
ਕਿਸਾਨ ਮੇਲੇ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਆਪਣੀ ਹਾਜ਼ਰੀ ਲਵਾਈ।

ਲੁਧਿਆਣਾ 20 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਵਿਖੇ ਜਾਰੀ ਦੋ ਰੋਜ਼ਾ ਕਿਸਾਨ ਮੇਲਾ ਅੱਜ ਸਫਲਤਾ ਪੂਰਵਕ ਸੰਪੰਨ ਹੋ ਗਿਆ। ਕਿਸਾਨ ਮੇਲੇ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਆਪਣੀ ਹਾਜ਼ਰੀ ਲਵਾਈ। ਕਿਸਾਨ ਮੇਲੇ ਦੇ ਦੂਜੇ ਦਿਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੇਲੇ ਦੂਜੇ ਦਿਨ ਦੀ ਪ੍ਰਧਾਨਗੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ. ਸੁਖਜੀਤ ਪਾਲ ਸਿੰਘ, ਆਈ. ਏ. ਐਸ ਨੇ ਕੀਤੀ। ਇਸ ਤੋਂ ਇਲਾਵਾ ਸਮਾਰੋਹ ਵਿੱਚ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ, ਡਾ. ਦਵਿੰਦਰ ਸਿੰਘ ਚੀਮਾ ਅਤੇ ਇੰਜ: ਅਮਰਜੀਤ ਸਿੰਘ ਢਿੱਲੋਂ ਸਮੇਤ ਯੂਨੀਵਰਸਿਟੀ ਦੇ ਉੱਚ ਅਧਿਕਾਰੀ, ਡੀਨ ਡਾਇਰੈਕਟਰ, ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਵਿਦਿਆਰਥੀ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਕਿਸਾਨ ਮੌਜੂਦ ਰਹੇ।
ਮੁੱਖ ਮਹਿਮਾਨ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਕਿਹਾ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਿੱਚ ਪੀ.ਏ.ਯੂ ਦਾ ਮਿਸਾਲੀ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਵਿਗਿਆਨੀਆਂ ਦੀ ਸਾਂਝ ਸਦਕਾ ਹੀ ਪੀ.ਏ.ਯੂ ਨੇ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾ ਦੀ ਆਮਦਨ ਵਧਾਉਣ ਲਈ ਯੂਨੀਵਰਸਿਟੀ ਲਗਾਤਾਰ ਖੋਜ ਕਾਰਜਾਂ ਵਿੱਚ ਜੁਟੀ ਹੋਈ ਹੈ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਸਨੇਹਾ ਦਿੱਤਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਅਗਵਾਈ ਵਿੱਚ ਨਵੀਆਂ ਖੇਤੀ ਤਕਨੀਕਾਂ ਨੂੰ ਅਪਣਾ ਕੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਹੰਭਲਾ ਮਾਰਨ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਜੋ ਯੂਨੀਵਰਸਿਟੀ ਲਾਇਬਰੇਰੀ ਅਤੇ ਸੜਕਾਂ ਦੇ ਨਵੀਨੀਕਰਨ ਲਈ ਹਰ ਸੰਭਵ ਆਰਥਿਕ ਮਦਦ ਭਵਿੱਖ ਵਿੱਚ ਵੀ ਜਾਰੀ ਰਹੇਗੀ।
