ਕੱਲ ਸਾਬਕਾ ਪੁਲਿਸ ਅਧਿਕਾਰੀ ਬਲਜੀਤ ਸਿੱਧੂ ਤੇ ਵਿਰਕ ਬਾਈ ਹੁਰਾਂ ਦਾ ਪੌਡਕਾਸਟ ਦੇਖ ਰਿਹਾ ਸੀ। ਉਹਦੇ ਵਿੱਚ ਉਹ ਇੱਕ ਸੱਚੀ ਘਟਨਾ ਦਾ ਜਿਕਰ ਕਰਦੇ ਦੱਸਦੇ ਹਨ ਕਿ ਇੱਕ ਵਾਰ ਕਿਸੇ ਪਿੰਡ ਦਾ ਅੱਥਰਾ ਜਿਹਾ ਮਸ਼ੋਹਰ ਬੁਰੀ ਸੰਗਤ ਵਿੱਚ ਪੈ ਕੇ ਨਸ਼ੇ ਦਾ ਆਦੀ ਹੋ ਗਿਆ। ਜਦੋਂ ਉਸ ਦੇ ਘਰ ਵਾਲੇ ਉਸ ਨੂੰ ਸਮਝਾ ਬੁਝਾ ਕੇ ਹੰਭ ਹਾਰ ਗਏ ਤਾਂ ਕਿਸੇ ਨੇ ਉਹਨਾਂ ਨੂੰ ਲਾਗਲੇ ਡੇਰੇ ਵਾਲੇ ਸਿਆਣੇ ਦੀ ਦੱਸ ਪਾ ਦਿੱਤੀ, ਵੀ ਇਹ ਬਾਬਾ ਤਾਂ ਅੜੇ ਗੱਡੇ ਕੱਢਦਾ। ਇਸ ਲਈ ਤੁਸੀਂ ਇਸ ਬਾਬੇ ਦੇ ਚਰਨ ਅਪਣੇ ਘਰੇ ਪੁਆ ਕੇ ਮੁੰਡਾ ਉਹਨੂੰ ਦਿਖਾਓ । ਸਲਾਹੀਆਂ ਦੀ ਗੱਲ ਮੰਨ ਕੇ ਦੁਖੀ ਹੋਏ ਘਰਦਿਆਂ ਨੇ ਮੁੰਡੇ ਨੂੰ ਸਹੀ ਰਸਤੇ ਪਵਾਉਣ ਲਈ ਬਾਬੇ ਨੂੰ ਆਪਣੇ ਘਰ ਸੱਦ ਲਿਆਂਦਾ। ਬਾਬੇ ਦੇ ਚਰਨ ਪੈਣ ਤੋਂ ਪਹਿਲਾਂ ਹੀ ਵਿਗੜਿਆ ਚੋਬਰ ਘਰੇ ਹੀ ਆਪਣੇ ਤੂੜੀ ਆਲੇ ਕੋਠੇ ‘ਚ ਸ਼ਰਾਬ ਕੱਢਣ ਜੁਟ ਗਿਆ। ਉਧਰੋਂ ਕਿਸੇ ਭੇਤੀ ਨੇ ਪੁਲਿਸ ਨੂੰ ਮੁਖਬਰੀ ਕਰਤੀ ਵੀ ਜੁਆਨ ਨੇ ਤਾਂ ਸਵੇਰ ਦੀ ਧੂਣੀ ਧੁਖਾ ਰੱਖੀ ਹੈ। ਛੇਤੀ ਆਜੋ ਜੇ ਸ਼ਿਕਾਰ ਫੜਣਾ। ਹੁਣੇ ਹੁਣੇ ਪਹੁੰਚਿਆ ਬਾਬਾ ਆਪਣੀ ਵਿਸ਼ੇਸ਼ ਬੋਲਚਾਲ ਦੇ ਸ਼ਬਦ ਜਾਲ ਰਾਹੀਂ ਘਰਦਿਆਂ ‘ਤੇ ਹਾਲੇ ਆਪਣਾ ਪ੍ਰਭਾਵ ਪਾਉਣ ਹੀ ਲੱਗਿਆ ਸੀ ਕਿ ਪੁਲਿਸ ਦਨਦਨਾਉਂਦੀ ਅੰਦਰ ਆ ਵੜੀ। ਪੁਲਿਸ ਦੀ ਭਿਣਕ ਪੈਂਦੇ ਹੀ ਚੋਬਰ ਤਾਂ ਮਿੰਟਾਂ ਸਕਿੰਟਾਂ ‘ਚ ਹੀ ਗੁਆਂਢੀਆਂ ਦੀ ਕੰਧ ਤੋਂ ਦੀ ਛਾਲ ਮਾਰ ਕੇ ਅੱਡੀਆਂ ਨੂੰ ਥੁੱਕ ਲਾ ਗਿਆ।
ਪੁਲਿਸ ਨੇ ਹੱਥ ਆਇਆ ਬਾਬਾ ਹੀ ਦਬੋਚ ਲਿਆ। “ਅਚਿੰਤੇ ਬਾਜ ਪਏ” ਬਾਬੇ ਨੂੰ ਜਦੋਂ ਥਾਣੇਦਾਰ ਨੇ ਪੁਲਸੀਆ ਦਬਕਾ ਮਾਰ ਕੇ ਚਲਦੀ ਭੱਠੀ ਬਾਰੇ ਪੁੱਛਿਆ, ਤਾਂ ਬਾਬਾ ਜੀ ਨਿੰਮੋਂ ਝੂਣੇ ਜਿਹੇ ਹੋਏ ਅੱਗੋਂ ਕਹਿੰਦੇ ਕਿ ਮੈਂ ਤਾਂ ਜੀ ਸਿਆਣਪ ਦਾ ਕੰਮ ਕਰਨ ਵਾਲਾ ਸਿਆਣਾਂ ਹਾਂ, ਭੱਠੀ ਆਲਾ ਤਾਂ ਵਹੁ ਵੀਟ ਗਿਆ। ਅੱਗੋਂ ਤਪਿਆ ਹੋਇਆ ਠਾਣੇਦਾਰ ਬਾਬੇ ਨੂੰ ਹੱਥਕੜੀ ਲਾਉਂਦਾ ਬੋਲਿਆ – ਬਾਬਾ ਜੀ, ਸਿਆਣਾ ਤਾਂ ਓਹ ਸੀ ਜਿਹੜਾ ਸਹੀ ਸਮੇਂ ਤੇ ਸਹੀ ਫੈਸਲਾ ਲੈ ਕੇ ਪੁਲਿਸ ਨੂੰ ਚਕਮਾ ਦੇ ਕੇ ਭੱਜ ਵੀ ਗਿਆ। ਮੂਰਖਾ ਤੂੰ ਕਿੱਥੋਂ ਦਾ ਸਿਆਣਾ ਹੋਇਆ।
ਅੱਜ ਕੱਲ ਹਰ ਖੇਤਰ ‘ਚ ਇਹੋ ਜਿਹੇ ਊਈਂ ਮਿੱਚੀ ਦੇ ਸਿਆਣੇ ਬਹੁਤ ਤੁਰੇ ਫਿਰਦੇ ਨੇ। ਬਚ ਕੇ ਜਰਾ….
ਡਾ. ਦਰਸ਼ਨ ਖੇੜੀ

