ਮਾਹਿਰਾਂ ਨੇ ਵਿਗਿਆਨਕ ਢੰਗਾਂ ਨਾਲ ਖੇਤੀ ਆਮਦਨ ਵਧਾਉਣ ਦਾ ਸੁਨੇਹਾ ਦਿੱਤਾ

ਲੁਧਿਆਣਾ 9 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ.ਵਲੋਂ ਹਾੜ੍ਹੀ ਦੀਆਂ ਫ਼ਸਲਾਂ ਲਈ ਸਤੰਬਰ ਵਿਚ ਲਾਏ ਜਾਂਦੇ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ, ਅੰਮ੍ਰਿਤਸਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਹਲਕਾ ਅਜਨਾਲਾ ਦੇ ਮੌਜੂਦਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਸਨ। ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਰਿਸ਼ੀਪਾਲ ਸਿੰਘ , ਆਈ ਏ ਐੱਸ ਨੇ ਕੀਤੀ। ਇਸ ਤੋਂ ਇਲਾਵਾ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ ਪ੍ਰਭਜੋਧ ਸਿੰਘ ਸੰਧੂ ਅਤੇ ਯੂਨੀਵਰਸਿਟੀ ਉੱਚ ਅਧਿਕਾਰੀ ਵੀ ਮੰਚ ਤੇ ਮੌਜੂਦ ਸਨ।
ਸ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਭਾਸ਼ਣ ਨਾਲ ਕਿਸਾਨਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਪੀ ਏ ਯੂ ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣਾਉਣ ਵਿੱਚ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਸਾਂਝਾ ਸਹਿਯੋਗ ਹਾਸਿਲ ਹੋਇਆ। ਇਸੇ ਸਦਕਾ ਪੰਜਾਬ ਦੀ ਖੇਤੀ ਵਿਗਿਆਨਕ ਪੱਖੋਂ ਵਿਕਸਿਤ ਹੋਈ ਤੇ ਦੇਸ਼ ਅਨਾਜ ਪੱਖੋਂ ਸਵੈ ਨਿਰਭਰ ਹੋ ਸਕਿਆ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਖੇਤੀ ਭਿੰਨਤਾ ਵਾਲਾ ਹੈ ਇਸ ਲਈ ਸਹਾਇਕ ਕਿੱਤਿਆਂ ਅਤੇ ਬਾਗਬਾਨੀ ਆਦਿ ਨੂੰ ਅਪਣਾਉਣ ਦਾ ਸਮਾਂ ਹੈ। ਸ ਧਾਲੀਵਾਲ ਨੇ ਕਿਹਾ ਕਿ ਪਰਿਵਾਰ ਦੇ ਪੋਸ਼ਣ ਦੇ ਨਾਲ ਨਾਲ ਲਗਾਤਾਰ ਆਮਦਨ ਪਰਿਵਾਰ ਦੀ ਆਰਥਿਕ ਹਾਲਤ ਨੂੰ ਸਥਿਰ ਰੱਖਣ ਲਈ ਸਹਾਈ ਹੋ ਸਕਦੀ ਹੈ। ਨਾਲ ਹੀ ਮੰਡੀਕਰਨ ਲਈ ਆਪੇ ਕੋਸ਼ਿਸ਼ਾਂ ਕਰਨ ਵਾਲੀਆਂ ਸੰਸਥਾਵਾਂ ਅਤੇ ਸੰਗਠਨਾਂ ਕੋਲੋਂ ਬੜਾ ਕੁਝ ਸਿੱਖਣ ਦੀ ਲੋੜ ਹੈ। ਸ ਧਾਲੀਵਾਲ ਨੇ ਕਿਸਾਨਾਂ ਨੂੰ ਖੇਤੀ ਗਿਆਨ ਲਈ ਪੀ ਏ ਯੂ ਦੇ ਸਾਹਿਤ ਨਾਲ ਜੁੜਨ ਦਾ ਸੱਦਾ ਵੀ ਦਿੱਤਾ ਅਤੇ ਖੇਤਰੀ ਕੇਂਦਰਾਂ ਦੇ ਵਿਗਿਆਨੀਆਂ ਨਾਲ ਸੰਪਰਕ ਬਣਾਈ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੁੱਧ ਉਤਪਾਦਨ ਅਤੇ ਸਬਜ਼ੀਆਂ, ਫਲਾਂ ਦੀ ਪੈਦਾਵਾਰ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸਮਾਜ ਨੂੰ ਪੋਸ਼ਣ ਪੱਖੋਂ ਸਿਹਤਮੰਦ ਬਣਾਇਆ ਜਾ ਸਕੇ।
ਵਾਈਸ ਚਾਂਸਲਰ ਡਾ.ਰਿਸ਼ੀਪਾਲ ਸਿੰਘ, ਆਈ ਏ ਐੱਸ ਨੇ ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਹ ਮੇਲੇ ਕਿਸਾਨਾਂ ਤੋਂ ਮਾਹਿਰਾਂ ਦੇ ਸਿੱਖਣ ਅਤੇ ਉਨ੍ਹਾਂ ਨੂੰ ਸਿਖਾਉਣ ਦਾ ਮੌਕਾ ਵੀ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਇਨ੍ਹਾਂ ਮੇਲਿਆਂ ਦੀ ਸ਼ੁਰੂਆਤ ਕਰਕੇ ਦੇਸ਼ ਦੁਨੀਆਂ ਨੂੰ ਖੇਤੀ ਮਾਹਿਰਾਂ ਅਤੇ ਕਿਸਾਨਾਂ ਦੀ ਸਾਂਝ ਦਾ ਨਵਾਂ ਮਾਡਲ ਦਿੱਤਾ ਸੀ, ਜਿਸਦੀ ਪੈਰਵੀ ਅਨੇਕ ਸੰਸਥਾਵਾਂ ਨੇ ਬਾਅਦ ਵਿਚ ਕੀਤੀ । ਇਨ੍ਹਾਂ ਮੇਲਿਆਂ ਵਿੱਚੋਂ ਅਣਗਿਣਤ ਕਿਸਾਨਾਂ ਨੇ ਖੇਤੀ ਵਿਗਿਆਨ ਦੀ ਚਿਣਗ ਲਈ ਅਤੇ ਅਗਾਂਹਵਧੂ ਖੇਤੀ ਕਰਕੇ ਪੰਜਾਬ ਨੂੰ ਇਸ ਖੇਤਰ ਦਾ ਸਿਰਕੱਢ ਸੂਬਾ ਬਣਾ ਦਿੱਤਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ ‘ਵਿਗਿਆਨਕ ਢੰਗ ਅਪਣਾਓ, ਖੇਤੀ ਆਮਦਨ ਵਧਾਓ’ ਰੱਖਿਆ ਗਿਆ ਹੈ। ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਉੱਪਰ ਤਸੱਲੀ ਪ੍ਰਗਟਾਈ ਤੇ ਇਸ ਕੇਂਦਰ ਵਲੋਂ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਕਿੱਤਾ ਮੁਖੀ ਸਿਖਲਾਈ ਦਾ ਵਿਸ਼ੇਸ਼ ਜ਼ਿਕਰ ਕੀਤਾ। ਡਾ ਰਿਸ਼ੀਪਾਲ ਸਿੰਘ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਤੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਬਿਹਤਰ ਧਰਤੀ ਦਾ ਨਿਰਮਾਣ ਖੇਤੀ ਨਾਲ ਜੁੜੀਆਂ ਸਾਰੀਆਂ ਧਿਰਾਂ ਦੀ ਪ੍ਰਮੁੱਖਤਾ ਹੋਣੀ ਚਾਹੀਦੀ ਹੈ। ਇਸ ਦਿਸ਼ਾ ਵਿਚ ਉਨ੍ਹਾਂ ਨੇ ਰਸਾਇਣਿਕ ਖਾਦਾਂ ਆਦਿ ਦੀ ਵਰਤੋਂ ਲੋੜ ਤੇ ਪਰਖ ਮੁਤਾਬਕ ਕਰਨ ਦਾ ਪ੍ਰਣ ਕਰਨ ਲਈ ਕਿਸਾਨਾਂ ਨੂੰ ਕਿਹਾ। ਵਾਈਸ ਚਾਂਸਲਰ ਨੇ ਕਿਹਾ ਕਿ ਪੀ ਏ ਯੂ ਵਲੋਂ ਵਿਕਸਿਤ ਮਸ਼ੀਨਰੀ ਖੇਤੀ ਨੂੰ ਸੁਖਾਵੀਂ ਅਤੇ ਸਥਿਰ ਬਣਾਉਣ ਲਈ ਕਾਰਗਰ ਸਾਧਨ ਹੈ। ਮਿੱਟੀ ਦੀ ਸਿਹਤ ਸੁਧਾਰਨ ਲਈ ਪਰਾਲੀ ਨੂੰ ਖੇਤ ਵਿਚ ਵਾਹੁਣ ਦਾ ਅਹਿਦ ਵੀ ਅਜੋਕੇ ਕਿਸਾਨਾਂ ਨੂੰ ਕਰਨਾ ਚਾਹੀਦਾ ਹੈ। ਡਾ ਰਿਸ਼ੀਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਨਾ ਅਤੇ ਖੇਤੀ ਦੇ ਸਹਾਇਕ ਕਿੱਤਿਆਂ ਤੋਂ ਆਮਦਨ ਵਿਚ ਵਾਧਾ ਕਰਨਾ ਹੈ। ਇਸ ਕਾਰਜ ਲਈ ਸੰਯੁਕਤ ਖੇਤੀ ਪ੍ਰਣਾਲੀ ਪੀ ਏ ਯੂ ਵਲੋਂ ਵਿਕਸਿਤ ਕੀਤਾ ਅਤੇ ਪਰਖਿਆ ਹੋਇਆ ਸੁਚੱਜਾ ਮਾਧਿਅਮ ਹੈ। ਇਸਦੀ ਵਰਤੋਂ ਲਈ ਕਿਸਾਨਾਂ ਨੂੰ ਮਾਹਿਰਾਂ ਨਾਲ ਸੰਪਰਕ ਬਣਾਉਣੇ ਚਾਹੀਦੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਇਸ ਮੇਲੇ ਵਿੱਚੋਂ ਕਣਕ ਅਤੇ ਹੋਰ ਫ਼ਸਲਾਂ ਦੇ ਸੁਧਰੇ ਬੀਜ, ਖੇਤੀ ਸਾਹਿਤ, ਫਲਾਂ ਤੇ ਸਬਜ਼ੀਆਂ ਦੀ ਪਨੀਰੀ ਆਦਿ ਖਰੀਦ ਕੇ ਲਿਜਾਣ। ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਆਉਂਦੇ ਦਿਨੀਂ ਅਨੁਕੂਲ ਮੌਸਮ ਅਤੇ ਫਸਲਾਂ ਦੇ ਵਧੇਰੇ ਝਾੜ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਵੱਧ ਉਤਪਾਦਨ ਦੇ ਨਾਲ ਗੁਣਵੱਤਾ ਦਾ ਦੌਰ ਸਾਮ੍ਹਣੇ ਆਇਆ ਹੈ। ਡਾ ਢੱਟ ਨੇ ਪੰਜਾਬ ਦੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਦੇ ਸਹਿਯੋਗ ਨਾਲ ਦੇਸ਼ ਦੇ ਖੇਤੀ ਵਿਕਾਸ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਹੁਣ ਤਕ 994 ਕਿਸਮਾਂ ਵਿਕਸਿਤ ਕਰਕੇ ਕਾਸ਼ਤ ਲਈ ਦਿੱਤੀਆਂ ਹਨ। ਇਨ੍ਹਾਂ ਵਿਚੋਂ 250 ਤੋਂ ਵਧੇਰੇ ਕਿਸਮਾਂ ਰਾਸ਼ਟਰੀ ਪੱਧਰ ਤੇ ਪ੍ਰਵਾਨੀਆਂ ਗਈਆਂ। ਡਾ ਢੱਟ ਨੇ ਪੀ.ਏ.ਯੂ. ਵੱਲੋਂ ਪਿਛਲੇ ਛੇ ਮਹੀਨਿਆਂ ਵਿਚ ਸਿਫ਼ਾਰਸ਼ ਲਈ ਵਿਕਸਿਤ ਕੀਤੀਆਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਹੋਰ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਨਵੀਆਂ ਕਿਸਮਾਂ ਵਿਚ ਉਹਨਾਂ ਨੇ ਆਉਂਦੇ ਹਾੜੀ ਸੀਜ਼ਨ ਦੌਰਾਨ ਪੀ.ਏ.