ਧਰਤੀ ਅੰਬਰ ਅਤੇ ਸਮੁੰਦਰ,
ਅੰਤ-ਬੇਅੰਤੇ ਦੁਨੀਆਂ ਜਾਣੇ।
ਪਰ ਧਰਤੀ ਦੀ ਕੁੱਖ ਵਿਚ ਉੱਗੇ,
ਵਣ ਹਰਿਆਲੇ, ਨਦੀਆਂ-ਨਾਲੇ।
ਇਨ੍ਹਾਂ ਵਿਚਲਾ ਵੇਗ,
ਅਗਨ ਨੂੰ ਕੌਣ ਸੰਭਾਲੇ?
ਮਾਰੂਥਲ ਵਿਚ ਜਿੱਥੇ ਕਿਧਰੇ,
ਜੰਤ-ਜਨੌਰ ਵੀ ਮਰ ਮੁੱਕ ਜਾਂਦੇ।
ਵਣ-ਤ੍ਰਿਣ ਸੁੱਕਦੇ,
ਜਾਂਦੇ ਮੁੱਕਦੇ, ਕੌਣ ਸੰਭਾਲੇ?
ਇਨ੍ਹਾਂ ਦੀ ਇਕ ਅੰਤ ਨਿਸ਼ਾਨੀ,
ਕੈਕਟਸ ਜਿਸ ਨੂੰ
ਸਿਰ ਤੋਂ ਪੈਰਾਂ ਤੀਕਣ ਕੰਡੇ।
ਵਰ੍ਹਿਆਂ ਬਾਅਦ ਏਸ ਤੇ,
ਵੇਖੋ ਖੇੜਾ ਆਇਆ,
ਇਹੀ ਕੈਕਟਸ ਮਹਿਕ ਖਿਲਾਰੇ,
ਰੌਣਕ ਵੰਡੇ।
ਪਰ ਇਸਨੂੰ ਕਿਹੜਾ ਪਹਿਚਾਣੇ?
ਕਿਹੜਾ ਇਸਨੂੰ ਆਪਣੀ ਜਾਣੇ?
ਮਾਨਣ ਹਾਰੇ ਦੂਰ-ਦੁਰਾਡੇ
ਤੁਰ ਗਏ ਸਾਰੇ।
ਉੱਡਦੇ-ਉੱਡਦੇ ਪੰਛੀ ਆਉਂਦੇ,
ਕਿਤੇ ਨਾ ਬਹਿੰਦੇ।
ਰੋਡੇ ਪਰਬਤ ਬੇ-ਇਤਬਾਰੇ।
ਬਲਦੀ ਰੇਤ ‘ਚ ਕਾਂ ਅੱਖ ਨਿਕਲੇ।
ਏਨੀ ਗਰਮੀ ਕੌਣ ਸਹਾਰੇ?
