ਬੱਚੇ ਕੋਰੀ ਸਲੇਟ ਨਹੀਂ ਹੁੰਦੇ,
ਹੋਰ ਬਹੁਤ ਕੁਝ ਹੁੰਦੇ ਹਨ ।
ਉਨ੍ਹਾਂ ਦੇ ਮਨ ਮਸਤਕ,
ਵਿਚਲੀ ਗੂੜ੍ਹੀ ਇਬਾਰਤ,
ਤੇ ਹੋਰ ਬਹੁਤ ਕੁਝ ਲਿਖਿਆ ਲਿਖਾਇਆ ।
ਸਿਰਫ਼ ਅਸੀਂ ਹੀ ਉਸਨੂੰ,
ਪੜ੍ਹਨਾ ਨਹੀਂ ਜਾਣਦੇ ।
ਬੱਚੇ ਦਿਆਂ ਨੇਤਰਾਂ ਵਿੱਚ ਸੈਆਂ ਸਮੁੰਦਰ ਤਰਦੇ ।
ਸੁਪਨਿਆਂ ’ਚ ਘੁੰਮਦੇ
ਜਿਮੀਂ ਅਸਮਾਨ ।
ਖੰਡ ਬ੍ਰਹਿਮੰਡ,
ਨਛੱਤਰ ਕਿੰਨੇ ਸਾਰੇ ।
ਤੇਜ਼ ਰਫ਼ਤਾਰੀ ਬਿਜਲੀ ਭਰੇ,
ਨਿੱਕੇ ਨਿੱਕੇ ਪੈਰ ਖ੍ਵਾਬਾਂ ਜਹੇ ।
ਬੱਚਿਆਂ ਤੋਂ ਹੀ ਸਿੱਖਿਆ ਹੈ,
ਨਰਮੇ ਕਪਾਹਾਂ ਨੇ ਖਿੜਨਾ ।
ਪਰਿੰਦਿਆਂ ਨੇ ਪੰਖ ਪਸਾਰਨੇ ।
ਪੌਣਾਂ ਨੇ ਕਰਨੀਆਂ ਅਠਖੇਲੀਆਂ,
ਤੇ ਦਿਨ ਰਾਤ ਮਹਿਕਣਾ
ਸਿੱਖਿਆ ਹੈ ।
ਬੱਚਿਆਂ ਨੇ ਹੀ ਸਿਖਾਇਆ ਹੈ
ਸ਼ਰੀਂਹ ਦੇ ਫੁੱਲਾਂ ਤੋਂ ਲੈ ਕੇ
ਰਾਤ ਦੀ ਰਾਣੀ ਤੀਕ ਮਹਿਕਣਾ ।
ਘੁੰਮਰਾਂ ਪਾਉਂਦੀ ਵੰਗਾਂ ਛਣਕਾਉਂਦੀ
ਸੱਜ ਵਿਆਹੀ ਨੂੰ ਟਹਿਕਣਾ ।
ਕਦਮ ਕਦਮ ਤਾਲ ਤਾਲ ਦਰਿਆ ਵਾਂਗ ਵਹਿਣਾ
ਚੁੱਪ ਚਾਪ ਤੁਰਨਾ
ਮੂੰਹੋਂ ਕੁਝ ਵੀ ਨਾ ਕਹਿਣਾ ।
ਬੱਚੇ ਹੀ ਸਿਖਾਉਂਦੇ ਨੇ
ਬਾਤਾਂ ਪਾਉਣੀਆਂ ।
ਪੀੜ੍ਹੀ ਦਰ ਪੀੜ੍ਹੀ
ਪੁਸ਼ਤ ਦਰ ਪੁਸ਼ਤ ।
ਨਹੀਂ ਤਾਂ ਚਿਰੋਕਣਾ
ਭੁਲ ਭੁਲਾ ਜਾਂਦੇ,
ਜੰਗਲ ’ਚ ਗੁਆਚੇ,
ਰੂਪ ਬਸੰਤ ਦੀ ਕਥਾ ਕਥੌਲੀ ।
ਨਹੀਂ ਮਰਨ ਦਿੰਦੇ ਸਾਡੀ,
ਅਨੰਤ ਸਫ਼ਰ ਤੇ ਤੁਰਨ ਦੀ ਤਾਂਘ ।
ਲਗਾਤਾਰ ਭਰਦੇ ਨੇ,
ਮਾਂ ਬਾਪ ਦੇ ਖੰਭਾਂ ’ਚ ਪਰਵਾਜ਼ ।
ਉੱਡਣੇ ਪੁੱਡਣੇ ਪੌਣ ਸਵਾਰ ।
ਪੰਘੂੜੇ ’ਚ ਪਏ ਬੱਚੇ ਵੀ
ਸਾਨੂੰ ਊਰਜਾ ਬਖ਼ਸ਼ਦੇ ।
ਨਿੱਕੇ ਨਿੱਕੇ ਸੂਰਜ ।
ਨੇਤਰ ਜਗਦੇ
ਜੁਗਨੂੰਆਂ ਦਾ ਜੋੜਾ ।
ਕੋਲ ਬੁਲਾਉਂਦੇ ਤੇ ਸਮਝਾਉਂਦੇ,
ਸਾਡੇ ਕੋਲ ਬਹੁਤ ਕੁਝ ਹੈ
ਤੁਹਾਡੇ ਲਈ ।
ਜੀਕੂੰ ਮਾਸੂਮੀਅਤ ਹੈ
ਗੁਲਾਬ ਦੀਆਂ ਪੱਤੀਆਂ ਜਹੀ
ਰਵੇਲ ਦੀਆਂ ਸਫ਼ੈਦ
ਕਲੀਆਂ ਜਹੀ ।
ਤਾਰ ਤੇ ਲਮਕਦੀਆਂ