ਪੀ.ਏ.ਯੂ ਦੇ ਵਾਈਸ ਚਾਂਸਲਰ ਸ. ਸੁਖਜੀਤ ਪਾਲ ਸਿੰਘ, ਆਈ. ਏ. ਐਸ ਨੇ ਕਿਹਾ ਕਿ ਕਿਸਾਨ ਮੇਲਾ ਕਿਸਾਨਾਂ ਅਤੇ ਵਿਗਿਆਨੀਆਂ ਦੀ ਸਾਂਝ ਦਾ ਮੰਚ ਹੈ। ਉਨਾਂ ਕਿਸਾਨਾਂ ਨੂੰ ਮੇਲੇ ਤੋਂ ਨਵੇਂ ਵਿਚਾਰ ਲੈ ਕੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੇਲੇ ਦਾ ਉਦੇਸ਼ ‘ਵਿਗਿਆਨਕ ਢੰਗ ਅਪਣਾਓ, ਖੇਤੀ ਆਮਦਨ ਵਧਾਓ’ ਸਿਰਫ ਇੱਕ ਨਾਹਰਾ ਨਹੀਂ, ਇੱਕ ਦਿਸ਼ਾ ਹੈ। ਵਾਈਸ ਚਾਂਸਲਰ ਸ. ਸੁਖਜੀਤ ਪਾਲ ਸਿੰਘ, ਆਈ. ਏ. ਐਸ ਨੇ ਕਿਹਾ ਆਮਦਨ ਵਧਾਉਣ ਲਈ ਬੀਜਾਂ ਦੀਆਂ ਨਵੀਆਂ ਕਿਸਮਾਂ ਹੀ ਸਮੱਸਿਆ ਦਾ ਹੱਲ ਨਹੀਂ ਹੈ; ਨਵੀਂ ਕਿਸਮ, ਸਮਾਂ, ਤਕਨੀਕ, ਇਨਪੁੱਟ ਅਤੇ ਮੰਡੀਕਰਨ ਮਿਲ ਕੇ ਹੀ ਖੇਤੀ ਨੂੰ ਹੋਰ ਵਧੇਰੇ ਲਾਹੇਵੰਦ ਬਣਾ ਸਕਦੇ ਹਨ। ਕੁਦਰਤੀ ਸਰੋਤਾਂ ਦੀ ਸੰਭਾਲ ਦਾ ਜਿਕਰ ਕਰਦਿਆਂ ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਪਾਣੀ ਸਭ ਤੋਂ ਵੱਡੀ ਪੂੰਜੀ ਹੈ। ਪਾਣੀ ਦੀ ਸੰਭਾਲ ਨਾਲ ਹੀ ਖੇਤੀ ਜੁੜੀ ਹੋਈ ਹੈ। ਕਿਸਾਨਾਂ ਨੂੰ ਵੱਧ ਪਾਣੀ ਦੀ ਵਰਤੋਂ ਦੀ ਬਜਾਏ ਵੱਧ ਝਾੜ ਉਪਰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਮੁੱਖ ਫਸਲਾਂ ਕਣਕ-ਝੋਨੇ ਦਾ ਨਾਲ-ਨਾਲ ਸਹਾਇਕ ਧੰਦੇ ਅਪਨਾਉਣ ਦੀ ਲੋੜ ‘ਤੇ ਜੋਰ ਦਿੱਤਾ। ਉਨ੍ਹਾਂ ਸਵੈ ਮੰਡੀਕਰਨ ਨਾਲ ਜੁੜੇ ਕਿਸਾਨਾਂ ਅਤੇ ਸਵੈ ਸੇਵੀ ਸਮੂਹਾਂ ਦੀ ਮਿਸਾਲ ਦਿੰਦਿਆਂ ਕਿਸਾਨਾਂ ਨੂੰ ਬਿਨ੍ਹਾਂ ਸੰਕੋਚ ਜਾਂ ਸ਼ਰਮ ਤੋਂ ਆਪਣੀ ਜਿਣਸ ਦੀ ਵਿਕਰੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿਣਸ ਨੂੰ ਖੇਤ ਤੋਂ ਖੇਤੀ ਉਤਪਾਦ ਬਣਾ ਕੇ ਬਾਜ਼ਾਰ ਤੱਕ ਲੈ ਕੇ ਜਾਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਸਾਨ ਬੀਬੀਆਂ ਨੂੰ ਵੀ ਡੇਅਰੀ ਅਤੇ ਬੇਕਰੀ ਵਰਗੇ ਧੰਦਿਆਂ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਪੀ.ਏ.ਯੂ ਦੇ ਵਿਗਿਆਨੀ ਬੀਜਾਂ ਦੀ ਖੇਤਾਂ ਵਿੱਚ ਪਰਖ ਕਰਕੇ ਹੀ ਮੇਲਿਆਂ ਰਾਹੀਂ ਕਿਸਾਨਾਂ ਤੱਕ ਲੇ ਕੇ ਜਾਂਦੇ ਹਨ। ਡਾ. ਢੱਟ ਨੇ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਵਿਸਥਾਰ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਫਸਲਾਂ ਦੇ ਵਧੇ ਝਾੜ ਪੀ.ਏ.