ਲੁਧਿਆਣਾ 9 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਜਲੰਧਰ ਸਥਿਤ ਕੰਪਨੀ ਪ੍ਰਕਾਸ਼ ਮਸਾਲੇ ਨਾਲ ਪੀ.ਏ.ਯੂ. ਨੇ ਇੱਕ ਸਮਝੌਤੇ ਉੱਪਰ ਦਸਤਖਤ ਕੀਤੇ| ਇਹ ਸਮਝੌਤਾ ਮੋਟੇ ਅਨਾਜਾਂ ਦੇ ਮੁੱਲਵਾਧੇ ਅਤੇ ਪ੍ਰੋਸੈਸਿੰਗ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਕੀਤਾ ਗਿਆ| ਪੀ.ਏ.ਯੂ. ਦੇ ਖੇਤੀ ਅਤੇ ਬਾਗਬਾਨੀ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਵਰਿੰਦਰ ਸਿੰਘ ਸੋਹੂ ਅਤੇ ਪ੍ਰਕਾਸ਼ ਮਸਾਲੇ ਵੱਲੋਂ ਸ਼੍ਰੀ ਮੋਹਿਤ ਵਿੱਜ ਨੇ ਸਮਝੌਤੇ ਦੀਆਂ ਸ਼ਰਤਾਂ ਨੂੰ ਮਾਣਤਾ ਦਿੱਤੀ| ਇਸ ਮੌਕੇ ਖੇਤੀ ਇੰਜਨੀਅਰਿੰਗ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ, ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਬਲਜੀਤ ਸਿੰਘ ਅਤੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਅਤੇ ਪਸਾਰ ਮਾਹਿਰ ਡਾ. ਅਰਸ਼ਦੀਪ ਸਿੰਘ, ਡਾ. ਹਨੂੰਮਾਨ ਬੋਡਾਡੇ ਵੀ ਮੌਕੇ ਤੇ ਮੌਜੂਦ ਸਨ|
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨਾਲ ਸੰਬੰਧਿਤ ਮਾਹਿਰਾਂ ਨੂੰ ਇਸ ਸਮਝੌਤੇ ਲਈ ਵਧਾਈ ਦਿੱਤੀ|
ਵਿਭਾਗ ਦੇ ਮੁਖੀ ਡਾ. ਬਲਜੀਤ ਸਿੰਘ ਨੇ ਇਸ ਮੌਕੇ ਦੱਸਿਆ ਕਿ ਮੋਟੇ ਅਨਾਜਾਂ ਤੋਂ ਬਣਿਆ ਦਲੀਆ ਅਤੇ ਵਰਤੋਂ ਲਈ ਤਿਆਰ ਉਤਪਾਦਾਂ ਦੀ ਆਮ ਜਨਤਾ ਵਿਚ ਬੇਹੱਦ ਮੰਗ ਹੈ| ਬੱਚਿਆਂ ਅਤੇ ਕੰਮਕਾਜੀ ਲੋਕਾਂ ਲਈ ਇਸਦੇ ਪੋਸ਼ਕ ਗੁਣ ਬੇਹੱਦ ਲਾਹੇਵੰਦ ਵੀ ਹਨ| ਉਹਨਾਂ ਕਿਹਾ ਕਿ ਭਾਵੇਂ ਦਲੀਆ ਰਵਾਇਤੀ ਰੂਪ ਵਿਚ ਕਣਕ ਤੋਂ ਹੀ ਬਣਦਾ ਹੈ ਪਰ ਮੋਟੇ ਅਨਾਜਾਂ ਦੇ ਦਲੀਏ ਦੀ ਪੌਸ਼ਟਿਕ ਮਹੱਤਤਾ ਵਧ ਜਾਂਦੀ ਹੈ| ਮੋਟੇ ਅਨਾਜ ਬਹੁਤ ਸਾਰੇ ਗੁਣਾ ਜਿਵੇਂ ਫਾਈਬਰ, ਮਿਨਰਲ, ਵਿਟਾਮਿਨ ਆਦਿ ਨਾਲ ਭਰਪੂਰ ਹੁੰਦੇ ਹਨ| ਇਸ ਕਾਰਨ ਰੋਗਾਂ ਨਾਲ ਲੜਨ ਦੀ ਸਰੀਰਕ ਸਮਰਥਾ ਵਿਚ ਵਾਧਾ ਕਰਨ ਵਾਲੇ ਭੋਜਨ ਵਜੋਂ ਇਹਨਾਂ ਨੂੰ ਜਾਣਿਆ ਜਾਂਦਾ ਹੈ| ਉਹਨਾਂ ਨੇ ਮੋਟੇ ਅਨਾਜਾਂ ਤੋਂ ਤਿਆਰ ਦਲੀਏ ਦੀ ਤਕਨੀਕ ਬਾਰੇ ਹੋਰ ਗੁਣਾਤਮਕ ਤੱਥਾਂ ਦੀ ਸਾਂਝ ਪੁਆਈ|
ਡਾ. ਖੁਸ਼ਦੀਪ ਧਰਨੀ ਨੇ ਪੀ.ਏ.ਯੂ. ਵੱਲੋਂ ਪ੍ਰੋਸੈਸਿੰਗ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਕੀਤਾ|

