ਵਿਸਾਖ ਮਹੀਨਾ ਸੀ ,
ਹੋਇਆ ਇੱਕਠ ਵਿੱਚ ਪੁਰੀ ਅਨੰਦਾ।
ਦਸ਼ਮੇਸ਼ ਪਿਤਾ ਬੋਲੇ ,
ਕਰ ਦਿਓ ਸੀਸ ਭੇਟ ਕੋਈ ਬੰਦਾ।
ਉਨਾਂ ਰੋਹੀ ਬੋਲਾਂ ਨੇ,
ਕੱਚਿਆਂ ਤਾਈ ਭਾਜੜਾਂ ਪਾਈਆਂ।
ਅੱਜ ਦਿਵਸ ਖਾਲਸੇ ਦਾ ,
ਸੰਗਤੋ ਲੱਖ ਲੱਖ ਹੋਣ ਵਧਾਈਆਂ।
ਉਸ ਭਰੇ ਭੰਡਾਲ ਵਿੱਚੋਂ ,
ਭਾਈ ਦਇਆ ਰਾਮ ਜੀ ਬੋਲੇ।
ਮੇਰਾ ਸਭ ਕੁਝ ਹਾਜ਼ਰ ਹੈ ,
ਜੀਵਨ ਹੋ ਜਾਵਣ ਅਣਮੋਲੇ।
ਘਰ ਦਇਆ ਦੇ ਆ ਕੇ ਤੇ ,
ਦਇਆ ਨਾਲ ਸਾਂਝਾਂ ਸੀ ਪਾਈਆਂ,
ਅੱਜ ਦਿਵਸ ਖਾਲਸੇ ਦਾ ,
ਸੰਗਤੋ ਲੱਖ ਲੱਖ ਹੋਣ ਵਧਾਈਆਂ।
ਫਿਰ ਧਰਮ ਕਮਾਵਣ ਲਈ,
ਪਿਆਰੇ ਧਰਮ ਦਾਸ ਜੀ ਆਏ।
ਫਿਰ ਹਿੰਮਤ ਕਰਕੇ ਤੇ ,
ਮਗਰੇ ਉੱਠ ਪਏ ਹਿੰਮਤ ਰਾਏ।
ਉਹਨਾਂ ਸੀਸ ਭੇਟ ਕਰਕੇ ,
ਗੁਰੂਦੀਆਂ ਕਹੀਆਂ ਗੱਲਾਂ ਪੁਗਾਈਆ ।
ਹੋਇਆ ਜਨਮ ਖਾਲਸੇ ਦਾ ,
ਸੰਗਤੋ ਲੱਖ ਲੱਖ ਹੋਣ ਵਧਾਈਆਂ।
ਹੁਣ ਮੋਹਰੀ ਹੋ ਕੇ ਤੇ ,
ਮੋਹਕਮ ਚੰਦ ਮੁਖੋਂ ਫਰਮਾਏ।
ਕਰੋ ਜਨਮ ਸੁਹੇਲਾ ਜੀ ,
ਸਾਡੇ ਭਾਗ ਨੇ ਅੱਜ ਰੁਸਨਾਏ।
ਚਾਂਈ-ਚਾਂਈ ਉੱਠ ਕੇ ਤੇ ,
ਉਸਨੇ ਦਿਲ ਦੀਆਂ ਸਭ ਸੁਣਾਈਆਂ,
ਹੋਇਆ ਜਨਮ ਖਾਲਸੇ ਦਾ ,
ਸੰਗਤੋ ਲੱਖ ਲੱਖ ਹੋਣ ਵਧਾਈਆਂ।
ਚੰਦ ਰੋਸ਼ਨੀ ਪਾਵਣ ਲਈ ,
ਉੱਠੇ ਸਾਹਿਬ ਚੰਦ ਪਿਆਰੇ।
ਤੁਹਾਡਾ ਬਚਨ ਕਮਾਵਣ ਲਈ,
ਕਹਿੰਦੇ ਜਾਵਾਂ ਵਾਰੇ ਵਾਰੇ।
ਪੰਜਾਂ ਦੀ ਭੇਟਾਂ ਨੇ ,
ਰਾਹਾਂ ਸੱਚ ਦੀਆਂ ਮਹਿਕਾਈਆਂ।
ਹੋਇਆ ਜਨਮ ਖਾਲਸੇ ਦਾ,
ਸੰਗਤੋ ਲੱਖ ਲੱਖ ਹੋਣ ਵਧਾਈਆਂ।
ਖਾਲਸਾ ਰੂਪ ਗੁਰੂ ਦਾ ਹੈ ,
ਸੰਗਤੋਂ ਰੱਜ ਰੱਜ ਦਰਸ਼ਨ ਕਰਿਓ।
ਸ਼ਬਦ ਗੁਰੂ ਗ੍ਰੰਥ ਤੁਹਾਡਾ ,
ਇਸ ਗੱਲ ਨੂੰ ਮਨ ਵਿੱਚ ਧਰਿਓ।
ਕੰਵਲ ਰੌਸ਼ਨ ਹੋਣ ਲਈ ,
ਸਾਂਝਾ ਸ਼ਬਦ ਗੁਰੂ ਨਾਲ ਪਾਈਆਂ।
ਹੋਇਆ ਜਨਮ ਖਾਲਸੇ ਦਾ ,
ਸੰਗਤੋ ਲੱਖ ਲੱਖ ਹੋਣ ਵਧਾਈਆਂ।

ਡਾ. ਕੰਵਲਜੀਤ ਕੌਰ ਕੰਵਲ

