ਲੁਧਿਆਣਾ 20 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਖੁੱਲੀ ਕੈਂਪਸ ਪਲੇਸਮੈਂਟ ਮੁਹਿੰਮ ਦੌਰਾਨ ਪੀ.ਏ.ਯੂ. ਦੇ 22 ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਨੇ ਨੌਕਰੀਆਂ ਲਈ ਚੁਣ ਲਿਆ ਹੈ| ਇਹਨਾਂ ਵਿੱਚੋਂ 16 ਵਿਦਿਆਰਥੀਆਂ ਦੀ ਚੋਣ ਲਰਨ ਫਲੂ ਐਜੂਟੈੱਕ ਲਈ ਚਾਰ ਵਿਦਿਆਰਥੀਆਂ ਦੀ ਬਾਯੂਫਿਊਲ ਇੰਡੀਆ ਅਤੇ ਇੱਕ ਇੱਕ ਵਿਦਿਆਰਥੀ ਸਟੀਮਟੈੱਕ ਇਨੋਵੇਟਿਵ ਮਸ਼ੀਨਰੀ ਅਤੇ ਵੇਅਸਪਾਇਅਰ ਐਜੂਟੈੱਕ ਲਈ ਚੁਣਿਆ ਗਿਆ ਹੈ| ਇਹ ਚੋਣ ਖੇਤੀਬਾੜੀ ਕਾਲਜ, ਬੇਸਿਕ ਸਾਇੰਸਜ਼ ਕਾਲਜ ਅਤੇ ਬਾਗਬਾਨੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਅਕਾਦਮਿਕ ਅਤੇ ਉਦਯੋਗਿਕ ਮੁਹਾਰਤ ਦੇ ਅਧਾਰ ਤੇ ਨੇਪਰੇ ਚੜੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਨੂੰ ਹੋਰ ਲਗਨ ਅਤੇ ਮਿਹਨਤ ਨਾਲ ਕਾਰਜ ਕਰਨ ਦਾ ਸੱਦਾ ਦਿੱਤਾ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਇਸ ਚੋਣ ਲਈ ਪਲੇਸਮੈਂਟ ਗਾਈਡੈਂਸ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ|
ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਇੰਚਾਰਜ ਡਾ. ਸੰਦੀਪ ਜੈਨ ਨੇ ਕਿਹਾ ਕਿ ਇਹ ਚੋਣ ਪੀ.ਏ.ਯੂ. ਵੱਲੋਂ ਵਿਦਿਆਰਥੀਆਂ ਦੀ ਅਕਾਦਮਿਕ ਯੋਗਤਾ ਨਾਲ ਉਦਯੋਗਿਕ ਮੁਹਾਰਤ ਪ੍ਰਦਾਨ ਕਰਨ ਦੇ ਮੰਤਵ ਨੂੰ ਸਥਾਪਿਤ ਕਰਦੀ ਹੈ|
ਇਸ ਪਲੇਸਮੈਂਟ ਮੁਹਿੰਮ ਨੂੰ ਲੜਕਿਆਂ ਦੇ ਭਲਾਈ ਅਧਿਕਾਰੀ ਸ਼੍ਰੀ ਗੁਰਪ੍ਰੀਤ ਸਿੰਘ ਵਿਰਕ ਨੇ ਸੰਚਾਲਿਤ ਕੀਤਾ|
