ਲੁਧਿਆਣਾ 9 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਜੋੜੇ ਡਾ. ਮਨਜੀਤ ਸਿੰਘ ਛੀਨਨ ਅਤੇ ਉਹਨਾਂ ਦੀ ਸੁਪਤਨੀ ਡਾ. ਲਤਾ ਮਹਾਜਨ ਛੀਨਨ ਨੇ ਪੀ.ਏ.ਯੂ. ਦੇ ਐਂਡੋਮੈਂਟ ਫੰਡ ਲਈ 34 ਲੱਖ ਰੁਪਏ ਦਾ ਸਹਿਯੋਗ ਦਿੱਤਾ| ਛੀਨਨ ਪਰਿਵਾਰ ਵੱਲੋਂ ਪਹਿਲਾਂ ਹੀ ਪੀ.ਏ.ਯੂ. ਵਿਚ ਖੇਡਾਂ ਅਤੇ ਅਕਾਦਮਿਕ ਤਰੱਕੀ ਲਈ ਲਗਾਤਾਰ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ| ਛੀਨਨ ਜੋੜੇ ਨੇ 2015 ਵਿੱਚ ਯੂਨੀਵਰਸਿਟੀ ਦੇ ਦੌਰੇ ਦੌਰਾਨ 10 ਸਾਲਾਂ ਦੇ ਵਕਫ਼ੇ ਵਿਚ ਖੇਡਾਂ ਅਤੇ ਪੜਾਈ ਦੇ ਵਿਕਾਸ ਲਈ 10 ਹਜ਼ਾਰ ਡਾਲਰ ਦਾ ਸਹਿਯੋਗ ਯੂਨੀਵਰਸਿਟੀ ਨੂੰ ਦਿੱਤਾ ਸੀ| ਪਿਛਲੇ ਸਾਲ ਨਵੰਬਰ ਵਿਚ ਪੀ.ਏ.ਯੂ. ਦਾ ਦੌਰਾ ਕਰਕੇ ਪ੍ਰੋ. ਮਨਜੀਤ ਸਿੰਘ ਛੀਨਨ ਨੇ ਇਸ ਸੰਬੰਧੀ ਯੂਨੀਵਰਸਿਟੀ ਨਾਲ ਵਿਚਾਰ-ਚਰਚਾ ਕੀਤੀ| ਡਾ. ਛੀਨਨ ਵੱਲੋਂ ਐਂਡੋਮੈਂਟ ਫੰਡ ਵਿਚ ਵਾਧੇ ਦੀ ਇੱਛਾ ਪ੍ਰਗਟਾਈ ਗਈ ਸੀ ਅਤੇ ਇਸੇ ਦਿਸ਼ਾ ਵਿਚ ਉਹਨਾਂ ਨੇ 34 ਲੱਖ ਰੁਪਏ ਹੋਰ ਯੂਨੀਵਰਸਿਟੀ ਨੂੰ ਦਾਨ ਦਿੱਤੇ ਹਨ|
ਡਾ. ਛੀਨਨ ਨੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਤੋਂ ਇਲਾਵਾ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਵਿਚ ਪੇਸ਼ੇਵਰ ਚੇਅਰਾਂ ਸਥਾਪਿਤ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ| ਐਂਡੋਮੈਂਟ ਫੰਡ ਤਹਿਤ ਹਰ ਸਾਲ ਯੂਨੀਵਰਸਿਟੀ ਵਿਚ ਪ੍ਰਸਿੱਧ ਬੁਲਾਰੇ ਨੂੰ ਬੁਲਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵਿਸ਼ੇਸ਼ ਭਾਸ਼ਣ ਕਰਵਾਇਆ ਜਾਵੇਗਾ| ਨਾਲ ਹੀ ਰਾਸ਼ਟਰੀ ਅੰਤਰਰਾਸ਼ਟਰੀ ਸਮਾਰੋਹਾਂ ਵਿਚ ਸ਼ਾਮਿਲ ਹੋਣ ਲਈ ਵਿਦਿਆਰਥੀਆਂ ਅਤੇ ਮਾਹਿਰਾਂ ਨੂੰ ਯਾਤਰਾ ਇਮਦਾਦ ਵੀ ਪ੍ਰਦਾਨ ਕੀਤੀ ਜਾਵੇਗੀ| ਜ਼ਿਕਰਯੋਗ ਹੈ ਕਿ ਡਾ. ਛੀਨਨ 1969 ਵਿਚ ਖੇਤੀ ਇੰਜਨੀਅਰਿੰਗ ਵਿਚ ਸੋਨ ਤਮਗਾ ਜੇਤੂ ਵਿਦਿਆਰਥੀ ਹਨ| ਜਿਨ੍ਹਾਂ ਨੇ ਅਮਰੀਕਾ ਦੀ ਜੋਰਜੀਆ ਯੂਨੀਵਰਸਿਟੀ ਵਿਚ ਪੋ੍ਰਫੈਸਰ ਐਮੀਰਿਟਸ ਦੀਆਂ ਸੇਵਾਵਾਂ ਸੰਭਾਲੀਆਂ ਹੋਈਆਂ ਹਨ| ਉਹ ਪੀ.ਏ.ਯੂ. ਦੇ ਵਿਜ਼ਟਿੰਗ ਪ੍ਰੋਫੈਸਰ ਵੀ ਹਨ| 1969 ਵਿਚ ਬੈਚਲਰ ਡਿਗਰੀ ਕਰਨ ਤੋਂ ਬਾਅਦ ਉਹ ਨੌਰਥ ਕੈਰੋਲੀਨਾ ਯੂਨੀਵਰਸਿਟੀ ਵਿੱਚ ਅਗਲੇਰੀ ਪੜਾਈ ਲਈ ਗਏ| ਜੋਰਜੀਆ ਯੂਨੀਵਰਸਿਟੀ ਵਿਚ ਭੋਜਨ ਇੰਜਨੀਅਰ ਵਜੋਂ 38 ਸਾਲ ਦੀ ਲੰਮੇਰੀ ਸੇਵਾ ਤੋਂ ਬਾਅਦ ਉਹ ਸੇਵਾ ਮੁਤਕ ਹੋਏ| ਪੂਰੀ ਦੁਨੀਆਂ ਵਿਚ ਉਹਨਾਂ ਨੂੰ ਖੋਜ ਅਤੇ ਪੇਸ਼ੇਵਰ ਮਾਹਿਰ ਵਜੋਂ ਜਾਣਿਆ ਜਾਂਦਾ ਹੈ| ਭੋਜਨ ਵਿਗਿਆਨ ਅਤੇ ਤਕਨਾਲੋਜੀ ਬਾਰੇ ਕੌਮਾਂਤਰੀ ਅਕਾਦਮੀ ਦੇ ਫੈਲੋ ਹੋਣ ਦਾ ਮਾਣ ਵੀ ਡਾ. ਮਨਜੀਤ ਸਿੰਘ ਛੀਨਨ ਨੂੰ ਹਾਸਲ ਹੈ| ਉਹਨਾਂ ਦੀ ਸੁਪਤਨੀ ਡਾ. ਲਤਾ ਮਹਾਜਨ ਛੀਨਨ ਹਾਕੀ ਦੇ ਸੁਪ੍ਰਸਿੱਧ ਖਿਡਾਰੀ ਰਹੇ ਜੋ ਵਿਸ਼ਵ ਕੱਪ ਵਿਚ ਭਾਗ ਲੈਣ ਵਾਲੀ ਔਰਤਾਂ ਦੀ ਪਹਿਲੀ ਟੀਮ ਦੇ ਪ੍ਰਤੀਨਿਧ ਸਨ|
