ਬਠਿੰਡਾ 20 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਜਲਵਾਯੂ ਬਦਲਾਅ ਅਤੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਹਰਲੀਨ ਕੌਰ ਅਤੇ ਡਾ. ਰਾਜ ਕੁਮਾਰ ਪਾਲ ਨੂੰ ਬੀਤੇ ਦਿਨੀਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਵਿਖੇ ਸੂਖਮ ਮਸ਼ੀਨੀ ਅਤੇ ਖੇਤੀ ਸਮਾਧਾਨ ਵਿਸ਼ੇ ਤੇ ਹੋਈ ਕੌਮਾਂਤਰੀ ਕਾਨਫਰੰਸ ਵਿਚ ਪੇਪਰ ਪੇਸ਼ਕਾਰੀ ਲਈ ਸਰਵੋਤਮ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ| ਡਾ. ਹਰਲੀਨ ਕੌਰ ਨੇ ਜਲਵਾਯੂ ਤਬਦੀਲੀ ਦੇ ਮੱਕੀ ਦੇ ਝਾੜ ਉੱਪਰ ਪਏ ਪ੍ਰਭਾਵ ਬਾਰੇ ਅਤੇ ਡਾ. ਰਾਜ ਕੁਮਾਰ ਪਾਲ ਨੇ ਤਾਪਮਾਨ ਦੇ ਅਧਾਰ ਤੇ ਕਣਕ ਦੇ ਝਾੜ ਦੀ ਪੇਸ਼ੀਨਗੋਈ ਬਾਰੇ ਆਪਣੇ ਪੇਪਰ ਪੇਸ਼ ਕੀਤੇ ਸਨ| ਇਸੇ ਕਾਨਫਰੰਸ ਵਿਚ ਪੀ ਐੱਚ ਡੀ ਖੋਜਾਰਥੀ ਕੁਮਾਰੀ ਸਿਮਰਨਜੀਤ ਕੌਰ ਨੂੰ ਸਰਵੋਤਮ ਪੇਪਰ ਪੇਸ਼ਕਾਰੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ| ਉਹਨਾਂ ਨੇ ਅਰਧ ਸੇਂਜੂ ਪੰਜਾਬ ਵਿਚ ਸਿੰਚਾਈ ਭਿੰਨਤਾ ਅਧੀਨ ਨਰਮੇ ਵਿਚ ਸੁੱਕੇ ਮਾਦੇ ਦੀ ਹੋਂਦ ਬਾਰੇ ਪੇਪਰ ਪੇਸ਼ ਕੀਤਾ| ਐੱਮ ਐੱਸ ਸੀ ਵਿਦਿਆਰਥਣ ਕੁਮਾਰੀ ਸੋਨਾਕਸ਼ੀ ਜਸਵਾਲ ਨੇ ਵਾਤਾਵਰਨ ਪੱਖੀ ਖੇਤੀ ਬਾਰੇ ਪੇਪਰ ਪੇਸ਼ ਕਰਕੇ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਹਾਸਲ ਕੀਤਾ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਸੰਬੰਧਿਤ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|