ਫਿਰ ਵੀ ਵੇਖੋ,
ਕੈਕਟਸ ਸਾਨੂੰ ਦੂਰੋਂ ਵਾਜਾਂ ਮਾਰ ਬੁਲਾਵੇ।
ਅਤੇ ਪੁਕਾਰੇ।
ਆਖ ਰਹੀ ਹੈ,
ਮੈਥੋਂ ਦੂਰੀ ਭੁੱਲ ਨਾ ਹੋਵੇ।
ਮੇਰੇ ਪੁੱਤਰੋ।
ਠੰਢੇ-ਠਾਰ ਪਹਾੜਾਂ ਵਾਲਿਓ
ਹੇਠਾਂ ਉੱਤਰੋ।
ਮੈਂ ਵੀ ਹਾਂ ਧਰਤੀ ਦੀ ਜਾਈ।
ਖ਼ਲਕ ਤਮਾਸ਼ਾ ਵੇਖਣ ਆਈ।
ਪਰ ਮੈਨੂੰ ਦੁਰਕਾਰ ਰਹੇ ਹੋ।
ਆਪਣਾ ਆਪ ਵਿਸਾਰ ਰਹੇ ਹੋ।
ਜ਼ਿੰਦਗੀ ਕੇਵਲ ਫੁੱਲਾਂ ਕੱਜੀ,
ਸੇਜ ਨਹੀਂ ਹੈ।
ਇਸ ਵਿਚ ਵੀ,
ਕੰਡਿਆਂ ਦਾ ਵਾਸਾ।
ਅੱਥਰੂ-ਅੱਥਰੂ ਹੋਵਣ ਪਿਛੋਂ,
ਸਭ ਨੂੰ ਚੰਗਾ ਲਗਦੈ ਹਾਸਾ।
ਮੈਂ ਕੰਡਿਆਂ ਦੀ ਜਾਈ,
ਤਪਸ਼ਾਂ ਦੇ ਵਿਚ ਉੱਗੀ।
ਨੀਲਾ ਅੰਬਰ ਮੇਰਾ ਬਾਬਲ,
ਧਰਤੀ ਝੁੱਗੀ।
ਮੇਰੇ ਜਿਸਮ ਦੇ ਪੰਜ ਤੱਤ ਵੇਖੋ।
ਪੰਜਾਂ ਵਿਚ ਫਿਰ ਪੰਜ ਟਿਮਕਣੇ।
ਫਿਰ ਪੰਜਾਂ ਵਿਚ ਪੰਜ ਨਿਸ਼ਾਨ।
ਪੰਜੋ ਪੰਜ ਨੇ ਮੇਰੀ ਜਾਨ।
ਵਿਸ਼ਵ ਅਮਨ ਦਾ ਚਿੱਟਾ ਝੰਡਾ
ਮੇਰੀ ਹਿਕੜੀ ਦੇ ਵਿਚ ਵੇਖੋ।
ਇਹੀ ਹੈ ਮੇਰੀ ਜਿੰਦ ਜਾਨ।
ਹੇ ਧਰਤੀ ਦੇ ਸੋਹਣੇ ਜਾਇਓ।
ਆਪਣੇ ਵੀਰਾਂ ਨੂੰ ਸਮਝਾਇਓ।
ਕੈਕਟਸ ਕੇਵਲ ਕੰਡਿਆਂ ਦਾ,
ਕੋਈ ਤਾਜ ਨਹੀਂ ਹੈ।
ਜੋ ਸੁਣ ਸਕਦੇ, ਓਹੀ ਜਾਨਣ,
ਕੁਦਰਤ ਨੇ ਜੋ ਬਿਨਾਂ ਯਤਨ ਤੋਂ,
ਆਪ ਵਜਾਇਆ,
ਇਸ ਤੋਂ ਮਿੱਠੜਾ ਸਾਜ਼ ਨਹੀਂ ਹੈ।
ਸਾਹ ਰੋਕੋ, ਧੜਕਣ ਨੂੰ ਆਖੋ,
ਕਿ ਕੁਝ ਪਲ ਰੁਕ ਜਾਵੇ।
ਕੁਦਰਤ ਜੋ ਹੈ ਕਹਿੰਦੀ,
ਉਸਨੂੰ ਕੌਣ ਸੁਣੇਗਾ?
ਧਰਤੀ ਦੇ ਕਣ-ਕਣ ਵਿਚ ਵੱਸਦਾ,
ਖਿੜਦਾ, ਮਹਿਕ ਖਿੰਡਾਉਂਦਾ,
ਦਿਲ ਦਾ ਭੇਤ ਨਾ ਦੱਸਦਾ।
ਸਿਰਜਣਹਾਰੇ ਨਾਲ ਵੀਰਿਓ ਸਾਂਝ ਵਧਾਓ।
ਆਪਣੇ ਆਪ ਤੋਂ ਟੁੱਟ ਨਾ ਜਾਇਓ,
ਕੁਦਰਤ ਮਾਂ ਦੇ ਨੇੜੇ ਆਓ।
🔴
▪️ਗੁਰਭਜਨ ਗਿੱਲ