ਯੂ. ਦੀਆਂ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ । ਉਹਨਾਂ ਨੇ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚ ਕਣਕ ਦੀ ਕਿਸਮ ਪੀ ਬੀ ਡਬਲਯੂ 887 ਅਤੇ ਪੀ ਬੀ ਡਬਲਯੂ 927 ਦਾ ਜ਼ਿਕਰ ਕੀਤਾ । ਮਸਰਾਂ ਦੀ ਕਿਸਮ ਐੱਲ ਐੱਲ 1613, ਸਰ੍ਹੋਂ ਦੀ ਕਿਸਮ ਪੰਜਾਬ ਰਾਇਆ ਕਨੋਲਾ-7 ਅਤੇ ਪੰਜਾਬ ਰਾਇਆ 813, ਹਾੜ੍ਹੂ ਬਰਸੀਮ ਦੀ ਕਿਸਮ ਬੀ ਐੱਲ 45, ਮਟਰਾਂ ਦੀ ਕਿਸਮ ਅਗੇਤਾ 8 , ਆਲੂ ਦੀਆਂ ਕਿਸਮਾਂ, ਪਿਆਜ਼ ਦੀ ਨਵੀਂ ਕਿਸਮ , ਲਸਣ ਦੀ ਕਿਸਮ, ਖਰਬੂਜ਼ੇ ਦੀ ਕਿਸਮ ਪੰਜਾਬ ਅੰਮ੍ਰਿਤ ਆਦਿ ਦੇ ਗੁਣਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਡਾ. ਢੱਟ ਨੇ ਇਹ ਕਿਸਮਾਂ ਕਿਸਾਨਾਂ ਸਾਮ੍ਹਣੇ ਰੱਖੀਆਂ।
ਇਸ ਦੇ ਨਾਲ ਹੀ ਉਹਨਾਂ ਨੇ ਉਤਪਾਦਨ ਤਕਨੀਕਾਂ ਵਿਚ ਫੋਨ ਨਾਲ ਸਿੰਚਾਈ ਸੈਂਸਰ ਜੋੜਨ ਦੀ ਤਕਨੀਕ ਸਾਂਝੀ ਕੀਤੀ। ਮੂੰਗੀ ਵਿਚ ਨੀਲੇ ਚਿਪਕਵੇਂ ਕਾਰਡਾਂ ਦੀ ਵਰਤੋਂ ਅਤੇ ਪੌਦ ਸੁਰੱਖਿਆ ਤਕਨੀਕਾਂ ਵਿੱਚ ਗੁੱਲੀ ਡੰਡੇ ਦੀ ਰੋਕਥਾਮ, ਸੂਖਮ ਸਿੰਚਾਈ, ਗੋਭੀ ਸਰ੍ਹੋਂ ਅਤੇ ਤੋਰੀਆ ਦੀ ਅੰਤਰ ਫਸਲੀ ਕਾਸ਼ਤ ਦੇ ਨਾਲ-ਨਾਲ ਪਸ਼ੂਆਂ ਲਈ ਫ਼ਸਲੀ ਅਚਾਰ ਬਨਾਉਣ ਲਈ ਲੈਕਟਿਕ ਐਸਿਡ ਬੈਕਟੀਰੀਆ ਜਾਗ ਦਾ ਜ਼ਿਕਰ ਵੀ ਕੀਤਾ।
ਉਨ੍ਹਾਂ ਨੇ ਪਾਣੀ ਦੀ ਬੱਚਤ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਇਸ ਸੰਬੰਧੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਬਾਰੇ ਦੱਸਿਆ। ਡਾ ਢੱਟ ਨੇ ਪਰਾਲੀ ਦੀ ਸੰਭਾਲ ਹਰ ਹੀਲੇ ਖੇਤ ਵਿਚ ਹੀ ਕਰਨ ਲਈ ਕਿਹਾ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਉਨ੍ਹਾਂ ਕਿਹਾ ਕਿ ਕਿਸਾਨ ਮੇਲਿਆਂ ਦੀ ਲੜੀ ਵਿਚ ਕਿਸਾਨ ਮੇਲੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਲਾਏ ਜਾਂਦੇ ਹਨ। ਇਹ ਇਸ ਲੜੀ ਦਾ ਪਹਿਲਾ ਮੇਲਾ ਹੈ। ਇਨ੍ਹਾਂ ਮੇਲਿਆਂ ਦਾ ਉਦੇਸ਼ ਖੇਤੀ ਖੋਜਾਂ ਨੂੰ ਕਿਸਾਨਾਂ ਤਕ ਪੁਚਾਉਣ ਦੇ ਨਾਲ ਨਾਲ ਖੇਤੀ ਲਾਗਤਾਂ ਨੂੰ ਘੱਟ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਖੇਤੀ ਨੂੰ ਵੱਧ ਮੁਨਾਫ਼ੇਯੋਗ ਬਣਾਇਆ ਜਾ ਸਕੇ। ਪੀ ਏ ਯੂ ਦੇ ਖੇਤਰੀ ਖੋਜ ਕੇਂਦਰਾਂ ਵਿਚ ਚਲ ਰਹੇ ਸਿਖਲਾਈ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਡਾ. ਭੁੱਲਰ ਨੇ ਦਿੱਤੀ।