ਅੰਬਰੀ ਤਰੇਲ ਬੂੰਦਾਂ ਜਹੀ ।
ਜਲਕਣ ਜਲਕਣ ।
ਤਰਲਤਾ ਹੈ ਪਾਰੇ ਜਹੀ ।
ਨਿਰਮਲ ਨਦੀ ਦੇ
ਜਲ ’ਚ ਤਰਦੇ ਜਲ-ਬੁਲਬੁਲੇ ਜਹੀ ।
ਥੋੜ ਚਿਰੀ ਹੀ ਸਹੀ,
ਸਾਹਾਂ ’ਚ ਘੁਲਣਹਾਰੀ ।
ਮਿਸ਼ਰੀਓ ਮਿੱਠੀ ਮੁਸਕਾਨ ।
ਸਵਾਸਾਂ ’ਚ ਉਮਰ ਭਰ
ਤੁਰੇਗੀ ਨਾਲ ਨਾਲ ।
ਬੱਚੇ ਬਹੁਤ ਕੁਝ ਕਹਿ ਜਾਂਦੇ ਨੇ
ਬਿਨ ਬੋਲਿਆਂ ।
ਤੁਹਾਡੀਆਂ ਅੱਖਾਂ ’ਚੋਂ ਮੁਹੱਬਤ ਦੀ,
ਮੁਹਾਰਨੀ ਪੜ੍ਹਦੇ ਅਲੂੰਏਂ ਬਾਲ ।
ਮਾਸੂਮ ਰੱਬ ਨਿੱਕੇ ਜਿਹੇ ।
ਬੱਚਾ ਤਾਂ ਬੱਚਾ ਹੁੰਦਾ ਹੈ,
ਮੁੰਡਾ ਜਾਂ ਕੁੜੀ ਨਹੀਂ ਹੁੰਦਾ ।
ਮਾਪਿਓ!
ਤੁਸੀਂ ਕਿਓ ਦਰੇਗ ਕਰਦੇ ਹੋ ।
ਗ਼ਰਜ਼ਾਂ ਬੱਧੇ ਫ਼ਰਜ਼ ਭੁੱਲ ਜਾਂਦੇ ਹੋ ।
ਭੁੱਲਿਉ ਨਾ
ਰਿਸ਼ਤਿਆਂ ਨਾਲ ਬੇਈਮਾਨ
ਦੋਹੀਂ ਜਹਾਨੀਂ ਰੁਲਦੇ ਨੇ ।
ਕੋਮਲ ਤੰਦਾਂ ਰੋਲ਼ ਕੇ
ਕਿਹੜਾ ਧਰਮ ਪਾਲਦੇ ਹੋ?
ਧਰਮੀ ਬਾਬਲੋ ਕੁੱਖਾਂ ਦੀਆਂ ਤਲਾਸ਼ੀਆਂ ਲੈਂਦੇ,
ਭੁੱਲ ਜਾਂਦੇ ਹੋ ਜਣਨਹਾਰੀ ਮਾਂ ।
ਨਿੱਕੀ ਜਹੀ ਰੱਖੜੀ
ਘੋੜੀ ਦੀਆਂ ਵਾਗਾਂ ਗੁੰਦਦੀ,
ਪਰਦੇਸਣ ਭੈਣ ।
ਕੁਨਬੇ ਦੀ ਸੁਖ ਮੰਗਦੀ
ਸਵੇਰ ਸ਼ਾਮ,
ਬਾਬਲ ਦਾ ਵੱਸਦਾ ਰਹੇ ਵਿਹੜਾ ।
ਵੱਸਦਾ ਰਹੇ ਮੇਰਾ ਨਗਰ ਖੇੜਾ ।
ਖ਼ੁਦ ਲਈ ਕਦੇ
ਕੱਖ ਨਾ ਮੰਗਦੀ,
ਦਰਿਆ- ਦਿਲ ਧੀ ਧਿਆਣੀ ।
ਇਸ ਦੀ ਵੀ
ਅਲਖ ਮਿਟਾਉਂਦੇ ਹੋ ।
ਵੱਡੀਆਂ ਅਕਲਾਂ ਵਾਲਿਓ ।
ਬੇਬਸ ਅੱਖਾਂ ਵਿਚਲੀ
ਇਬਾਰਤ ਪੜ੍ਹੋ ਗਹੁ ਨਾਲ ।
ਅਣਲਿਖੇ ਕਿੰਨੇ ਹੀ ਇਕਰਾਰਨਾਮੇ
ਹਰਫ਼ ਹਰਫ਼ ਸ਼ਬਦ ਬਣਦੇ
ਘੋੜੀਆਂ, ਸੁਹਾਗ, ਸਿੱਠਣੀਆਂ,
ਵੈਣ ਬਣਦੇ ਕਦੇ ਲੋਰੀਆਂ,
ਤੋਤਲੇ ਮਾਸੂਮ ਬੋਲ ।
ਬੱਚਿਆਂ ਦੀਆਂ
ਇਨ੍ਹਾਂ ਸਲੇਟਾਂ
ਤੇ ਅਣਲਿਖਿਆ ਪੜ੍ਹੋ ।
ਬਹੁਤ ਸਾਰੇ ਪੂਰਨੇ ਉੱਘੜ ਆਉਣਗੇ ਟਿਮਟਿਮਾਉਂਦੇ ।
ਇਹੀ ਤੇ ਸੂਰਜ ਚੰਨ ਸਿਤਾਰੇ ਨੇ
ਤੁਹਾਡੀ ਬੁੱਕਲ ’ਚ ਖੇਡਦੇ ।
ਬੁੱਕਲ ਸੰਭਾਲੋ
🔵
▪️ਗੁਰਭਜਨ ਗਿੱਲ