
ਲੁਧਿਆਣਾ 9 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਬੀਤੇ ਦਿਨੀਂ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸ਼ਹਾਦਤ ਬਾਰੇ ਨਾਟਕ ਜਿਨ ਪਤਿ ਰਾਖੀ ਖੇਡਿਆ ਗਿਆ| ਇਸ ਦੌਰਾਨ ਮੁਖ ਮਹਿਮਾਨ ਦੇ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਸ਼ਾਮਿਲ ਹੋਏ| ਡਾ. ਰਿਸ਼ੀਪਾਲ ਸਿੰਘ ਨੇ ਮੌਜੂਦਾ ਸਮੇਂ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਾਜ ਵਿਚ ਭਾਈਚਾਰਕ ਸਦਭਾਵਨਾ ਪੈਦਾ ਕਰਨ ਵਾਲੀ ਘਟਨਾ ਕਿਹਾ| ਉਹਨਾਂ ਕਿਹਾ ਕਿ ਸਾਨੂੰ ਨੌਵੇਂ ਗੁਰੂ ਜੀ ਦੇ ਜੀਵਨ ਤੋਂ ਬਹੁਤ ਕੁਛ ਸਿੱਖਣ ਦੀ ਲੋੜ ਹੈ| ਉਹਨਾਂ ਕਿਹਾ ਕਿ ਇਸ ਨਾਟਕ ਦਾ ਪੀ.ਏ.ਯੂ. ਵਿਚ ਖੇਡਿਆ ਜਾਣਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੋੜਨ ਦਾ ਸਬੱਬ ਬਣੇਗਾ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਇਸ ਮੌਕੇ ਮੁੱਖ ਮਹਿਮਾਨ ਅਤੇ ਹੋਰ ਹਾਜ਼ਰ ਪਤਵੰਤਿਆਂ ਦਾ ਸਵਾਗਤ ਕੀਤਾ| ਉਹਨਾਂ ਕਿਹਾ ਕਿ ਵਿਰਸੇ ਨਾਲ ਜੋੜਨ ਵਾਲੇ ਆਯੋਜਨ ਨਿਰੰਤਰ ਤੌਰ ਤੇ ਪੀ.ਏ.ਯੂ. ਵਿਚ ਕਰਵਾਏ ਜਾਣਗੇ|
ਨਾਟਕ ਦੇ ਲੇਖਕ ਡਾ. ਨਿਰਮਲ ਜੌੜਾ ਨੇ ਨਾਟਕ ਦੀ ਰਚਨਾਕਾਰੀ ਦੇ ਤਜਰਬੇ ਸਾਂਝੇ ਕੀਤੇ| ਇਹ ਨਾਟਕ ਸ਼੍ਰੀ ਰਜਿੰਦਰ ਰਾਜਾ ਅਤੇ ਨਿਰਮਲ ਧਾਲੀਵਾਲ ਵੱਲੋਂ ਖੇਡਿਆ ਗਿਆ| ਡਾ. ਵਿਸ਼ਾਲ ਬੈਕਟਰ ਨੇ ਇਸ ਦੌਰਾਨ ਮੰਚ ਦੀ ਕਾਰਵਾਈ ਚਲਾਈ|
ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਡਾ. ਵਿਸ਼ਵਜੀਤ ਸਿੰਘ ਹਾਂਸ ਅਤੇ ਡਾ. ਮੱਖਣ ਸਿੰਘ ਭੁੱਲਰ ਸਮੇਤ ਯੂਨੀਵਰਸਿਟੀ ਅਧਿਆਪਕ, ਵਿਦਿਆਰਥੀ, ਪਤਵੰਤੇ ਅਤੇ ਬਹੁਤ ਸਾਰੇ ਸਾਹਿਤਕਾਰ ਇਸ ਮੌਕੇ ਦਰਸ਼ਕ ਮੰਡਲ ਵਿਚ ਹਾਜ਼ਰ ਰਹੇ|
ਅੰਤ ਵਿਚ ਡਾ. ਬੂਟਾ ਸਿੰਘ ਢਿੱਲੋਂ ਨੇ ਸਭ ਲਈ ਧੰਨਵਾਦ ਦੇ ਸ਼ਬਦ ਬੋਲੇ|
