ਼ ਫ਼ਰੀਦਕੋਟ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਕ ਕਾਰ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 810 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਵੱਲੋਂ ਮੁਲਜ਼ਮ ਕੋਲੋਂ ਇਕ ਮੋਬਾਈਲ ਫ਼ੋਨ, ਜਾਮਾ ਤਲਾਸ਼ੀ ਦੌਰਾਨ 4 ਹਜ਼ਾਰ ਰੁਪਏ ਦੀ ਨਕਦੀ ਅਤੇ ਕਾਰ ਵੀ ਕਬਜ਼ੇ ਵਿਚ ਲੈ ਲਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਦੇ ਸਹਾਇਕ ਥਾਣੇਦਾਰ ਹਾਕਮ ਸਿੰਘ ਸਮੇਤ ਪੁਲਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿਚ ਦਾਣਾ ਮੰਡੀ ਚੰਦਬਾਜਾ ਵਿਖੇ ਮੌਜੂਦ ਸੀ। ਇਸ ਦੌਰਾਨ ਮੰਡੀ ਵਿਚ ਇਕ ਕਾਰ ਸ਼ੱਕੀ ਹਾਲਤ ਵਿਚ ਖੜ੍ਹੀ ਦਿਖਾਈ ਦਿੱਤੀ। ਪੁਲਸ ਪਾਰਟੀ ਨੇ ਕਾਰ ਕੋਲ ਜਾ ਕੇ ਉਸ ਵਿਚ ਬੈਠੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਅਤੇ ਕਾਨੂੰਨੀ ਕਾਰਵਾਈ ਅਨੁਸਾਰ ਕਾਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਕਾਰ ਵਿਚ ਪਏ ਇਕ ਬੈਗ ਵਿਚੋਂ 810 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਇਕ ਮੋਬਾਈਲ ਫ਼ੋਨ, ਜਾਮਾ ਤਲਾਸ਼ੀ ਦੌਰਾਨ 4 ਹਜ਼ਾਰ ਰੁਪਏ ਦੀ ਨਕਦੀ ਅਤੇ ਕਾਰ ਵੀ ਪੁਲਸ ਨੇ ਕਬਜ਼ੇ ਵਿਚ ਲੈ ਲਈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਹਰਦੀਪ ਸਿੰਘ ਵਾਸੀ ਸਾਧਾਂ ਵਾਲੀ ਬਸਤੀ, ਵਾਰਡ ਨੰਬਰ 22, ਥਾਣਾ ਸਿਟੀ-2, ਮੋਗਾ ਵਜੋਂ ਹੋਈ ਹੈ। ਪੁਲਸ ਵੱਲੋਂ ਉਸ ਖ਼ਿਲਾਫ਼ ਐਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹੈਰੋਇਨ ਦੀ ਇਹ ਵੱਡੀ ਖੇਪ ਕਿੱਥੋਂ ਲਿਆਂਦੀ ਗਈ ਸੀ, ਇਸ ਦੇ ਪਿੱਛੇ ਕੌਣ-ਕੌਣ ਸ਼ਾਮਲ ਹੈ ਅਤੇ ਇਸ ਨੂੰ ਅੱਗੇ ਕਿਸ ਨੂੰ ਸਪਲਾਈ ਕੀਤਾ ਜਾਣਾ ਸੀ।

