ਪੰਜਾਬੀ ਲੇਖਕ ਸਭਾ ਦੇ ਸਮਾਗਮ ਵਿੱਚ ਹੋਈ ਭਰਵੀਂ ਇਕੱਤਰਤਾ
ਚੰਡੀਗੜ੍ਹ 13 ਅਪ੍ਰੈਲ:(ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਉੱਘੇ ਗੀਤਕਾਰ ਅਤੇ ਸੀਨੀਅਰ ਪੱਤਰਕਾਰ ਸ਼ਮਸ਼ੇਰ ਸੰਧੂ ਨਾਲ ਰੂਬਰੂ ਸਮਾਗਮ ਰਚਾਇਆ। ਵੱਡੀ ਗਿਣਤੀ ਵਿੱਚ ਹਾਜ਼ਿਰ ਸਰੋਤਿਆਂ ਨੇ ‘ਯਾਰ ਬੋਲਦਾ’ ਨਾਮ ਤਹਿਤ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ, ਜਿਸ ਵਿੱਚ ਸ਼ਮਸ਼ੇਰ ਸੰਧੂ ਨਾਲ ਖੁਲ੍ਹੀਆਂ ਗੱਲਾਂ ਕਰਨ ਦੀ ਜ਼ਿੰਮੇਵਾਰੀ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰਸਿੱਧ ਖੇਡ ਲਿਖਾਰੀ ਅਤੇ ਡਿਪਟੀ ਡਾਇਰੈਕਟਰ (ਲੋਕ ਸੰਪਰਕ ਵਿਭਾਗ) ਨਵਦੀਪ ਗਿੱਲ ਨੇ ਨਿਭਾਈ। ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਪੰਜਾਬੀ ਗੀਤਕਾਰੀ ਵਿੱਚ ਸ਼ਮਸ਼ੇਰ ਸੰਧੂ ਦਾ ਨਾਮ ਉਸ ਸੁਚੱਜੀ ਲਿਖਤ ਦੀ ਨੁਮਾਇੰਦਗੀ ਕਰਦਾ ਹੈ, ਜਿਹੜੀ ਪਰਿਵਾਰ ਵਿੱਚ ਬਹਿ ਕੇ ਸੁਣੇ ਜਾਣ ਦੇ ਯੋਗ ਹੈ। ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਸ਼ਮਸ਼ੇਰ ਸੰਧੂ ਨੇ ਮਿਆਰੀ ਗੀਤਕਾਰੀ ਨਾਲ ਇਸ ਵਿਧਾ ਨੂੰ ਨਵੀਂ ਸੇਧ ਦਿੱਤੀ, ਜਿਸ ਨਾਲ ਸੁਰਜੀਤ ਬਿੰਦਰਖੀਆ ਅਤੇ ਸਤਵਿੰਦਰ ਬਿੱਟੀ ਸਣੇ ਕਈ ਗਾਇਕਾਂ ਨੇ ਬੇਹਤਰੀਨ ਕਾਮਯਾਬੀ ਹਾਸਿਲ ਕੀਤੀ। ਆਪਣੀ ਸੁਰੀਲੀ ਆਵਾਜ਼ ਵਿੱਚ ਸ਼ਮਸ਼ੇਰ ਸੰਧੂ ਦਾ ਗੀਤ ‘ਪੇਕੇ ਹੁੰਦੇ ਮਾਵਾਂ ਨਾਲ’ ਸੁਣਾ ਕੇ ਮਨਦੀਪ ਕੌਰ ਮਰਾੜ੍ਹ ਨੇ ਸਮਾਗਮ ਵਿੱਚ ਮੌਜੂਦ ਸਾਰੇ ਸਰੋਤਿਆਂ ਦੀ ਵਾਹ ਵਾਹ ਖੱਟੀ।

