ਤੜਪ ਰਿਹੈ ਸੌ ਸਾਲ ਤੋਂ ਮਗਰੋਂ, ਜੱਲ੍ਹਿਆਂ ਵਾਲਾ ਬਾਗ ਅਜੇ ਵੀ ।
ਡਾਇਰ ਤੇ ਓਡਵਾਇਰ ਰਲ ਕੇ, ਗਾਉਂਦੇ ਓਹੀ ਰਾਗ ਅਜੇ ਵੀ ।
ਆਜ਼ਾਦੀ ਦਾ ਮੁਕਤੀ ਮਾਰਗ, ਹਾਲੇ ਕਿੰਨੀ ਦੂਰ ਸਵੇਰਾ,
ਥਾਲੀ ਵਿੱਚ ਅਣਚੋਪੜੀਆਂ ਤੇ, ਨਾਲ ਅਲੂਣਾ ਸਾਗ ਅਜੇ ਵੀ ।
ਸਰਹੱਦਾਂ ਤੇ ਪਹਿਰੇਦਾਰੀ, ਕਰ ਕਰ ਹਾਰੇ ਕੁੱਲੀਆਂ ਢਾਰੇ,
ਸੋਗ ਸੁਨੇਹੇ ਫਿਰਨ ਬਨੇਰੇ, ਕੁਰਲਾਉਂਦਾ ਹੈ ਕਾਗ ਅਜੇ ਵੀ ।
ਸੁੱਤਿਆ ਲੋਕਾ ਤੇਰੀ ਗਠੜੀ, ਲੈ ਚੱਲੇ ਨੇ ਚੋਰ, ਮੁਸਾਫ਼ਿਰ,
ਘਰ ਨੂੰ ਸਾਂਭਣ ਖ਼ਾਤਿਰ ਤੈਨੂੰ, ਕਿਉਂ ਨਾ ਆਵੇ ਜਾਗ ਅਜੇ ਵੀ ।
ਧਰਮ ਖੇਤ ਦੇ ਅੰਦਰ ਦੱਬੀ, ਸਾਰੀ ਫ਼ਸਲ ਨਦੀਨਾਂ ਮਾਰੀ,
ਮਨ ਮੰਦਿਰ ਵਿੱਚ ਕੁਫ਼ਰ ਪਸਾਰਾ, ਕਹੀਏ ਸੁੱਤੇ ਭਾਗ ਅਜੇ ਵੀ ।
ਛੇ ਸਦੀਆਂ ਤੋਂ ਮਗਰੋਂ ਅੱਜ ਵੀ, ਮੇਰੀ ਕੁੱਲੀ ਓਸੇ ਥਾਂ ਤੇ,
ਜਿੱਥੇ ਛੱਡ ਕੇ ਗਿਆ ਕਬੀਰਾ, ਗਲ ਕਟੀਅਨ ਕੇ ਲਾਗ ਅਜੇ ਵੀ ।
ਧਨਵੰਤੇ ਪਤਵੰਤੇ ਬਣ ਗਏ, ਰੋਲਣ ਪੱਤ ਜ਼ਮੀਰਾਂ ਬਦਲੇ,
ਗੁਣਵੰਤੇ ਛੱਡ, ਬੇਕਦਰਾਂ ਹੱਥ, ਸਮਿਆਂ ਵਾਲੀ ਵਾਗ ਅਜੇ ਵੀ।
ਗੁਰਭਜਨ ਗਿੱਲ

