ਰੰਗ ਬਰੰਗੇ ਵਸਤਰ ਨੇ ਪਰ ਜ਼ਿੰਦਗੀ ਕਿਉਂ ਬਦਰੰਗ ਵੇ ਲੋਕਾ ।
ਚਾਵਾਂ ਨੂੰ ਦੱਸ ਕੌਣ ਮਸਲਦਾ, ਕਰਦਾ ਖੱਜਲ ਤੰਗ ਵੇ ਲੋਕਾ ।
ਹਰ ਸੱਸੀ ਦੇ ਪੈਰਾਂ ਥੱਲੇ ਅੱਜ ਵੀ ਤਪਦੀ ਰੇਤ ਥਲਾਂ ਦੀ,
ਰਾਂਝੇ ਦੀ ਥਾਂ ਹੀਰ ਦੇ ਲੇਖੀਂ, ਹਰ ਥਾਂ ਖੇੜੇ ਝੰਗ ਵੇ ਲੋਕਾ ।
ਸਾਡੇ ਕੋਲੋਂ ਸੱਤਿਆ ਲੈ ਕੇ ਸਾਨੂੰ ਆਣ ਸਤਾਉਂਦੇ ਕਿਉਂ ਨੇ,
ਕੌਣ ਕਹੇਗਾ ਤਾਜ – ਤਖ਼ਤ ਨੂੰ ਇਹ ਕਿੱਧਰਲਾ ਢੰਗ ਵੇ ਲੋਕਾ ।
ਸੱਪ ਦੀ ਜੂਨ ਪਏ ਨੇ ਬੰਦੇ ਰੀਂਘ ਰਹੇ ਵੀ ਜ਼ਹਿਰਾਂ ਸੁੱਟਣ,
ਨਾਗ ਪਟਾਰੀ ਵਿੱਚੋਂ ਨਿਕਲੇ ਮਾਰਨ ਸਾਨੂੰ ਡੰਗ ਵੇ ਲੋਕਾ ।
ਜਿੰਨੀ ਪੂੰਜੀ ਜਿਸਮ ਦੇ ਅੰਦਰ ਤੁਪਕਾ ਤੁਪਕਾ ਅਰਪਨ ਕੀਤੀ,
ਰੱਤੀ ਰੱਤ ਬਚੀ ਨਾ ਪਿੱਛੇ ਹੋਰ ਨਾ ਸਾਥੋਂ ਮੰਗ ਵੇ ਲੋਕਾ ।
ਮੇਰੇ ਮਨ ਦੇ ਅੰਦਰ ਜਿਹੜੇ ਵੈਰੀ ਭੇਸ ਬਦਲ ਕੇ ਫਿਰਦੇ,
ਸਭ ਤੋਂ ਪਹਿਲਾਂ ਭੇਖਧਾਰੀਆਂ ਨਾਲ ਕਰਾਂਗੇ ਜੰਗ ਵੇ ਲੋਕਾ ।
ਸੁਰਖ਼ ਬੂਟੀਆਂ ਵਾਹੀ ਜਾਂਦੇ, ਜ਼ਿੰਦਗੀ ਪੈਰੀਂ ਕੱਚ ਦੇ ਟੋਟੇ,
ਟੁਕੜੇ ਚੁਗਣ ਆਸਾਨ ਨਹੀਂ ਜਦ, ਤਿੜਕੇ ਵੀਣੀਉਂ ਵੰਗ ਵੇ ਲੋਕਾ ।
▪️ਗੁਰਭਜਨ ਗਿੱਲ