ਯੂ ਦੇ ਵਿਗਿਆਨੀਆਂ ਦੀ ਖੋਜ, ਕਿਸਾਨਾਂ ਦੀ ਮਿਹਨਤ ਅਤੇ ਸਰਕਾਰ ਦੀਆਂ ਚੰਗੀਆਂ ਨੀਤੀਆਂ ਦੇ ਸੁਮੇਲ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਵੱਧ ਪੈਦਾਵਾਰ ਦੇ ਨਾਲ ਗੁਣਵੱਤਾ ‘ਤੇ ਵੀ ਖਾਸ ਧਿਆਨ ਦੇਣ ਦੀ ਲੋੜ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਹੁਣ ਤਕ 995 ਕਿਸਮਾਂ ਤਿਆਰ ਕਰਕੇ ਕਾਸ਼ਤ ਲਈ ਸਿਫਾਰਸ਼ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 250 ਤੋਂ ਵਧੇਰੇ ਕਿਸਮਾਂ ਨੂੰ ਰਾਸ਼ਟਰੀ ਪੱਧਰ ‘ਤੇ ਪ੍ਰਵਾਨਗੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਵੱਲੋਂ ਪੈਦਾ ਕੀਤੀਆਂ ਕਿਸਮਾਂ ਕੇਵਲ ਪੰਜਾਬ ਦੇ ਕਿਸਾਨ ਹੀ ਭਾਰਤ ਦੇ ਦੂਜੇ ਸੂਬਿਆਂ ਦੇ ਕਿਸਾਨ ਵੀ ਵਰਤਦੇ ਹਨ। ਡਾ. ਢੱਟ ਨੇ ਪੀ.ਏ.ਯੂ. ਵੱਲੋਂ ਪੈਦਾ ਕੀਤੀ ਕਣਕ ਦੀ ਕਿਸਮ ਪੀ.ਬੀ.ਡਬਲਯੂ 826 ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੁਲ 45 ਪ੍ਰਤੀਸ਼ਤ ਕਰਬੇ ਹੇਠ ਕਣਕ ਦੀ ਇਸ ਕਿਸਮ ਦੀ ਬਿਜਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੀ.ਏ.ਯੂ. ਵੱਲੋਂ ਇਸ ਸਾਲ ਕਣਕ ਦੀ ਬਿਜਾਈ ਲਈ ਸਿਫਾਰਸ਼ ਕੀਤੀ ਪੀ.ਬੀ.ਡਬਲਯੂ. 887 ਕਿਸਮ ਦਾ ਝਾੜ ਪੀ.ਬੀ.ਡਬਲਯੂ 826 ਨਾਲੋਂ ਵੀ ਵਧੇਰੇ ਹੈ। ਉਨ੍ਹਾਂ ਪਿਛਲੇ ਛੇ ਮਹੀਨਿਆਂ ਦੌਰਾਨ ਤਿਆਰ ਕੀਤੀਆਂ ਨਵੀਂਆਂ ਸਿਫਾਰਸ਼ੀ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਉਪਾਆਂ ਅਤੇ ਹੋਰ ਖੇਤੀ ਸਿਫਾਰਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚ ਕਣਕ ਦੀਆਂ ਪੀ.ਬੀ.ਡਬਲਯੂ. 887 ਅਤੇ ਪੀ.ਬੀ.ਡਬਲਯੂ. 927, ਮਸਰ ਦੀ ਐੱਲ.ਐੱਲ. 1613, ਸਰ੍ਹੋਂ ਦੀਆਂ ਪੰਜਾਬ ਰਾਇਆ ਕਨੋਲਾ-7 ਅਤੇ ਪੰਜਾਬ ਰਾਇਆ 813, ਹਾੜ੍ ਬਰਸੀਮ ਦੀ ਬੀ.ਐੱਲ. 45, ਮਟਰ ਦੀ ਅਗੇਤਾ 8, ਆਲੂ, ਪਿਆਜ਼ ਅਤੇ ਲਸਣ ਦੀਆਂ ਨਵੀਆਂ ਕਿਸਮਾਂ, ਖਰਬੂਜ਼ੇ ਦੀ ਪੰਜਾਬ ਅੰਮ੍ਰਿਤ ਆਦਿ ਸ਼ਾਮਲ ਹਨ। ਉਨ੍ਹਾਂ ਨੇ ਇਹਨਾਂ ਕਿਸਮਾਂ ਦੇ ਗੁਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਇਨ੍ਹਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਇਸਦੇ ਨਾਲ ਹੀ ਉਨ੍ਹਾਂ ਉਤਪਾਦਨ ਤਕਨੀਕਾਂ ਵਿੱਚ ਫੋਨ ਨਾਲ ਸਿੰਚਾਈ ਸੈਂਸਰ ਜੋੜਨ, ਮੂੰਗੀ ਵਿੱਚ ਨੀਲੇ ਚਿਪਕਵੇਂ ਕਾਰਡਾਂ ਦੀ ਵਰਤੋਂ, ਗੁੱਲੀ ਡੰਡੇ ਦੀ ਰੋਕਥਾਮ, ਸੂਖਮ ਸਿੰਚਾਈ, ਗੋਭੀ ਸਰ੍ਹੋਂ ਅਤੇ ਤੋਰੀਆ ਦੀ ਅੰਤਰਫ਼ਸਲੀ ਕਾਸ਼ਤ, ਅਤੇ ਪਸ਼ੂਆਂ ਲਈ ਫ਼ਸਲੀ ਅਚਾਰ ਬਣਾਉਣ ਵਾਸਤੇ ਲੈਕਟਿਕ ਐਸਿਡ ਬੈਕਟੀਰੀਆ ਜਾਗ ਦੀ ਤਕਨਾਲੋਜੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਪਾਣੀ ਦੀ ਬਚਤ ਲਈ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਪਣਾਉਣ ਦੀ ਅਪੀਲ ਕੀਤੀ ਅਤੇ ਪਰਾਲੀ ਦੀ ਸੰਭਾਲ ਹਰ ਹਾਲਤ ਵਿੱਚ ਖੇਤ ਵਿੱਚ ਹੀ ਕਰਨ ‘ਤੇ ਜ਼ੋਰ ਦਿੱਤਾ।
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੀ.ਏ.ਯੂ. ਸਾਲ 1967 ਤੋਂ ਹਾੜੀ ਅਤੇ ਸਾਉਣੀ ਦੇ ਮੇਲੇ ਲਗਾਉਂਦੀ ਆ ਰਹੀ ਹੈ। ਇਨ੍ਹਾਂ ਮੇਲਿਆਂ ਵਿੱਚ ਕਿਸਾਨਾਂ ਦੀ ਵੱਧਦੀ ਗਿਣਤੀ ਕਿਸਾਨਾਂ ਦਾ ਪੀ.ਏ.ਯੂ ਦੀਆਂ ਖੇਤੀ ਖੋਜਾਂ ਪ੍ਰਤੀ ਵੱਧਦੇ ਵਿਸਵਾਸ਼ ਦਾ ਪ੍ਰਤੀਕ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਆਪਣੀਆਂ ਖੇਤੀ ਸਮੱਸਿਆਵਾਂ ਖੇਤੀ ਮਾਹਰਾਂ ਨਾਲ ਸਾਂਝੀਆਂ ਕਰਨ ਤਾਂ ਜੋ ਯੂਨੀਵਰਸਿਟੀ ਉਨ੍ਹਾਂ ਸਮੱਸਿਆਵਾਂ ਉਪਰ ਯੂਨੀਵਰਸਿਟੀ ਖੋਜ ਕਰ ਸਕੇ। ਉਨ੍ਹਾਂ ਦੱਸਿਆ ਕਿ ਪੀ.ਏ.ਯੂ. ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਸਿਖਲਾਈ ਲੈ ਕਿ 100 ਤੋਂ ਵੱਧ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੇ ਸਟਾਲਾਂ ਲਗਾਈਆਂ ਹਨ।
ਇਸ ਮੌਕੇ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ.ਦਵਿੰਦਰ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਫਸਲਾਂ ਦੇ ਝਾੜ ਦੇ ਨਾਲ-ਨਾਲ ਗੁਣਵੱਤਾ ਵਧਾਉਣ ਦੀ ਅਪੀਲ ਕੀਤੀ।
ਸਮਾਗਮ ਦਾ ਸੰਚਾਲਨ ਡਾ. ਤੇਜਿੰਦਰ ਸਿੰਘ ਰਿਆੜ ਅਪਰ ਨਿਰਦੇਸ਼ਕ ਸੰਚਾਰ ਪੀ.ਏ.ਯੂ ਨੇ ਕੀਤਾ। ਉਨ੍ਹਾਂ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣਨ, ਖੇਤੀ ਸੰਬੰਧਿਤ ਵਿਗਿਆਨਕ ਅਤੇ ਪ੍ਰਮਾਣਿਕ ਜਾਣਕਾਰੀ ਲਈ ਪੀ.ਏ.ਯੂ. ਦੇ ਖੇਤੀ ਸਾਹਿਤ ਖਰੀਦਣ ਦੀ ਅਪੀਲ ਕੀਤੀ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਕਹੇ ।
ਪੰਜਾਬ ਦੇ ਲੋਕ ਕਲਾਕਾਰਾਂ ਜਸਵਿੰਦਰ ਬਰਾੜ ਅਤੇ ਮੱਖਣ ਲੁਹਾਰ ਨੇ ਹਾਜ਼ਰ ਕਿਸਾਨਾਂ ਦਾ ਮਨੋਰੰਜਨ ਕੀਤਾ ।
ਕਿਸਾਨਾਂ ਨੇ ਯੂਨੀਵਰਸਿਟੀ ਦੇ ਕਈ ਕਿਸਮਾਂ ਦੇ ਬੀਜਾਂ, ਫਲਦਾਰ ਬੂਟਿਆਂ, ਸਬਜੀਆਂ-ਤੇਲਬੀਜਾਂ-ਚਾਰਿਆਂ ਦੀਆਂ ਕਿੱਟਾਂ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਖੇਤੀ ਸਾਹਿਤ ਦੀ ਖਰੀਦਦਾਰੀ ਕੀਤੀ।