ਇਸ ਮੇਲੇ ਦੌਰਾਨ ਖੇਤੀਬਾੜੀ ਅਤੇ ਸੰਬੰਧਿਤ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਦੇਣ ਵਾਲੇ ਕਈ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿਚ ਪਿੰਡ ਮੱਤੇਵਾਲ ਦੇ ਸ ਗੁਰਪਾਲ ਸਿੰਘ ਨੂੰ ਸ਼ਹਿਦ ਮੱਖੀ ਪਾਲਣ ਲਈ, ਕੋਟਲੀ ਢੋਲੇ ਸ਼ਾਹ ਦੇ ਸ ਮਨਦੀਪ ਸਿੰਘ ਨੂੰ ਮੁਰਗੀ ਪਾਲਣ ਲਈ, ਪਿੰਡ ਮਹਿਣੀਆਂ ਬ੍ਰਾਹਮਣਾਂ ਦੇ ਸ ਕੇਵਲ ਸਿੰਘ ਨੂੰ ਸੂਰ ਪਾਲਣ ਲਈ, ਪਿੰਡ ਜੇਠੂਵਾਲ ਦੇ ਸ ਬਿਕਰਮਜੀਤ ਸਿੰਘ ਨੂੰ ਵਰਮੀ ਕੰਪੋਸਟ ਲਈ, ਕਮਾਸਕਾ ਦੇ ਸ ਪਲਵਿੰਦਰ ਸਿੰਘ ਨੂੰ ਡੇਅਰੀ ਲਈ, ਰਿਸ਼ੀ ਵਿਹਾਰ ਅੰਮ੍ਰਿਤਸਰ ਦੇ ਸ਼੍ਰੀਮਤੀ ਰਿਤੂ ਸਵੈਨ ਨੂੰ ਮੋਟੇ ਅਨਾਜਾਂ ਲਈ ਅਤੇ ਮਾਲਾ ਖੇੜੀ ਅੰਮ੍ਰਿਤਸਰ ਦੇ ਸ਼੍ਰੀਮਤੀ ਪਰਮਜੀਤ ਕੌਰ, ਖੇਤੀ ਪ੍ਰੋਸੈਸਿੰਗ ਚ ਕੀਤੇ ਕਾਰਜਾਂ ਲਈ ਜੁੜੇ ਕਿਸਾਨ ਸ਼ਾਮਿਲ ਸਨ।
ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਡਾ ਰਿਆੜ ਨੇ ਯੂਨੀਵਰਸਿਟੀ ਦੇ ਖੇਤੀ ਸਾਹਿਤ ਨਾਲ ਜੁੜਨ ਅਤੇ ਡਿਜੀਟਲ ਮਾਧਿਅਮ ਅਪਣਾ ਕੇ ਖੇਤੀ ਦੇ ਵਿਗਿਆਨਕ ਸਰੂਪ ਦਾ ਧਾਰਨੀ ਬਣਨ ਦੀ ਅਪੀਲ ਕਿਸਾਨਾਂ ਨੂੰ ਕੀਤੀ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਦੇ ਸਹਿਯੋਗੀ ਨਿਰਦੇਸ਼ਕ ਡਾ. ਬਿਕਰਮਜੀਤ ਸਿੰਘ ਨੇ ਕਹੇ। ਪੀ ਏ ਯੂ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ ਜਵਾਬ ਸੈਸ਼ਨ ਦੌਰਾਨ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ ਕੀਤੀ।
ਇਸ ਮੇਲੇ ਦੌਰਾਨ ਵੱਖ ਵੱਖ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ।
ਹਾਜ਼ਿਰ ਕਿਸਾਨਾਂ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ। ਹਾੜ੍ਹੀ ਦੀਆਂ ਫ਼ਸਲਾਂ ਬਾਰੇ ਪੀ ਏ ਯੂ ਦੇ ਖੇਤੀ ਸਾਹਿਤ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ।

